
ਅਸ਼ੋਕ ਵਰਮਾ
ਬਠਿੰਡਾ,26ਜੁਲਾਈ। ਸ਼ਹੀਦਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਦੇ ਦਾਅਵਿਆਂ ਤੇ ਵਾਅਦਿਆ ਦੇ ਬਾਵਜੂਦ ਕਾਰਗਿਲ ਜੰਗ ਦੌਰਾਨ ‘ਅਪਰੇਸ਼ਨ ਵਿਜੇ’ ਦੇ ਪਹਿਲੇ ‘ਸ਼ਹੀਦ ਸਕੁਐਡਰਨ ਲੀਡਰ ਅਜੇ ਆਹੂਜਾ’ ਦਾ ਬੁੱਤ 21 ਵਰਿਆਂ ਮਗਰੋਂ ਵੀ ਨਹੀਂ ਲੱਗ ਸਕਿਆ ਹੈ। ਦੁਖਦਾਈ ਪਹਿਲੂ ਹੈ ਕਿ ਇਸ ਕੰਮ ਲਈ ਪੰਜਾਬ ਸਰਕਾਰ ਦੇ ਬੋਝੇ ਚੋਂ ਸਿਰਫ਼ ਤਿੰਨ ਲੱਖ ਰੁਪਏ ਨਹੀਂ ਨਿੱਕਲ ਸਕੇ ਹਨ। ਜਦੋਂ ਬੁੱਤ ਤਿਆਰ ਕਰਨ ਵਾਲੀ ਕੰਪਨੀ ਨੂੰ ਪੈਸੇ ਨਾਂ ਮਿਲੇ ਤਾਂ ਉਸ ਨੇ ਬੁੱਤ ਤਿਆਰ ਕਰਨ ਤੋਂ ਨਾਂਹ ਕਰ ਦਿੱਤੀ ਸੀ। ਹੁਣ ਤਾਂ ਇਹ ਹਾਲ ਹੈ ਕਿ ਸਰਕਾਰੀ ਪੱਧਰ ਤੇ ਸ਼ਹੀਦ ਅਜੇ ਆਹੂਜਾ ਨੂੰ ਪੂਰੀ ਤਰਾਂ ਵਿਸਾਰ ਹੀ ਦਿੱਤਾ ਗਿਆ ਹੈ। ਅੱਜ ਵੀ ਬਠਿੰਡਾ ਪ੍ਰਸ਼ਾਸ਼ਨ ਵੱਲੋਂ ਕਾਰਗਿਲ ਦੇ ਸ਼ਹੀਦਾਂ ਦੀ ਸ਼ਾਨ ’ਚ ਇੱਕ ਪ੍ਰੈਸ ਨੋਟ ਤੱਕ ਜਾਰੀ ਨਹੀਂ ਕੀਤਾ ਗਿਆ ਹੈ ਕਰੋਨਾ ਕਾਰਨ ਸਮਾਗਮ ਹੋਣਾ ਤਾਂ ਸੰਭਵ ਹੀ ਨਹੀਂ ਹੈ।
ਦੱਸਣਯੋਗ ਹੈ ਕਿ ਅਜੇ ਆਹੂਜਾ ਦੀ ਤਾਇਨਾਤੀ ਬਠਿੰਡਾ ਦੇ ਭਿਸੀਆਣਾ ਹਵਾਈ ਅੱਡੇ ਵਿੱਚ ਸੀ । ਕਾਰਗਿੱਲ ਦੀ ਜੰਗ ਦੇ ਚੱਲਦਿਆਂ 27 ਮਈ 1999 ਨੂੰ ਉਹ ਕਸ਼ਮੀਰ ਵਿੱਚ ਕੰਟਰੋਲ ਰੇਖਾ ’ਤੇ ਪਾਕਿਸਤਾਨ ਵੱਲੋਂ ਸੁੱਟੀ ਮਿਜ਼ਾਇਲ ਦੇ ਹਮਲੇ ’ਚ ਮਾਰਿਆ ਗਿਆ ਸੀ। ਬਠਿੰਡਾ ਵਿੱਚ ਸ਼ਹੀਦ ਦਾ ਅੰਤਮ ਸਸਕਾਰ ਵੀ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸੀ । ਸੂਤਰਾਂ ਮੁਤਾਬਕ ਰੈੱਡ ਕਰਾਸ ਸੁਸਾਇਟੀ ਬਠਿੰਡਾ ਨੇ ਉਸ ਸਮੇਂ ਨਗਰ ਕੌਂਸਲ ਬਠਿੰਡਾ ਦੇ ਇੱਕ ਅਧਿਕਾਰੀ ਰਾਹੀਂ ਦਿੱਲੀ ਦੀ ਇੱਕ ਫਰਮ ਨੂੰ ਬੁੱਤ ਤਿਆਰ ਕਰਨ ਵਾਸਤੇ 50 ਹਜ਼ਾਰ ਰੁਪਏ ਦਿੱਤੇ ਸਨ। ਪਤਾ ਲੱਗਿਆ ਹੈ ਕਿ ਡਰਾਫਟ ਮਿਲਣ ਮਗਰੋਂ ਦਿੱਲੀ ਦੀ ਫਰਮ ਨੇ ਬੁੱਤ ਦਾ ਪੈਟਰਨ ਤਿਆਰ ਕਰ ਕੇ ਆਹੂਜਾ ਪਰਿਵਾਰ ਨੂੰ ਦਿਖਾ ਦਿੱਤਾ ਸੀ।
ਉਸ ਮਗਰੋਂ ਬੁੱਤ ਤਿਆਰ ਕਰਨ ਵਾਸਤੇ ਤਿੰਨ ਲੱਖ ਦੇ ਫੰਡ ਹੋਰ ਲੋੜੀਂਦੇ ਸਨ ਜੋ ਮਿਲ ਨਾ ਸਕੇ ਅਤੇ ਬੁੱਤ ਦਾ ਕੰਮ ਅਧਵਾਟੇ ਲਟਕ ਗਿਆ। ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ ਨੇ ਬੁੱਤ ਵਾਸਤੇ ਤਿੰਨ ਲੱਖ ਰੁਪਏ ਹੋਰ ਦੇਣ ਦੀ ਥਾਂ ਰੈੱਡ ਕਰਾਸ ਤੋਂ ਲਏ 50 ਹਜ਼ਾਰ ਰੁਪਏ ਵਾਪਸ ਕਰ ਦਿੱਤੇ ਸਨ ਪਰ ਮਾਮਲਾ ਪੁਰਾਣਾ ਹੋਣ ਕਰਕੇ ਇਸ ਰਾਸ਼ੀ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਜਾਣਕਾਰੀ ਅਨੁਸਾਰ ਅਜੇ ਆਹੂਜਾ ਦੀ ਪਤਨੀ ਅਲਕਾ ਆਹੂਜਾ ਨੂੰ ਕੇਂਦਰ ਸਰਕਾਰ ਵੱਲੋਂ ਪੈਟਰੋਲ ਪੰਪ ਜਾਰੀ ਕਰ ਦਿੱਤਾ ਗਿਆ ਸੀ । ਦੱਸਦੇ ਹਨ ਕਿ ਦਿੱਲੀ ਵਿੱਚ ਇਕ ਪਾਰਕ ਦਾ ਨਾਮ ਵੀ ਸ਼ਹੀਦ ਦੇ ਨਾਮ ‘ਤੇ ਰੱਖਿਆ ਗਿਆ ਹੈ। ਆਹੂਜਾ ਪਰਿਵਾਰ ਦਾ ਨੰਬਰ ਨਾ ਮਿਲਣ ਕਰ ਕੇ ਸੰਪਰਕ ਨਹੀਂ ਕੀਤਾ ਜਾ ਸਕਿਆ ਹੈ ।
ਸੈਨਿਕ ਭਲਾਈ ਵਿਭਾਗ ਨੇ ਵੀ ਬੁੱਤ ਲਈ ਕੋਈ ਰਾਸ਼ੀ ਜਾਰੀ ਨਹੀਂ ਜਾਰੀ ਕੀਤੀ ਹੈ । ਅੱਜ ਐਤਵਾਰ ਹੋਣ ਕਰਕੇ ਸੈਨਿਕ ਭਲਾਈ ਵਿਭਾਗ ਬਠਿੰਡਾ ਦੇ ਦਫਤਰ ’ਚ ਵੀ ਕੋਈ ਅਧਿਕਾਰੀ ਨਹੀਂ ਮਿਲ ਸਕਿਆ। ਉਂਜ ਇੱਕ ਸੇਵਾਮੁਕਤ ਅਧਿਕਾਰੀ ਨੇ ਦੱਸਿਆ ਕਿ ਅਜਿਹੇ ਮਾਮਲੇ ’ਚ ਸੈਨਿਕ ਭਲਾਈ ਵਿਭਾਗ ਦੀ ਕੋਈ ਭੂਮਿਕਾ ਨਹੀਂ ਹੁੰਦੀ ਹੈ। ਸੂਤਰ ਆਖਦੇ ਹਨ ਕਿ ਨਿਯਮਾਂ ਅਨੁਸਾਰ ਸੈਨਿਕ ਭਲਾਈ ਵਿਭਾਗ ਸਿਰਫ਼ ਪਰਮਵੀਰ ਚੱਕਰ ਵਿਜੇਤਾ ਦੇ ਬੁੱਤ ਲਈ ਰਾਸ਼ੀ ਜਾਰੀ ਕਰ ਸਕਦਾ ਹੈ ।
ਕਪਤਾਨੀ ਵਾਅਦਾ ਵੀ ਨਹੀਂ ਤੋੜ ਚੜਿਆ
ਲੰਘੀਆਂ ਵਿਧਾਨ ਸਭਾ ਚੋਣਾਂ ਮੌਕੇ ਚੋਣ ਪ੍ਰਚਾਰ ਲਈ ਬਠਿੰਡਾ ਆਏ ਕੈਪਟਨ ਅਮਰਿੰਦਰ ਸਿੰਘ ਨੇ ਫੌਜੀ ਚੌਂਕ ’ਚ ਸ਼ਹੀਦ ਸੂਬੇਦਾਰ ਨੰਦ ਸਿੰਘ ਦੇ ਬੱੁਤ ਦੀ ਮੰਦੀ ਹਾਲਤ ਨੂੰ ਦੇਖਦਿਆਂ ਸਫਾਈ ਕਰਕੇ ਆਖਿਆ ਸੀ ਕਿ ਜੇਕਰ ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣੀ ਹੈ ਤਾਂ ਸ਼ਹੀਦਾਂ ਦੀਆਂ ਯਾਦਗਾਰਾਂ ਦੀ ਸੰਭਾਲ ਕੀਤੀ ਜਾਏਗੀ। ਉਸ ਮਗਰੋਂ ਸ਼ਹੀਦ ਅਜੇ ਅਹੂਜਾ ਦੀ ਯਾਦ ’ਚ ਬੁੱਤ ਲੱਗਣ ਦੀ ਆਸ ਬਣੀ ਸੀ ਪਰ ਹੋਰ ਵਾਅਦਿਆਂ ਦੀ ਤਰਾਂ ਇਹ ਵਾਅਦਾ ਵੀ ਸਿਆਸਤ ਦੀ ਭੇਂਟ ਚੜ ਗਿਆ ਹੈ। ਉਂਜ ਰਾਹਤ ਇਹੋ ਰਹੀ ਕਿ ਭਾਰਤੀ ਫੌਜ ਨੇ ਫੌਜੀ ਚੌਂਕ ਨੂੰ ਸਜਾ ਸੰਵਾਰ ਦਿੱਤਾ ਹੈ।
ਤੱਤਕਾਲੀ ਮੁੱਖ ਮੰਤਰੀ ਨੇ ਕੀਤਾ ਸੀ ਐਲਾਨ
ਕਾਰਗਿਲ ਜੰਗ ਦੌਰਾਨ ਅਪਰੇਸ਼ਨ ਵਿਜੈ ਦੇ ਪਹਿਲੇ ਸ਼ਹੀਦ ਸਕੁਐਡਰਨ ਲੀਡਰ ਅਜੈ ਆਹੂਜਾ ਦਾ ਬੁੱਤ ਲਾਉਣ ਦਾ ਐਲਾਨ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਠਿੰਡਾ ਵਿੱਚ ਕੀਤਾ ਸੀ। ਦੱਸਿਆ ਜਾਂਦਾ ਹੈ ਕਿ ਉਦੋਂ ਮੁੱਖ ਮੰਤਰੀ ਨੇ ਰੈੱਡ ਕਰਾਸ ਨੂੰ ਬੁੱਤ ਵਾਸਤੇ ਰਾਸ਼ੀ ਦੇਣ ਦੇ ਜ਼ਬਾਨੀ ਹੁਕਮ ਕੀਤੇ ਸਨ ਪਰ ਬਾਅਦ ’ਚ ਮਸਲਾ ਕਿਸੇ ਸਿਰੇ ਨਾਂ ਲੱਗ ਸਕਿਆ।
ਮਾਮਲਾ ਕਾਫੀ ਪੁਰਾਣਾ:ਸਕੱਤਰ
ਰੈੱਡ ਕਰਾਸ ਬਠਿੰਡਾ ਦੇ ਸਕੱਤਰ ਦਰਸ਼ਨ ਕੁਮਾਰ ਨੇ ਇਸ ਸਬੰਧੀ ਅਨਜਾਣਤਾ ਜਤਾਈ ਹੈ। ਉਨਾਂ ਆਖਿਆ ਕਿ ਇਹ ਮਾਮਲਾ ਕਾਫੀ ਪੁਰਾਣਾ ਹੈ ਅਤੇ ਰੈਡ ਕਰਾਸ ਨੂੰ ਕੋਈ ਰਾਸ਼ੀ ਨਹੀਂ ਮਿਲੀ ਹੈ।
ਧਨਾਢਾਂ ਨੂੰ ਗੱਫੇ ਸ਼ਹੀਦਾਂ ਨੂੰ ਧੱਫੇ
ਸਮਾਜਿਕ ਸਰੋਕਾਰਾਂ ਨਾਲ ਜੁੜੇ ਆਗੂ ਤੇ ਸਿਦਕ ਫੋਰਮ ਦੇ ਪ੍ਰਧਾਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਸਰਕਾਰਾਂ ਧਨਾਢ ਕਾਰਪੋਰੇਟ ਘਰਾਣਿਆਂ ਨੂੰ ਰਿਆਇਤਾਂ ਦੇ ਗੱਫੇ ਦਿੰਦੀਆਂ ਹਨ ਪਰ ਸ਼ਹੀਦਾਂ ਵਾਰੀ ਖਜਾਨਾ ਖਾਲੀ ਹੋ ਜਾਂਦਾ ਹੈ। ਉਨਾਂ ਆਖਿਆ ਕਿ ਜੇਕਰ ਸਰਕਾਰਾਂ ਸੁਹਿਰਦ ਹੁੰਦੀਆਂ ਤਾਂ ਫੰਡਾਂ ਦਾ ਢੁੱਕਵਾਂ ਪ੍ਰਬੰਧ ਕਰ ਕੇ ਬੁੱਤ ਲਾਇਆ ਜਾ ਸਕਦਾ ਸੀ। ਉਨਾਂ ਸਰਕਾਰਾਂ ਨੂੰ ਸ਼ਹੀਦਾਂ ਦੇ ਮਾਮਲੇ ’ਚ ਵਾਅਦਾ ਖਿਲਾਫੀ ਨਾਂ ਕਰਨ ਦੀ ਨਸੀਹਤ ਵੀ ਦਿੱਤੀ ਹੈ।