
ਜੱਗਾ ਗਿੱਲ ਸਾਫੂ ਵਾਲੀਆ
ਤੋੜ ਗਿਆ ਸਾਡੇ ਨਾਲ਼ੋਂ ਨਾਤਾ ਉਹ ਗੁਆਂਢ ਵਾਲਾ
ਦੂਰ ਜਾ ਕੇ ਕਿਤੇ ਹੁਣ ਚੁੱਪ ਕਰ ਬਹਿ ਗਿਆ
ਛੱਡ ਗਿਆ ਸਾਨੂੰ ਉਹ ਇਕੱਲਿਆਂ ਮੁਹੱਲੇ ਵਿੱਚ
ਆਪ ਗਿਆ ਜਾਣ ਲੱਗਾ ਰੌਣਕਾਂ ਵੀ ਲੈ ਗਿਆ
ਜਦੋਂ ਓਹੋ ਰਹਿੰਦਾ ਸੀ ਗੁਆਂਢ ਵਿੱਚ ਸਾਡੇ ਯਾਰੋ
ਹਰ ਵੇਲੇ ਦਿਲ ਉਹਨੂੰ ਰਹਿੰਦਾ ਸੀ ਨਿਹਾਰ ਦਾ
ਹਾਲੇ ਵੀ ਭੁਲੇਖੇ ਜਿਹੇ ਪੈਂਦੇ ਰਹਿਣ ਸਾਨੂੰ ਓਹਦੇ
ਖੌਅਰੇ ਕਦੇ ਹਾਰਨ ਵਿਜ਼ਾਊ ਆ ਕੇ ਕਾਰ ਦਾ
ਆਉਂਦਾ ਜਾਂਦਾ ਰਹੂੰ ਜੀ ਜ਼ਰੂਰ ਥੋਡੇ ਕੋਲ ਮੈਂ
ਜਾਣ ਲੱਗਾ ਹੌਲੀ ਜਿਹੇ ਦੋ ਬੋਲ ਕਹਿ ਗਿਆ
ਛੱਡ ਗਿਆ ਸਾਨੂੰ ਓਹ ਇਕੱਲਿਆਂ ਮੁਹੱਲੇ ਵਿੱਚ
ਆਪ ਗਿਆ ਜਾਣ ਲੱਗਾ ਰੌਣਕਾਂ ਵੀ ਲੈ ਗਿਆ
ਬੜਾ ਸੀ ਸਹਾਰਾ ਸਾਨੂੰ ਆਪਣਿਆਂ ਵਾਂਗ ਓਹਦਾ
ਮਾਰੀ ਜੇ ਅਵਾਜ਼ ਨੰਗੇ ਪੈਰੀਂ ਭੱਜਾ ਆਉਂਦਾ ਸੀ
ਖੁਸ਼ੀ ਵਿੱਚ ਹੁੰਦਾ ਸੀ ਸ਼ਰੀਕ ਸਾਡੇ ਨਾਲ ਓਹੋ
ਗ਼ਮ ਵੇਲੇ ਆਕੇ ਸਾਡੇ ਦੁੱਖ ਵੀ ਵੰਢਾਉਂਦਾ ਸੀ
ਪਤਾ ਨਹੀਂ ਹੁਣ ਯਾਦ ਕਰਦਾ ਕੇ ਨਹੀਂ ਸਾਨੂੰ
ਪਰ ਸਾਡੇ ਕੱਲੇ-ਕੱਲੇ ਸਾਹਾਂ ਵਿੱਚ ਲਹਿ ਗਿਆ
ਛੱਡ ਗਿਆ ਸਾਨੂੰ ਓਹੋ ਇਕੱਲਿਆਂ ਮੁਹੱਲੇ ਵਿੱਚ
ਆਪ ਗਿਆ ਜਾਣ ਲੱਗਾ ਰੌਣਕਾਂ ਵੀ ਲੈ ਗਿਆ
ਮੰਗਦਾ ਏ ਸੁੱਖ ਓਹਦੀ ਗਿੱਲ ਸੱਚੇ ਰੱਬ ਕੋਲੋਂ
ਜਿੱਥ ਵੀ ਓਹ ਹੋਵੇ ਬਸ ਹੋਵੇ ਮੌਜ਼ਾਂ ਮਾਣ ਦਾ
ਜ਼ਮਾਨੇ ਦੀਆਂ ਖੁਸ਼ੀਆਂ ਵਿਛਾ ਦੇਵਾਂ ਪੈਰਾਂ ਥੱਲੇ
ਜੱਗੇ ਨੂੰ ਜੇ ਮਿਲੇ ਕੋਈ ਸੁਨੇਹਾਂ ਓਹਦੇ ਆਣ ਦਾ
ਓਸ ਦੇ ਖਿਆਲਾਂ ਵਿੱਚ ਹੋਇਆ ਜਜ਼ਬਾਤੀ ਦਿਲ
ਪਤਾ ਹੀ ਨਾਂ ਲੱਗਾ ਨੀਰ ਕਦੋਂ ਅੱਖੋਂ ਵਹਿ ਗਿਆ
ਛੱਡ ਗਿਆ ਸਾਨੂੰ ਓਹੋ ਇਕੱਲਿਆਂ ਮੁਹੱਲੇ ਵਿੱਚ
ਆਪ ਗਿਆ ਜਾਣ ਲੱਗਾ ਰੌਣਕਾਂ ਵੀ ਲੈ ਗਿਆ
ਤੋੜ ਗਿਆ ਸਾਡੇ ਨਾਲ਼ੋਂ ਨਾਤਾ ਓਹ ਗੁਆਂਢ ਵਾਲਾ
ਦੂਰ ਜਾ ਕੇ ਕਿਤੇ ਓਹੋ ਚੁੱਪ ਕਰ ਬਹਿ ਗਿਆ