ਦੁੱਖਭੰਜਨ ਰੰਧਾਵਾ
0351920036369
ਤੇਰੇ ਸਾਹੀਂ ਲਵਾਂ ਸਾਹ,
ਤੇ ਤੇਰੇ ਪਿੰਡ ਵੱਲ ਮੂੰਹ |
ਤੇਰੇ ਵਿੱਚ ਮੇਰਾ ਵਾਸਾ,
ਤੇ ਤੇਰੇ ਵਿੱਚ ਮੇਰੀ ਰੂਹ |
ਨੀ ਤੇਰੇ ਪਿੰਡ ਵਿੱਚ ਜਿਹੜੀ,
ਰੋਜ਼ ਵਗਦੀ ਹਵਾ |
ਮੈਨੂੰ ਛੂਹ ਕੇ ਜੇ ਲੰਘੇ ਲੱਗੇ,
ਮਿਲ ਗਈ ਦੁਆ |
ਤੇਰੀ ਹਾਂ ਦੇ ਵਿੱਚ ਹਾਂ,
ਤੇ ਤੇਰੀ ਹੂੰ ਦੇ ਵਿੱਚ ਹੂੰ |
ਤੇਰੇ ਵਿੱਚ ਮੇਰਾ ਵਾਸਾ,
ਤੇ ਤੇਰੇ ਵਿੱਚ ਮੇਰੀ ਰੂਹ |
ਚੰਨ ਨੂੰ ਵੀ ਆਖੋ ਨਾ ਕਰੇ,
ਸਾਰਿਆਂ ਦੀ ਗੱਲ |
ਸਹਿ ਸਕਦੈ ਤਾਂ ਸਹੇ ਟੁੱਟੇ,
ਤਾਰਿਆਂ ਦੀ ਗੱਲ |
ਜੁਦਾਈਆਂ ਦੀ ਹਵਾ,
ਵਗੇ ਕੋਲੋਂ ਛੂੰ-ਛੂੰ |
ਤੇਰੇ ਵਿੱਚ ਮੇਰਾ ਵਾਸਾ,
ਤੇ ਤੇਰੇ ਵਿੱਚ ਮੇਰੀ ਰੂਹ |
ਕਿੰਨੇ ਦੁੱਖ ਮੈਨੂੰ ਦਿੱਤਾ,
ਕਿੰਨੇਂ ਕੀਲ ਸੁੱਟੇ ਰਾਹ |
ਕਿੰਨੇ ਲਾ ਕੇ ਅੱਗ ਦੱਸੀਂ,
ਸਾਹ ਮੇਰੇ ਕਰਤੇ ਸਵਾਹ |
ਮੁੜ ਪੀੜਾਂ ਦੇ ਸਿਰ,
ਸਰਕੀ ਨਾ ਜੂੰ |
ਤੇਰੇ ਵਿੱਚ ਮੇਰਾ ਵਾਸਾ,
ਤੇ ਤੇਰੇ ਵਿੱਚ ਮੇਰੀ ਰੂਹ |
ਕਦੇ ਮੁੱਕਣ ਨਾ ਦਿਆਂ ਆਪਣੇਂ,
ਪਿਆਰ ਦੀ ਕਹਾਣੀ |
ਸ਼ਾਲਾ ਜੁਗ-ਜੁਗ ਜੀਵੇ ਮੇਰੇ,
ਸੁਪਨਿਆਂ ਦੀ ਰਾਣੀ |
ਦੁੱਖਭੰਜਨ ਲਈ ਕੱਤਿਆ ਉਹ,
ਤਾਜ਼ਾ-ਤਾਜ਼ਾ ਰੂੰ |
ਤੇਰੇ ਵਿੱਚ ਮੇਰਾ ਵਾਸਾ,
ਤੇ ਤੇਰੇ ਵਿੱਚ ਮੇਰੀ ਰੂਹ |