ਆਸਟਰੇਲੀਆ (ਡੀ.ਪੀ.ਸਿੰਘ ਭੁੱਲਰ)

ਵਿਸ਼ਵ ਭਰ ਸੂਫ਼ੀ ਗਾਇਕੀ ਦਾ ਝੰਡਾ ਬੁਲੰਦ ਕਰਨ ਵਾਲ਼ਿਆਂ ਵਿੱਚ ਸਾਈਂ ਜ਼ਹੂਰ ਜੀ ਦਾ ਨਾਮ ਸਤਿਕਾਰ ਨਾਲ ਲਿਆ ਜਾਂਦਾ ਹੈ। ਅੰਦਰੋਂ ਬਾਹਰੋਂ ਰੌਸ਼ਨ ਮਨੁੱਖ ਦੀ ਸੰਗਤ ਕਰਨਾ ਵੀ ਇੱਕ ਪ੍ਰਾਪਤੀ ਹੋ ਨਿੱਬੜਦੀ ਹੈ। ਜੇਕਰ ਓਹ ਉਸਤਾਦ ਲੋਕ ਖੁਦ ਆਵਾਜ਼ ਮਾਰ ਕੇ ਹਿੱਕ ਨਾਲ ਲਾ ਕੇ ਅਸੀਸਾਂ ਬਖਸ਼ਣ ਤਾਂ ਇੱਕ ਕਰਾਮਾਤ ਹੀ ਆਖੀ ਜਾ ਸਕਦੀ ਹੈ। ਬੀਤੇ ਦਿਨੀਂ ਆਸਟ੍ਰੇਲੀਆ ਦੌਰੇ ‘ਤੇ ਸਾਂਈਂ ਜ਼ਹੂਰ ਤੇ ਓਹਨਾਂ ਦਾ ਪੁੱਤਰ ਸੰਗੀਤਕ ਮਹਿਫ਼ਲਾਂ ਦੇ ਸੰਬੰਧ ‘ਚ ਆਏ ਤਾਂ ਭਾਰਤ ਪਾਕਿਸਤਾਨ ਦੀ ਸਾਂਝ ਹੋਰ ਪੀਢੀ ਕਰ ਗਏ। ਓਹਨਾਂ ਆਪਣੇ ਸ਼ਾਗਿਰਦ ਵਜੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਪੱਧਰੀ ਦੇ ਜੰਮਪਲ “ਹੈਪੀ ਅਰਮਾਨ” ਦੇ ਸਿਰ ‘ਤੇ ਉਸਤਾਦ ਵਾਲਾ ਹੱਥ ਧਰ ਕੇ ਆਪਣੇ ਲੜ ਲਾ ਲਿਆ। ਉਹਨਾਂ ਆਪਣਾ ਤੂੰਬਾ, ਪੁਸ਼ਾਕ ਤੇ ਇੱਕ ਮੁੰਦਰੀ ਹੈਪੀ ਅਰਮਾਨ ਨੂੰ ਉਸਤਾਦੀ ਸ਼ਾਗਿਰਦੀ ਦੀ ਰਸਮ ਵਜੋਂ ਦਿੱਤੀ। ਅਕਸਰ ਹੀ ਸ਼ਾਗਿਰਦ ਆਪਣੇ ਉਸਤਾਦ ਨੂੰ ਰਸਮੀ ਸਮਾਨ ਭੇਂਟ ਕਰਦੇ ਦੇਖੇ ਹੋਣਗੇ ਪਰ ਸਾਂਈਂ ਜ਼ਹੂਰ ਜੀ ਦਾ ਕਹਿਣਾ ਸੀ ਕਿ “ਪਿਓ ਆਪਣੇ ਪੁੱਤਾਂ ਨੂੰ ਲਿਆਕਤ ਤੇ ਜਿਉਣ ਦਾ ਵੱਲ ਦਿੰਦੇ ਆਏ ਨੇ। ਪਹਿਲਾਂ ਪੁੱਤਰ ਕੁਝ ਬਣ ਜਾਵੇ, ‘ਕਮਾ ਲਵੇ’ ਫਿਰ ਪਿਓ ਕੁਝ ਲੈਂਦਾ ਵੀ ਚੰਗਾ ਲਗਦਾ ਹੈ।”
ਗਾਇਕ ਹੈਪੀ ਅਰਮਾਨ ਦੇ ਆਪਣੇ ਵਿਚਾਰ

-“ਇਹ ਮੇਰਾ ਮੰਨਣਾ ਹੈ ਕਿ ਤੁਹਾਡੀ ਕੀਤੀ ਇਬਾਦਤ ਕਦੇ ਵੀ ਵਿਅਰਥ ਨਹੀਂ ਜਾਂਦੀ। ਕੀਤੀ ਸ਼ਿੱਦਤ ਨਾਲ ਮਿਹਨਤ ਇਬਾਦਤ ਹੀ ਮੈਨੂੰ ਸਾਂਈ ਜੀ ਤੱਕ ਖਿੱਚ ਕੇ ਲੈ ਗਈ ਜਾਂ ਇਸ ਤਰਾਂ ਕਹਿ ਲਵੋ ਕਿ ਚੰਗੇ ਭਾਗ ਉਸਤਾਦ ਸਾਂਈ ਜ਼ਹੂਰ ਸਾਹਬ ਨੇ ਚਰਨੀ ਲਾ ਲਿਆ। ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਸਾਂਈ ਜੀ ਨੇ ਬਹੁਤ ਕਰਮ ਕੀਤਾ ਤੇ ਮੈਨੂੰ ਉਹਨਾਂ ਨੇ ਆਸਟਰੇਲੀਆ ਦੀ ਧਰਤੀ ਤੇ ਆਪਣੇ ਨਾਲ ਪੇਸ਼ਕਾਰੀ ਕਰਨ ਲਈ ਬਹੁਤ ਵੱਡਾ ਸੁਭਾਗ ਬਖ਼ਸ਼ਿਆ। ਜਿੰਨ੍ਹੇ ਦਿਨ ਇਕੱਠੇ ਰਹੇ ਸਾਂਈ ਜੀ ਰੋਜ਼ ਆਪਣੇ ਸਜਿੰਦਿਆਂ ਨੂੰ ਬੁਲਾ ਕੇ ਮੈਨੂੰ ਰਿਆਜ਼ ਕਰਾਉਂਦੇ ਸੀ। ਕਈ ਵਾਰ ਮੈਂ ਕਹਿ ਦਿੰਦਾ ਕਿ ਸਾਂਈ ਜੀ ਤੁਸੀਂ ਅਰਾਮ ਕਰ ਲਵੋ ਥੱਕ ਗਏ ਹੋਵੋਂਗੇ ਕਿਉ ਕਿ ਹੁਣ ਸਰੀਰ ਵਡੇਰਾ ਹੈ। ਅੱਗੋਂ ਕਹਿੰਦੇ ਸੀ ਕਿ ਮੈਂ ਤੈਨੂੰ ਕੁਝ ਦੱਸਣਾ ਵੀ ਹੈ ਐਵੇਂ ਖਾਲ਼ੀ ਨਾਮ ਦਾ ਉਸਤਾਦ ਨਹੀਂ ਹੋਣਾ। ਇਸ ਵਾਰ ਸਾਂਈ ਜੀ ਆਪਣਾ ਪੁਰਾਣਾ ਤੂੰਬਾ, ਜਿਸ ਤੇ ਉਹਨਾਂ ਬਹੁਤ ਸਾਲ ਪਹਿਲਾ ਰਿਆਜ਼ ਕੀਤਾ ਹੋਵੇਗਾ ਉਹ ਇੱਕ ਅਣਮੁੱਲੇ ਤੋਹਫ਼ੇ ਨਾਲ ਨਿਵਾਜ਼ ਕੇ ਗਏ ਨੇ। ਮੈਂ ਵਾਪਿਸ ਆਉਣ ਲਈ ਤਿਆਰ ਹੋ ਹੀ ਰਿਹਾ ਸੀ ਤਾਂ ਸਾਂਈ ਜੀ ਨੇ ਤੁਰਨ ਲੱਗੇ ਨੂੰ ਆਪਣਾ ਕਮਰੇ ਚ ਬੁਲਾ ਕੇ ਇੱਕ ਬਹੁਤ ਸੋਹਣਾ ਸੂਟ ਮੈਨੂੰ ਪੁੱਤਰ ਵਜੋਂ ਦਿੱਤਾ ਕਿ ਖਾਲੀ ਹੱਥ ਨਹੀਂ ਜਾਣ ਦੇਣਾ। ਫਿਰ ਕਹਿਣ ਲੱਗੇ ਹੁਣੇ ਪਾ ਕੇ ਦਿਖਾ ਤੇ ਕੋਲ ਡੀ ਪੀ ਭੁੱਲਰ ਖੜਾ ਸੀ ਉਹਨੂੰ ਕਹਿੰਦੇ ਸਾਡੀ ਫੋਟੂ ਬਣਾ।
ਸੂਟ ਦੇਣ ਵੇਹਲੇ ਉਹਨਾਂ ਦੇ ਬੋਲ ਬਹੁਤ ਪਿਆਰੇ ਸੀ ਮੈਨੂੰ ਇੰਨ ਬਿੰਨ ਯਾਦ ਨੇ। ਉਹ ਕਹਿਣ ਲੱਗੇ ਕਿ…ਇਹਨੂੰ ਹੁਣ ਪਾਵਣਾ ਈਂ…
ਜਿੱਥੇ ਵੀ ਇਹ ਸੂਟ ਪਾਵੇਂਗਾ ਸਮਝੀ ਸਾਂਈ ਨਾਲ ਖੜੋਤਾ ਏ…!!
ਸ਼ੁਕਰਾਨੇ ਸਾਂਈ ਜੀ ਇਹਨਾਂ ਕਰਮ ਕਰਨ ਲਈ।”