
ਢਲ਼ੀ ਉਮਰੇ, ਜਦੋਂ ਕਿਧਰੇ,
ਜਵਾਨੀ ਯਾਦ ਆਉਂਦੀ ਹੈ।
ਮੁਹੱਬਤ ਕਰਨ ਵਾਲੀ ਇਕ
ਦੀਵਾਨੀ ਯਾਦ ਆਉਂਦੀ ਹੈ।
ਕਿਸੇ ਨੇ ਮੁਸਕੁਰਾਅ ਕੇ ਸੀ
ਕਿਹਾ, ‘ਆ ਤੂੰ ਮਿਰਾ ਹੋ ਜਾ’,
ਮੈਂ ‘ਚੰਗਾ’ ਆਖ ਨਾ ਸਕਿਆ,
ਨਾਦਾਨੀ ਯਾਦ ਆਉੰਦੀ ਹੈ।
ਜ਼ਮਾਨੇ ਤੋਂ ਬੜਾ ਚੋਰੀ,
ਜੋ ਉਸ ਨੇ ਮੁੰਦਰੀ ਦਿੱਤੀ,
ਖ਼ੁਦਾ ਜਾਣੇ, ਗਵਾਚੀ ਕਿੰਞ,
ਨਿਸ਼ਾਨੀ ਯਾਦ ਆਉਂਦੀ ਹੈ।
ਹਮੇਲਾਂ, ਹਾਰ, ਗਹਿਣੇ ਰੀਸ
ਉਸ ਦੀ ਕਰਨ ਕੀ, ਤੌਬਾ,
ਜੋ ਗੋਰੇ ਗਲ਼ ‘ਚ ਕਾਲ਼ੀ ਸੀ,
ਉਹ ਗਾਨੀ ਯਾਦ ਆਉਂਦੀ ਹੈ।
ਸਖੀ ਦੇ ਸਾਥ ਦੇ ਬਾਝੋਂ,
ਕਦੇ ਨਾ ਸਾਰਨਾ ਪਲ ਵੀ,
ਕਦੇ ਫਿਰ ਜਾਣ ਕੇ ਦੇਣੀ
ਝਕਾਨੀ ਯਾਦ ਆਉਂਦੀ ਹੈ।
ਮੁਹੱਬਤ ਜੋ ਸਿਲਾ ਦਿੱਤਾ,
ਭੁਲਾਵਾਂ ਕਿਸ ਤਰ੍ਹਾਂ ਦੱਸੋ,
ਮਿਲੇ ਕੁਝ ਜ਼ਖ਼ਮ ਹਾਲ਼ੇ ਤੀਕ
ਨਾਨੀ ਯਾਦ ਆਉਂਦੀ ਹੈ।
ਜਦੋਂ ਮੈੰ ਤਿੜਕ ਚੁੱਕਾ ਸਾਂ,
ਉਦੋਂ ਸੀ ਲੋੜ ਢਾਰਸ ਦੀ,
ਕਿਸੇ ਮਿੱਠੀ ਨਜ਼ਰ ਦੀ,
ਮਿਹਰਬਾਨੀ ਯਾਦ ਆਉੰਦੀ ਹੈ।
ਮੁਹੱਬਤ ਵਣਜ ਦੇ ਵਿੱਚੋ,
ਮੁਨਾਫ਼ਾ ਭਾਲਦੈ ਕਿਹੜਾ ?
ਨਫ਼ੇ ਦੀ ਸੋਚ ਨਾ ਹੁੰਦੀ,
ਨ ਹਾਨੀ ਯਾਦ ਆਉਂਦੀ ਹੈ।
ਬਥੇਰੇ ਨੋਟ ਬੋਝੇ ਵਿਚ,
ਰਤਾ ਨਾ ਤੋਟ ਰਹਿੰਦੀ ਹੁਣ,
ਮਗਰ ਜੋ ਮਾਂ ਤੋਂ ਲੈਂਦੇ ਸਾਂ,
ਚਵਾਨੀ ਯਾਦ ਆਉੰਦੀ ਹੈ।
ਕਿਸੇ ਉਸਤਾਦ ਚੰਗੇ ਰੀਝ
ਲਾ ਕੇ ਘੜ ਕੇ ਦਿੱਤੀ ਸੀ,
ਜੋ ਪਹਿਲੀ ਵਾਰ ਸੀ ਪਕੜੀ,
ਉਹ ਕਾਨੀ ਯਾਦ ਆਉਂਦੀ ਹੈ।
‘ਅਮਰ’ ਦੀ ਥਾਂ ਜੋ ‘ਅੰਬੀ’
ਆਖ ‘ਸੂਫ਼ੀ’ ਨੂੰ ਬੁਲਾਉਂਦੀ ਸੀ,
ਜਤਾਉਂਦੀ ਸੀ ਬਥੇਰਾ ਪਿਆਰ
ਨਾਨੀ ਯਾਦ ਆਉਂਦੀ ਹੈ।