ਹੱਥੀ ਆਪਣੇ ਜੜ੍ਹ ਆਪਣੀ ,
ਵੱਢਣ ਦਾ ਕਰੇਂਗਾ ਗੁਨਾਹ,
ਸੋਚਿਆ ਨਹੀਂ ਸੀ ਕਦੇ ਘਰੋਂ,
ਕੱਢੇਂਗਾ ਫੜ੍ਹ ਕੇ ਮੈਨੂੰ ਬਾਂਹ।
ਤੇਰੇ ਛੋਟੇ ਹੁੰਦਿਆਂ ਹੀ ਮੇਰੀ,
ਚੁੰਨੀ ਹੋ ਗਈ ਸੀ ਚਿੱਟੀ।
ਮੈਂ ਪਾਲਿਆ ਤੈਨੂੰ ਪੁੱਤਰਾ ਮੇਰੇ,
ਮਿੱਟੀ ਨਾਲ ਹੋ ਕੇ ਮਿੱਟੀ।
ਆਸਾਂ ਦੇ ਸਹਾਰੇ ਤੈਰ ਲਏ ਮੈਂ ਹੰਝੂਆਂ ਦੇ ਝਨਾਂ,
ਸੋਚਿਆ ਨਹੀਂ ਸੀ ਕਦੇ ਘਰੋਂ ਕੱਢੇਂਗਾ……।
ਕਦੇ ਡੋਲੀ ਦੇ ਵਿੱਚ ਬਹਿ ਕੇ ਮੈਂ,
ਆਈ ਸੀ ਇਸ ਵਿਹੜੇ।
ਰੀਝ ਸੀ ਇਸ ਦਹਿਲੀਜ਼ ਅੰਦਰ,
ਸਾਹਾਂ ਦੇ ਕਰੂ ਨਿਬੇੜੇ।
ਲਹੂ ਹੋ ਗਿਆ ਪਾਣੀ ,ਸ਼ਿਕਵਾ ਕੀ ਕਰਾਂ?
ਸੋਚਿਆ ਨਹੀਂ ਸੀ ਕਦੇ ਘਰੋਂ, ਕੱਢੇਂਗਾ ਫੜ੍ਹ ਕੇ ਮੈਨੂੰ ਬਾਂਹ।

ਮੈਥੋਂ ਕਮੀ ਰਹਿ ਗਈ ਹੋਣੀ ਕੋਈ,
ਵਿੱਚ ਤੇਰੀ ਪਰਵਰਿਸ ਦੇ।
ਤਾਂਹੀਉਂ ਏਡੀ ਸਜ਼ਾ ਮਿਲੀ ਏ,
ਮੈਨੂੰ ਬਦਲੇ ਦੇ ਵਿੱਚ ਇਸਦੇ।
ਮਾਂ ਆਪਣੀ ਨੂੰ ਕਹਿਣਾ ਨੀ, ਤੂੰ ਚਾਹੁੰਦਾ ਮਾਂ।
ਸੋਚਿਆ ਨਹੀਂ ਸੀ…….।
ਦਰ ਦਰ ਖਾਣ ਠੋਕਰਾਂ,
ਪੁੱਤ ਲਈ ਦਰ ਦਰ ਮੰਗਣ ਮੁਰਾਦਾਂ।
ਲਾਜ ਨਾ ਰੱਖਣ ਮਾਂ ਦੇ ਦੁੱਧ ਦੀ,
ਅੱਜ ਕੱਲ੍ਹ ਦੀਆਂ ਔਲਾਦਾਂ
“ਲਲਤੋਂ” ਇਹ ਵਰਤਾਰਾ ਚੱਲੇ , ਬਹੁਤੇ ਵਿੱਚ ਘਰਾਂ।
ਸੋਚਿਆ ਨਹੀਂ ਸੀ……।