15.9 C
United Kingdom
Monday, September 7, 2026

More

    ਸਰਕਾਰੀ ਪਾਬੰਦੀਆਂ ਦੇ ਬਾਵਜੂਦ ਮੋਰਚਾ ਲਾਉਣ ਦੀਆਂ ਤਿਆਰੀਆਂ

    ਅਸ਼ੋਕ ਵਰਮਾ
    ਬਠਿੰਡਾ, 15 ਜੁਲਾਈ। ਪੰਜਾਬ ਦੀਆਂ 13 ਕਿਸਾਨ ਜੱਥੇਬੰਦੀਆਂ ਵੱਲੋਂ ਦੇਸ਼ ਦੀ ਮੋਦੀ ਸਰਕਾਰ ਦੇ ਕਥਿਤ ਖੇਤੀ ਵਿਰੋਧੀ ਫੈਸਲਿਆਂ ਕਾਰਨ 8 ਰੋਜਾ ਕਿਸਾਨ ਮੋਰਚਾ ਲਾਇਆ ਜਾਏਗਾ ਜਿਸ ਨੂੰ ਰੋਕਣ ਵਾਸਤੇ ਪੁਲੀਸ ਅੰਦਰਖਾਤੇ ਵਿਉਂਤਾਂ  ਬਣਾ ਰਹੀ ਹੈ। ਕਿਸਾਨਾਂ  ਦੇ ਇਕੱਠ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ  ਸ਼ਾਮਲ ਹੋਣਗੇ  ਹਨ ਜਿਨਾਂ  ਨੂੰ ਖੇਤੀ ਸੰਕਟ ਨੇ ਪਹਿਲਾਂ ਹੀ ਹਿਲਾ ਰੱਖਿਆ ਸੀ ਉੱਪਰੋਂ ਜਾਰੀ ਹੋਏ ਤਾਜਾ ਆਰਡੀਨੈਂਸਾਂ , ਤੇਲ ਕੀਮਤਾਂ ’ਚ ਲਗਾਤਾਰ ਵਾਧੇ ਅਤੇ ਹੋਰ ਕਿਸਾਨੀ ਵਿਰੋਧੀ ਫੈਸਲਿਆਂ ਨੇ ਚੱਕਰਵਿਊ ’ਚ ਫਸਾ ਦਿੱਤਾ ਹੈ ਜਿੱਥੋਂ ਉਨਾਂ ਨੂੰ ਨਿੱਕਲਣ ਦਾ ਰਾਹ ਦਿਖਾਈ ਨਹੀਂ ਦੇ ਰਿਹਾ ਹੈ। ਵਿਸ਼ੇਸ਼ ਤੱਥ ਹੈ ਕਿ ਕਰੋਨਾ ਵਾਇਰਸ ਦੇ ਸੰਕਟ ਉਪਰੰਤ ਕਿਸੇ ਵੀ ਵਰਗ ਵੱਲੋਂ ਸੰਘਰਸ਼ ਦੇ ਮੈਦਾਨ ‘ਚ ਏਨੇ ਵੱਡੇ ਪੱਧਰ ’ਤੇ ਨਾ ਨਿੱਤਰਨ ਨੇ ਜ਼ਿਲਾ ਪੁਲੀਸ ਨੂੰ ਬਿਪਤਾ ਤੋਂ ਬਚਾਈ ਰੱਖਿਆ ਪਰ ਹੁਣ ਪੁਲੀਸ ਅਧਿਕਾਰੀ ਇਸ ਕਿਸਾਨ ਮੋਰਚੇ ਨੂੰ ਨਵੀਂ ਚੁਣੌਤੀ ਵਜੋਂ ਦੇਖ ਰਹੇ ਹਨ।
    ਇੰਨਾਂ ਜੱਥੇਬੰੰਦੀਆਂ ਵੱਲੋਂ ਪਹਿਲਾਂ ਤੋਂ ਉਲੀਕੇ ਹੋਏ ਪ੍ਰੋਗਰਾਮ ਤਹਿਤ 20 ਤੋਂ 26 ਜੁਲਾਈ ਤੱਕ ਪਿੰਡ-ਪਿੰਡ ਅਰਥੀ ਸਾੜ ਰੋਸ ਮੁਜ਼ਾਹਰੇ ਕੀਤੇ ਜਾਣੇ ਹਨ ਜਦੋਂਕਿ27 ਜੁਲਾਈ ਨੂੰ ਕੇਂਦਰੀ ਮੰਤਰੀਆਂ ਜਾ ਭਾਜਪਾ-ਅਕਾਲੀ ਐਮ.ਪੀ. ਜਾਂ ਪਾਰਟੀਆਂ ਦੇ ਜ਼ਿਲਾ ਪ੍ਰਧਾਨ ਦੇ ਘਰਾਂ ਵੱਲ ਸਮੂਹਕ ਰੋਸ ਮਾਰਚ ਕਰਕੇ ਧਰਨੇ ਲਾਉਣ ਦੀ ਰੂਪ ਰੇਖਾ ਉਲੀਕੀ ਗਈ ਹੈ। ਇੰਨਾਂ ਰੋਸ ਮੁਜਾਹਰਿਆਂ ਦੌਰਾਨ ਖੇਤੀ ਖੇਤਰ ਨੂੰ ਮਿਲਦੀ ਮੁਫਤ ਬਿਜਲੀ ਦੀ  ਦੀ ਰੌਸ਼ਨੀ ‘ਚ ਬਿਜਲੀ ਸੋਧ ਬਿੱਲ2020 ਦੀ ਰੋਕਥਾਮ ਵੱਡਾ ਮੁੱਦਾ ਹੋਵੇਗਾ। ਕਿਸਾਨ ਧਿਰਾਂ  ਵੱਲੋਂ ਬਣਾਈ ਰਣਨੀਤੀ ਅਨੁਸਾਰ ਅਰਥੀ ਸਾੜੋ ਕਾਫਲਿਆਂ ’ਚ ਕਰੋਨਾ ਵਾਇਰਸ ਸਬੰਧੀ ਹਰ ਤਰਾਂ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਦਾ ਪ੍ਰੋਗਰਾਮ ਹੈ । ਕਿਸਾਨ ਜੱਥੇਬੰਦੀਆਂ  ਵੱਲੋਂ ਪਿੰਡਾਂ  ਵਿੱਚ ਇਸ ਪ੍ਰੋਗਰਾਮ ਦੀ ਤਿਆਰੀ ਵਿੱਢ ਦਿੱਤੀ ਗਈ ਹੈ।
                        ਕਿਸਾਨ ਆਗੂ ਧਰਮਪਾਲ ਸਿੰਘ ਜੰਡੀਆਂ ਨੇ  ਦੱਸਿਆ ਕਿ ਇੰਨਾਂ ਰੋਸ ਮੁਜਾਹਰਿਆਂ ’ਚ ਔਰਤਾਂ  ਦੀ ਗਿਣਤੀ ਕਾਫ਼ੀ ਵੱਡੀ ਹੋਵੇਗੀ ਅਤੇ ਇਹ ਔਰਤਾਂ ਪ੍ਰਸ਼ਾਸ਼ਨ ਨੂੰ ਖੇਤੀ ਖੇਤਰ ਨਾਲ ਵਰਤਾਏ ਜਾ ਰਹੇ ਮੰਦਭਾਗੇ ਵਰਤਾਰੇ ਬਾਰੇ ਦੱਸਣਗੀਆਂ । ਪਤਾ ਲੱਗਾ ਹੈ ਕਿ ਪੁਲੀਸ ਇਸ ਕਿਸਾਨ ਇਕੱਠ ਨੂੰ ਰੋਕਣ ਖਾਤਰ ਕਿਸਾਨ ਆਗੂਆਂ  ਦੀਆਂ ਗਿ੍ਰਫਤਾਰੀਆਂ ਸ਼ੁਰੂ ਕਰ ਸਕਦੀ ਹੈ ਪਰ ਇਸ ਦੀ ਸੰਭਾਵਨਾ ਘੱਟ ਹੈ। ਸੂਤਰਾਂ ਮੁਤਾਬਿਕ ਕਰੋਨਾ ਵਾਇਰਸ ਵਰਗਾ ਗੰਭੀਰ ਸੰਕਟ ਸਿਰ ’ਤੇ ਹੋਣ ਕਰਕੇ ਹਾਕਮ ਧਿਰ ਕਿਸੇ ਟਕਰਾਅ ਵਿੱਚ ਵੀ ਪੈਣ ਤੋਂ ਗੁਰੇਜ਼ ਕਰੇਗੀ। ਸੂਤਰਾਂ ਮੁਤਾਬਕ ਇਸ ਮੋਰਚੇ ਲਈ ਪੁਲੀਸ ਵੱਲੋਂ ਸੁਰੱਖਿਆ ਇੰਤਜ਼ਾਮ ਵੀ ਕੀਤੇ ਜਾ ਰਹੇ ਹਨ ਪਰ ਅਫਸਰਾਂ ਨੇ ਫਿਲਹਾਲ ਇਸ ਤੋਂ ਇਨਕਾਰ ਕਰ ਦਿੱਤਾ ਹੈ।
     
              ਮੋਰਚੇ ਦਾ ਮੰਤਵ ਕਿਸਾਨਾਂ ਦੀ ਅਵਾਜ ਬੁਲੰਦੀ
    ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਲਾਈਆਂ ਪਾਬੰੰਦੀਆਂ ਸੰਘਰਸ਼ਾਂ ਦੇ ਰਾਹ ਰੋਕਣ ਦੀ ਚਾਲ ਹੈ ਜਿੰਨਾਂ ਨੂੰ ਰੱਦ ਕਰਦਿਆਂ ਉਹ ਹਾਰ ਹਾਲਤ ਵਿੱਚ ਮਿਥਿਆ ਪ੍ਰੋਗਰਾਮ ਨੇਪਰੇ ਚਾੜਨਗੇ। ਉਨਾਂ ਕਿਹਾ ਕਿ ਉਨਾਂ ਦਾ ਮਕਸਦ ਟਕਰਾਅ ਨਹੀਂ ਹੈ ਫਿਰ ਵੀ ਜੇ ਕੋਈ ਟਕਰਾਅ ਹੁੰਦਾ ਹੈ ਤਾਂ  ਇਸ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ । ਉਨਾਂ  ਆਖਿਆ ਕਿ ਪੁਲੀਸ ਨੇ ਪਿੰਡਾਂ  ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਤਾਂ  ਉਨਾਂ  ਦਾ ਫੈਸਲਾ ਹੈ ਕਿ ਕਿਸਾਨਾਂ  ਦੀ ਆਵਾਜ਼ ਬੁਲੰਦ ਕਰਨ ਵਾਸਤੇ ਰੋਸ ਮੁਜਾਹਰਿਆਂ ਦੀ ਲੜੀ ਜਾਰੀ ਰੱਖੀ ਜਾਏਗੀ ।
     
                    ਪਾਬੰਦੀ ਸਹਿਣ ਨਹੀਂ: ਕਿਸਾਨ ਆਗੂ
    ਕਿਸਾਨ ਆਗੂ ਜਗਸੀਰ ਸਿੰਘ ਝੁੰਬਾ ਦਾ ਕਹਿਣਾ ਸੀ ਕਿ ਕਰੋਨਾ ਸੰਕਟ ਦੀ ਆੜ ਹੇਠ ਮੋਦੀ ਸਰਕਾਰ ਨੇ ਤਿੰਨ ਖੇਤੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ 2020 ਲਿਆਉਣ ਦੇ ਨਾਲ ਨਾਲ ਤੇਲ ਦੇ ਰੇਟ ਵਧਾਏ ਜਾ ਰਹੇ ਹਨ ਜਿਸ ਨਾਲ ਖੇਤੀ ਖੇਤਰ ਲਈ ਖਤਰਾ ਖੜਾ ਹੋ ਗਿਆ ਹੈ। ਉਨਾਂ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਸਰਕਾਰੀ ਫਸਲਾਂ ਦੀ ਸਰਕਾਰੀ ਖਰੀਦ ਬੰੰਦ ਕਰਕੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕਸੂਤੇ ਫਸਾ ਦਿੱਤਾ ਹੈ।  ਉਨਾਂ ਆਖਿਆ ਕਿ ਇਸ ਤਰਾਂ ਦੀ ਸਥਿਤੀ ਨੂੰ ਦੇਖਦਿਆਂ ਜਨਤਕ ਇਕੱਠਾਂ ’ਤੇ ਪਾਬੰਦੀ ਸਹਿਣ ਨਹੀਂ ਕੀਤੀ ਜਾਵੇਗੀ ਅਤੇ ਸ਼ਾਂਤਮਈ ਸੰਘਰਸ਼ ਜਾਰੀ ਰੱਖਿਆ ਜਾਏਗਾ। ਉਨਾਂ ਦੱਸਿਆ ਕਿ ਇਨਾਂ ਰੋਸ ਵਿਖਾਵਿਆ ਲਈ  ਪਿੰਡਾਂ ’ਚ ਰੈਲੀਆਂ, ਨੁੱਕੜ ਮੀਟਿੰਗਾਂ ਅਤੇ ਜਾਗੋ ਮਾਰਚਾਂ ਰਾਹੀਂ ਲਾਮਬੰਦੀ ਕੀਤੀ ਜਾ ਰਹੀ ਹੈ।
                      ਗੱਲਬਾਤ ਸ਼ੁਰੂ ਕੀਤੀ ਜਾਏਗੀ-ਐਸ ਐਸ ਪੀ
    ਜ਼ਿਲਾ ਪੁਲੀਸ ਕਪਤਾਨ ਡਾ ਨਾਨਕ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸ਼ਨ ਇਸ ਰੋਸ ਪ੍ਰੋਗਰਾਮ ਨੂੰ ਟਾਲਣ ਲਈ ਗੱਲਬਾਤ ਕਰੇਗਾ। ਉਨਾਂ ਆਖਿਆ ਕਿ ਉਮੀਦ ਹੈ ਕਿ ਮਸਲੇ ਦਾ ਕੋਈ ਨਾਂ ਕੋਈ ਹੱਲ ਨਿੱਕਲ ਆਏਗਾ। ਉਨਾਂ ਦੱਸਿਆ ਕਿ ਫਿਰ ਵੀ ਕੋਈ ਨੌਬਤ ਆਉਂਦੀ ਹੈ ਤਾਂ ਅਮਨ ਕਾਨੂੰਨ ਬਣਾ ਕੇ ਰੱਖਣ ਲਈ ਲੁੜੀਂਦੇ ਪ੍ਰਬੰਧ ਕੀਤੇ ਜਾਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!