ਅਸ਼ੋਕ ਵਰਮਾ
ਬਠਿੰਡਾ 14 ਜੁਲਾਈ : ਪੰਜ ਮਜਦੂਰ-ਕਿਸਾਨ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਫਾਈਨਾਂਸ ਕੰਪਨੀਆਂ ਦੀ ਧੱਕੇਸ਼ਾਹੀ ਖਿਲਾਫ਼ ਅੱਜ ਇੱਥੇ ਇੱਕ ਸੰਕੇਤਕ ਰੋਸ ਮੁਜਾਹਰਾ ਕੀਤਾ ਗਿਆ ਜਿਸ ’ਚ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਵਿੱਤ ਸਕੱਤਰ ਸਾਥੀ ਮਹੀਪਾਲ ਵੀ ਸ਼ਾਮਲ ਹੋਏ।ਦਿਹਾਤੀ ਮਜ਼ਦੂਰ ਸਭਾ ਪੰਜਾਬ ਦੀ ਬਠਿੰਡਾ ਜਿਲਾ ਕਮੇਟੀ ਦੇ ਪ੍ਰਧਾਨ ਸਾਥੀ ਮਿੱਠੂ ਸਿੰਘ ਘੁੱਦਾ ਅਤੇ ਜਨਰਲ ਸਕੱਤਰ ਸਾਥੀ ਪ੍ਰਕਾਸ਼ ਸਿੰਘ ਨੰਦਗੜ ਨੇ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਕੋਵਿਡ-19 (ਕੋਰੋਨਾ ਵਾਇਰਸ) ਕਰਕੇ ਬਣੀ ਸੰਸਾਰੀ ਵਿਆਪੀ ਮਹਾਂਮਾਰੀ ਤੋਂ ਬਚਾਅ ਲਈ ਲਾਗੂ ਕੀਤੀ ਗਈ ਲਾੱਕ ਡਾਊਨ ਸਦਕਾ ਪੈਦਾ ਹੋਈ ਬੇਰੁਜ਼ਗਾਰੀ ਦੇ ਮੱਦੇਨਜ਼ਰ ਭਾਰਤੀ ਰਿਜ਼ਰਵ ਬੈਂਕ ਵੱਲੋਂ ਹਰ ਕਿਸਮ ਦੇ ਕਰਜਾ ਵਸੂਲੀ 31 ਅਗਸਤ ਤੱਕ ਮੁਲਤਵੀ ਕਰਨ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿੰਨਾਂ ਨੂੰ ਟਿੱਚ ਜਾਣਦਿਆਂ ਮਾਈਕਰੋ ਫਾਈਨਾਂਸ ਕੰਪਨੀਆਂ ਗਰੀਬ ਲੋਕਾਂ ਨੂੰ ਦਿੱਤਾ ਕਰਜ ਗਰੀਬ ਕਿਰਤੀਆਂ ਤੋਂ ਧੱਕੇ ਨਾਲ ਵਸੂਲ ਕਰਨ ਦੇ ਰਾਹ ਪਈਆਂ ਹੋਈਆਂ ਹਨ। ਉਨਾਂ ਕਿਹਾ ਕਿ ਕਰਜ ਵਸੂਲੀ ਲਈ ਜਾਂਦੇ ਕੰਪਨੀਆਂ ਦੇ ਧੱਕੜਸ਼ਾਹ ਮੁਲਾਜ਼ਮ ਕਰਜਦਾਰਾਂ ਖਾਸ ਕਰਕੇ ਔਰਤਾਂ ਨਾਲ ਘੋਰ ਬਦਸਲੂਕੀ ਕਰਦੇ ਹਨ।
ਆਗੂਆਂ ਨੇ ਰੋਸ ਜਤਾਇਆ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਬਾਰ ਬਾਰ ਲਿਖਤੀ ਦਰਖਾਸਤਾਂ ਅਤੇ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਫਾਈਨਾਂਸ ਕੰਪਨੀਆਂ ਦੀ ਧਿੰਗੋਜੋਰੀ ਬੰਦ ਕਰਵਾਉਣ ਲਈ ਕਾਰਵਾਈ ਨਹੀਂ ਕਰ ਰਹੀ। ਆਗੂਆਂ ਨੇ ਮੰਗ ਕੀਤੀ ਕਿ ਫਾਈਨਾਂਸ ਕੰਪਨੀਆਂ ਵੱਲੋਂ ਕੀਤੀ ਜਾ ਰਹੀ ਕਰਜਾ ਵਸੂਲੀ ਫੌਰੀ ਰੋਕੀ ਜਾਵੇ, ਦੁਰਵਿਵਹਾਰ ਕਰਨ ਵਾਲੇ ਕਰਿੰਦਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਤੇ ਸਰਕਾਰੀ ਬੈਂਕਾਂ ਵੱਲੋਂ ਕਿਰਤੀ ਪਰਿਵਾਰਾਂ ਨੂੰ ਬਿਨਾਂ ਵਿਆਜ ਦੇ ਲੰਮੀ ਮਿਆਦ ਦੇ ਕਰਜੇ ਦਿੱਤੇ ਜਾਣ। ਇਸ ਮੌਕੇ ਅਧਿਕਾਰੀਆਂ ਨੂੰ ਦਿੱਤੇ ਇੱਕ ਮੰਗ ਪੱਤਰ ਰਾਹੀਂ ਸਾਰੇ ਬੇਜਮੀਨੇ ਪਰਿਵਾਰਾਂ ਨੂੰ ਮਨਰੇਗਾ ਅਧੀਨ ਕੰਮ ਦੇਣ, ਪਿਛਲੇ ਕੀਤੇ ਕੰਮ ਦੇ ਪੈਸੇ ਤੁਰਤ ਅਦਾ ਕਰਨ ਅਤੇ ਨਵੇਂ ਕੀਤੇ ਕੰਮ ਦੇ ਪੈਸੇ ਪੰਦਰਾਂ ਦਿਨਾਂ ਦੇ ਅੰਦਰ ਅੰਦਰ ਦੇਣੇ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ। ਅੱਜ ਦੇ ਰੋਸ ਪ੍ਰੋਗਰਾਮ ਵਿੱਚ ਗੁਰਮੀਤ ਸਿੰਘ ਅਤੇ ਕਾਲਾ ਸਿੰਘ ਜੈ ਸਿੰਘ ਵਾਲਾ, ਮੱਖਣ ਚਹਿਲ ਪੱਕਾ ਕਲਾਂ, ਹਰਦੇਵ ਸਿੰਘ ਫੁੱਲੋ ਮਿੱਠੀ, ਉਮਰਦੀਨ ਅਤੇ ਸ਼ੰਕਰ ਲਾਲ ਜੱਸੀ ਬਾਗ ਵਾਲੀ ਆਦਿ ਵੀ ਹਾਜ਼ਰ ਸਨ।