ਧਨਵੰਤ ਭੱਠਲ (ਸਿਡਨੀ)

ਮੂੰਹ ਮੁਲਾਹਜ਼ੇ ਤਾਂ ਹੁੰਦੇ ਨੇ ਸਭ ਜਿਓੰਦਿਆਂ ਦੇ
ਮੋਇਆਂ ਹੋਇਆਂ ਨੂੰ ਤਾਂ ਹਰ ਕੋਈ ਵਿਸਾਰ ਦਿੰਦਾ I
ਪਿਆਰ ਮੁਹੱਬਤਾਂ ਜਿਓਂਦੇ ਜੀਅ ਹੀ ਸੋਂਹਦੀਆਂ ਨੇ
ਵਕਤੋੰ ਖੁੰਝਿਆਂ ਦੀ ਭਲਾ ਜੱਗ ਕਦੋਂ ਸਾਰ ਲੈਂਦਾ ?
ਹਾਸੇ ਹੰਝ ਦੀ ਬੁੱਕਲ ਵਿੱਚ ਹੀ ਪਲਣ ਭਾਵੇਂ
ਹੱਸਦਾ ਚਿਹਰਾ ਤਾਂ ਹਰ ਕੋਈ ਨਿਹਾਰ ਲੈਂਦਾ I
ਅੰਦਰੋਂ ਹੂਕ ਦੀ ਵੰਝਲੀ ਕਈ ਵਾਰ ਵੱਜਦੀ ਏ
ਆਪਾ ਫੋਲ਼ ਕੇ ਹਾਵਿਆਂ ਦੀ ਬੁੱਕਲ ਮਾਰ ਲੈਂਦਾ I
ਜੱਗ ਦੀਆਂ ਕਸਵੱਟੀਆਂ ਤੇ ਪਾਰਖੂ ਅੱਖ ਭਾਵੇਂ
ਐਵੇਂ ਪ੍ਰਤੀਬਿੰਬ ਨੂੰ ਬੱਸ ਸ਼ੀਸ਼ੇ ‘ਚ ਉਤਾਰ ਲੈਂਦੇI
ਕਰੀਂ ਲੱਖ ਕੋਸ਼ਿਸ਼ਾਂ ਖੁਦ ਨੂੰ ਬਰੀ ਕਰਨ ਖਾਤਰ
ਪਰਤ ਸਕੇ ਨਾ ਜੇ ਲੋਕੀਂ ਮਨਾਂ ਵਿੱਚ ਧਾਰ ਲੈਂਦੇI
ਲੱਖ ਮੁਸੀਬਤਾਂ, ਵਾਅ-ਵਰੋਲੇ ਆਉਣ ਤੇ ਜਾਣ ਭਾਵੇਂ
ਅਲਬੇਲਾ ਸੁਭਾਅ, ਟੁੱਟਣ ਨਾ ਜ਼ਿੰਦਗੀ ਦੀ ਤਾਰ ਦਿੰਦਾ I
ਜ਼ਿੰਦਗੀ ਜ਼ਿੰਦਾਦਿਲੀ ਦਾ ਹੀ ਹੈ ਬੱਸ ਨਾਮ ‘ਭੱਠਲ’
ਪੈੰਦੀ ਖੁਦ ਕੱਟਣੀ, ਜੱਗ ਨੂੰ ਨਹੀਂ ਕੋਈ ਸਰੋਕਾਰ ਹੁੰਦਾ I