ਅਮਰ ਮੀਨੀਆਂ, ਗਲਾਸਗੋ ।
ਸਿਆਣੇ ਕਹਿੰਦੇ ਹਨ ਕਿ ਠੱਗਾਂ ਦੇ ਹਲ ਨਹੀਂ ਵੱਗਦੇ, ਦੂਜੇ ਪਾਸੇ ਆਪਣੀ ਇੱਜ਼ਤ ਹਰ ਇੱਕ ਨੂੰ ਪਿਆਰੀ ਹੁੰਦੀ ਹੈ। ਜਦੋਂ ਕਿਸੇ ਦੀ ਇੱਜ਼ਤ ਨੂੰ ਹਥਿਆਰ ਬਣਾ ਕੇ ਠੱਗ ਆਪਣਾ ਕਾਰੋਬਾਰ ਕਰਨ ਤੁਰ ਪੈਣ ਤਾਂ ਸੋਚਣਾ ਬਣਦਾ ਹੈ ਕਿ ਉਹ ਕਿੰਨੀ ਵੱਡੀ ਠੱਗੀ ਮਾਰ ਸਕਦੇ ਹਨ। ਸਕਾਟਲੈਂਡ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਕੋਈ ਬਲੈਕਮੇਲਰ ਤੁਹਾਨੂੰ ਔਨਲਾਈਨ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ। ਜ਼ਿਕਰਯੋਗ ਹੈ ਕਿ ਠੱਗਾਂ ਵੱਲੋਂ ਫੇਸਬੁੱਕ ਤੇ ਜੁੜੇ ਲੋਕਾਂ ਨੂੰ ਪਹਿਲਾਂ ਕਿਸੇ ਕੁੜੀ ਵੱਲੋਂ ਦੋਸਤੀ ਦੀ ਬੇਨਤੀ ਆਉਂਦੀ ਹੈ।ਜਿਉਂ ਹੀ ਤੁਸੀਂ ਦੋਸਤੀ ਸਵੀਕਾਰ ਕਰਦੇ ਹੋ ਤਾਂ ਕੁੜੀ ਵੱਲੋਂ ਵੀਡੀਓ ਕਾਲ ਆਉਂਦੀ ਹੈ, ਜਿਸ ਵਿੱਚ ਉਹ ਆਪਣੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੰਦੀ ਹੈ। ਅਸਲ ਵਿੱਚ ਉਹ ਕਿਸੇ ਲੜਕੀ ਦਾ ਵੀਡੀਓ ਕਲਿੱਪ ਹੁੰਦਾ ਹੈ। ਜਦੋਂ ਤੁਸੀਂ ਉਤੇਜਿਤ ਹੋ ਕੇ ਆਪਣਾ ਦਿਮਾਗੀ ਸੰਤੁਲਨ ਗੁਆ ਬੈਠਦੇ ਹੋ ਅਤੇ ਲਿਖਤੀ ਇਸ਼ਾਰੇ ਜਾਂ ਸਰੀਰਕ ਤੌਰ ਤੇ ਸਾਥ ਦੇਣ ਲੱਗਦੇ ਹੋ ਤਾਂ ਤੁਹਾਡੀ ਹਰ ਗਤੀਵਿਧੀ ਰਿਕਾਰਡ ਕਰ ਲਈ ਜਾਂਦੀ ਹੈ। ਫਿਰ ਉਹ ਵੀਡੀਓ ਫੇਸਬੁੱਕ ਤੇ ਨਸ਼ਰ ਕਰਨ, ਤੁਹਾਡੇ ਦੋਸਤਾਂ ਜਾਂ ਪਰਿਵਾਰਕ ਮੈਂਬਰਾਂ ਨੂੰ ਭੇਜਣ ਦਾ ਡਰਾਵਾ ਦੇ ਕੇ ਪੌਂਡ ਮੰਗੇ ਜਾਂਦੇ ਹਨ। ਇਸ ਤਰ੍ਹਾਂ ਇੰਟਰਨੈਟ ਰਾਹੀਂ ਸ਼ਿਕਾਰ ਲੱਭੇ ਤੇ ਲੁੱਟੇ ਜਾਂਦੇ ਹਨ। ਵੇਖਣ ਵਿੱਚ ਆਇਆ ਹੈ ਕਿ ਜਦੋਂ ਤੁਸੀਂ ਠੱਗਾਂ ਦੀ ਮੰਗ ਠੁਕਰਾ ਦਿੰਦੇ ਹੋ ਜਾਂ ਉਹਨਾਂ ਨੂੰ ਬਲੌਕ ਕਰ ਦਿੰਦੇ ਹੋ, ਫਿਰ ਵੀ ਤੁਸੀਂ ਬਚ ਨਹੀਂ ਸਕਦੇ ਕਿਉਂਕਿ ਉਹ ਲੋਕ ਤੁਹਾਡੀ ਵੀਡੀਓ ਪੌਰਨ ਵੈਬਸਾਈਟਾਂ ਤੇ ਪਾ ਕੇ ਵੀ ਚੰਗੀ ਕਮਾਈ ਕਰਦੇ ਹਨ। ਪੁਲਿਸ ਨੇ ਲੋਕਾਂ ਨੂੰ ਸੂਚਿਤ ਕੀਤਾ ਹੈ ਕਿ ਆਪਣੀ ਦੋਸਤੀ ਦਾ ਦਾਇਰਾ ਵਧਾਉਣ ਲੱਗਿਆਂ ਪੁਣਛਾਣ ਜ਼ਰੂਰ ਕਰੋ ਜਿਸ ਨਾਲ ਬਾਅਦ ‘ਚ ਪਛਤਾਵਾ ਨਾ ਹੋਵੇ।