ਖੇਤਾਂ ਵਿਚ ਜੋ ਹਲ ਚਲਾਵੇ, ਉਹ ਜੱਟ ਹੈ।
ਮੁਲਕ ਲਈ ਜੋ ਅੰਨ ਉਗਾਵੇ, ਉਹ ਜੱਟ ਹੈ।
ਭੁੱਖਾ ਰਹਿ ਕੇ ਆਪ ਭਾਵੇਂ ਉਹ
ਭੁਖਿਆਂ ਤਾਈਂ ਰਜਾਵੇ, ਉਹ ਜੱਟ ਹੈ।
ਕੱਕਰ ਪੈਂਦਾ ਮੀਂਹ ਪਿਆ ਵਰਸੇ
ਫ਼ਸਲਾਂ ਨੂੰ ਪਾਣੀ ਲਾਵੇ ਉਹ ਜੱਟ ਹੈ।
ਸਰਕਾਰਾਂ ਕੱਟ ਲਗਾਉਣ ਬਿਜਲੀ ਤੇ
ਫਿਰ ਵੀ ਜੋ ਜਰ ਜਾਵੇ ਉਹ ਜੱਟ ਹੈ।
ਸਦੀਆਂ ਤੋਂ ਸੇਠ ਲੁਟਦੇ ਆਏ
ਜੋ ਕਰਜ਼ੇ ਵਿਚ ਮਰ ਜਾਵੇ ਉਹ ਜੱਟ ਹੈ।
ਮੇਹਨਤ ਨਾਲ ਕਮਾਈਆਂ ਕਰਕੇ ਫ਼ਸਲ ਜਦੋਂ ਹੈ ਪੱਕਦੀ
ਖੇਤੀਂ ਖੜੀ ਫ਼ਸਲ ਤੇ ਗੜੇ ਮਾਰ ਜੋ ਜਾਵੇ ਉਹ ਜੱਟ ਹੈ।
ਰਬ ਦਾ ਸ਼ੁੱਕਰ ਹੈ ਕਰਦਾ ਫ਼ਸਲ ਘਰੇ ਜਦ ਆਵੇ
ਟਰਾਲੀ ਭਰੀ ਮੰਡੀ ਰੁਲ ਜਾਵੇ ਉਹ ਜੱਟ ਹੈ।
ਕਲਾਕਾਰਾਂ ਨੇ ਮਜ਼ਾਕ ਬਣਾਇਆ ਬਣਾਏ ਐਸੇ ਗਾਣੇ,
ਮਿਟੀ ਵਿਚ ਹੋ ਮਿੱਟੀ ਗਰੀਬ ਜੋ ਰਹਿ ਜਾਵੇ ਉਹ ਜੱਟ ਹੈ।
ਫ਼ਿਲਮਾਂ ਵਾਲੇ ਜੱਟ ਨੂੰ ਵੈਲੀ ਕਹਿਣੋ ਕਦੇ ਨਾ ਸੰਗਦੇ
ਗਾਉਣ ਵਾਲਾ ਓਹਦੇ ਮੋਢੇ ਬੰਦੂਕ ਟਿਕਾਵੇ, ਉਹ ਜੱਟ ਹੈ।
ਹਾਂ ਜੱਟ ਚੀਮਾ ਹੈ ਰੂਪ ਰੱਬ ਦਾ ਝੂਠ ਰਤਾ ਨਾ ਬੋਲਾਂ,
ਜ਼ੁਲਮ ਤੁਹਾਡੇ ਸਹਿ ਜੋ ਚੁੱਪ ਵੱਟ ਜਾਵੇ, ਉਹ ਜੱਟ ਹੈ।
ਵੀਰੋ ਛੱਡੋ ਮਾੜਾ ਕਹਿਣਾ ਜੱਟ, ਕਦਰ ਕਰੋ ਸਭ ਓਸ ਦੀ
ਕਰਜ਼ੇ ਵਿਚ ਜੋ ਡੁਬਿਆ ਖੁਦਕੁਸ਼ੀਆਂ ਕਰ ਜਾਵੇ, ਉਹ ਜੱਟ ਹੈ।
ਅਮਰਜੀਤ ਚੀਮਾ