22.5 C
United Kingdom
Sunday, June 21, 2026

More

    ਤੇਲ ਕੀਮਤਾਂ ਤੇ ਬਾਰਸ਼ ਕਾਰਨ ਅਸਮਾਨੀਂ ਚੜੇ ਸਬਜ਼ੀਆਂ ਦੇ ਭਾਅ

    ਅਸ਼ੋਕ ਵਰਮਾ
    ਬਠਿੰਡਾ, 9ਜੁਲਾਈ। ਕਰੋਨਾ ਵਾਇਰਸ ਦੇ ਸੰਕਟ ਅਤੇ ਕੇਂਦਰ ਵੱਲੋਂ ਵਧਾਈਆਂ ਤੇਲ ਕੀਮਤਾਂ ਤੋਂ ਇਲਾਵਾ ਬਾਰਸ਼ ਕਾਰਨ ਸਬਜੀਆਂ ਦੇ ਭਾਅ ਅਸਮਾਨੀ ਚੜਾ ਦਿੱਤੇ ਹਨ। ਸਥਿਤੀ ਇਹ ਹੈ ਕਿ ਇਸ ਵਕਤ ਕੋਈ ਵੀ ਸਬਜੀ ਅਜਿਹੀ ਨਹੀਂ ਹੈ ਜਿਸ ਨੂੰ ਆਮ ਆਦਮੀ ਦੀ ਪਹੰੁਚ ’ਚ ਮੰਨਿਆ ਜਾ ਸਕਦਾ ਹੋਵੇ। ਹੁਣ ਤਾਂ ਲੋਕ ਆਖਣ ਲੱਗੇ ਹਨ ਕਿ ਲਗਾਤਾਰ ਵਧਦੀ ਮਹਿੰਗਾਈ ਨੇ ਜਿੱਥੇ ਗਰੀਬਾਂ ਦੇ ਚੁੱਲੇ ਪਹਿਲਾਂ ਹੀ ਠੰਢੇ ਕਰ ਰੱਖੇ ਹਨ ਉੱਥੇ ਹੁਣ ਸਰਦੇ ਪੁੱਜਦੇ ਪਰਿਵਾਰਾਂ ਨੂੰ ਵੀ ਆਪਣੇ ਕਲਾਵੇ ’ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਦਾਲਾਂ, ਖੰਡ, ਘਿਓ, ਮਿਰਚ ਮਸਾਲਿਆਂ ਅਤੇ ਪੈਟਰੋਲ ਡੀਜਲ ਦੇ ਮਹਿੰਗੇ ਹੋਣ ਤੋਂ ਸ਼ੁਰੂ ਹੋਇਆ ਸਿਲਸਿਲਾ ਹੁਣ ਸਬਜੀਆਂ ਤੱਕ ਆਣ ਪੁੱਜਾ ਹੈ ਜਿਸ ਦੇ ਸਿੱਟੇ ਵਜੋਂ ਆਮ ਆਦਮੀ ਦੀ ਥਾਲੀ ’ਚ ਕਿਸੇ ਕਿਸਮ ਦੇ ਪਕਵਾਨ ਦਾ ਸੁਫਨਾ ਹੀ ਲਿਆ ਜਾ ਸਕਦਾ ਹੈ।
                      ਸਬਜੀ ਮੰਡੀ ਚੋਂ ਹਾਸਲ ਵੇਰਵਿਆਂ ਮੁਤਾਬਕ ਸਭ ਤੋਂ ਜਿਆਦਾ ਅੱਗ ਸਬਜੀ ਨਾਲ ਮੁਫਤ ਦਿੱਤੇ ਜਾਦ ਵਾਲੇ ਧਣੀਏੇਂ ਨੂੰ ਲੱਗੀ ਹੈ ਜੋਕਿ 300 ਰੁਪਏ ਕਿੱਲੋ ਵਿਕ ਰਿਹਾ ਹੈ। ਇਵੇਂ ਹੀ ਪਿਛਲੇ ਮਹੀਨੇ 10 ਰੁਪਏ ਕਿੱਲੋ ਵਿਕਣ ਵਾਲਾ ਟਮਾਟਰ 60 ਰੁਪਏ ਹੋ ਗਿਆ ਹੈ ਜਦੋਂਕਿ ਹਰੇ ਮਟਰ 100 ਤੋਂ 120 ਰੁਪਏ ਪ੍ਰਤੀ ਕਿੱਲੇ ਵਿਕ ਰਹੇ ਹਨ। ਹੈਰਾਨੀਜਨਕ ਵਾਧਾ ਕੱਦੂਆਂ ਦੇ ਭਾਅ ਦਾ ਹੈ ਜਿਨਾਂ ਨੂੰ ਆਮ ਤੌਰ ਤੇ ਬੇਰਾਂ ਵੱਟੇ ਵੀ ਨਹੀਂ ਪੁੱਛਿਆ ਜਾਂਦਾ ਪਰ ਹੁਣ ਉਹ 50 ਤੋਂ 60 ਰੁਪਏ ਕਿੱਲੇ ਵਿਕਦੇ ਹਨ। ਘਿਓ ਤੋਰੀ ,ਅਰਬੀ ਅਤੇ ਭਿੰਡੀ ਦਾ ਭਾਅ 60 ਰੁਪਏ ਤੇ ਚਲਾ ਗਿਆ ਹੈ ਜਦੋਂਕਿ ਗੋਭੀ ਤੇ 20 ਰੁਪਏ ਤੋਂ ਸਿੱਧੀ 70 ਰੁਪਏ ਤੇ ਛਲਾਂਗ ਮਾਰੀ ਹੈ। ਇਸੇ ਤਰਾਂ ਹੀ ਸ਼ਿਮਲਾ ਮਿਰਚ ਦੀ ਕੀਮਤ 70 ਤੋਂ 80 ਰੁਪਏ ਪ੍ਰਤੀ ਕਿੱਲੋ ਤੇ ਚਲੀ ਗਈ ਹੈ ਜੋਕਿ ਭਾਅ ਨਾਂ ਮਿਲਣ ਕਰਕੇ ਮਾਨਸਾ ਜਿਲੇ ਦੇ ਕਿਸਾਨਾਂ ਨੇ ਸੜਕਾਂ ਤੇ ਖਿਲਾਰ ਦਿੱਤੀ ਸੀ।
                           ਬੀਬੀ ਵਾਲਾ ਰੋਡ ਤੇ ਸਬਜੀਆਂ ਖਰੀਦ ਰਹੀ ਖਪਤਕਾਰ ਰਜਿੰਦਰ ਕੌਰ ਦਾ ਕਹਿਣਾ ਸੀ ਕਿ ਸਿਰਫ ਪਿਆਜ ਦੇ ਮਾਮਲੇ ’ਚ ਰਾਹਤ ਹੈ ਨਹੀਂ ਤਾਂ ਆਲੂ ਤੋਂ ਲੈਕੇ ਹਰ ਸਬਜੀ ਨੂੰ ਮਹਿੰਗਾਈ ਦਾ ਡੰਗ ਵੱਜਿਆ ਹੈ। ਉਨਾਂ ਦੱਸਿਆ ਕਿ ਮਹਿਗੀਆਂ ਹੋਣ ਕਰਕੇ ਦੁਕਾਨਦਾਰ ਮੁਫਤ ’ਚ ਦਿੱਤੀਆਂ ਜਾਂਦੀਆਂ ਹਰੀਆਂ ਮਿਰਚਾਂ ਨੂੰ ਵੀ ਹੱਥ ਘੁੱਟਣ ਲੱਗੇ। ਉਨਾਂ ਦੱਸਿਆ ਕਿ ਅੱਜ ਉਹ ਟਿੰਡੋ 80 ਰੁਪਏ ਕਿੱਲੋ ਅਤੇ ਝਾੜ ਕਰੇਲੇ 100 ਰੁਪਏ ਕਿੱਲੋ ਲਿਆਏ ਹਨ ਜਦੋਂਕਿ ਬਾਕੀ ਸਬਜੀਆਂ ਦਾ ਵੀ ਇਹੋ ਹਾਲ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਜਦੋਂ ਦੇ ਡੀਜਲ ਦੇ ਭਾਅ ਵਧੇ ਹਨ ਤਾਂ ਉਦੋਂ ਤੋਂ ਢੋਆ ਢੁਆਈ ਦੇ ਰੇਟਾਂ ’ਚ ਭਾਰੀ ਵਾਧਾ ਹੋ ਗਿਆ ਹੈ। ਉਨਾਂ ਦੱਸਿਆ ਕਿ ਰਹਿੰਦੀ ਕਸਰ ਬਾਰਸ਼ਾਂ ਕਾਰਨ ਸਬਜੀਆਂ ਦੇ ਹੋਏ ਖਰਾਬੇ ਨੇ ਕੱਢ ਦਿੱਤੀ ਹੈ। ਉਨਾਂ ਆਖਿਆ ਕਿ ਸਬਜੀ ਮਹਿੰਗੀ ਹੋਣ ਕਰਕੇ ਉਨਾਂ ਦਾ ਮੁਨਾਫਾ ਵੀ ਕਿਰਦਾ ਹੈ।

      ਸਰਕਾਰ ਮਹਿੰਗਾਈ ਘੱਟ ਕਰੇੇ
    ਖਪਤਕਾਰ ਸੰਤੋਸ਼ ਖੰਡੇਲਵਾਲ ਦਾ ਕਹਿਣਾ ਸੀ ਕਿ ਪ੍ਰਚੂਨ ਕੀਮਤਾਂ ਛਾਲਾਂ ਮਾਰਕੇ ਵਧਣੀਆਂ ਪ੍ਰੇਸ਼ਾਨੀ ਦਾ ਸਬੱਬ ਬਣੀਆਂ ਹੋਈਆਂ ਹਨ ਕਿਉਂਕਿ ਬੇਲਗਾਮ ਮਹਿੰਗਾਈ ਨੇ ਘਰੇਲੂ ਬਜਟ ਤਾਂ ਪਹਿਲਾਂ ਹੀ ਵਿਗਾੜ ਦਿੱਤੇ ਹਨ ਉੱਪਰੋਂ ਸਬਜੀ ਮਹਿੰਗੀ ਹੋਣ ਨਾਲ ਸਮੁੱਚਾ ਢਾਂਚਾ ਹੀ ਹਿੱਲ ਗਿਆ ਹੈ। ਉਨਾਂ ਆਖਿਆ ਕਿ ਪਿਛਲੇ ਇੱਕ ਸਾਲ ਤੋਂ ਕਦੇ ਗੰਢਿਆਂ ,ਕਦੀ ਟਮਾਟਰ  ਅਤੇ ਆਲੂ ਆਦਿ ’ਚ ਆਉਂਦੇ ਉਤਾਰ ਚੜਾਅ ਨੇ ਘਰਾਂ ਦੇ ਬਜਟ ਦਾ ਬੁਰਾ ਹਾਲ ਕਰ ਦਿੱਤਾ ਹੈ। ਉਨਾਂ ਮੰਗ ਕੀਤੀ ਕਿ ਸਰਕਾਰ ਨੂੰ ਚੋਣ ਵਾਅਦੇ ਮੁਤਾਬਕ ਮਹਿੰਗਾਈ ਤੇ ਕਾਬੂ ਪਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ

    ਲੰਗਰ ’ਚ ਹੁੰਦੇ ਹਨ ਸਬਜੀ ਦੇ ਦਰਸ਼ਨ
    ਲੇਬਰ ਚੌਂਕ ਦੇ ਮਜ਼ਦੂਰ ਭੋਲਾ ਸਿੰਘ ਦਾ ਕਹਿਣਾ ਸੀ ਕਿ ਮਹਿੰਗਾ ਹੋਣ ਕਰਕੇ ਅਚਾਰ ਨਾਲ ਰੋਟੀ ਖਾ ਕੇ ਗੁਜਾਰਾ ਕਰਨਾ ਵੀ ਸੌਖਾ ਨਹੀਂ ਰਿਹਾ ਹੈ। ਉਨਾਂ ਦੱਸਿਆ ਕਿ ਪ੍ਰੀਵਾਰ ਨੂੰ ਪਾਲਣ ਲਈ ਕੇਵਲ ਮਜ਼ਦੂਰੀ ਹੈ ਜੋ ਕਿ ਮਹੀਨੇ ’ਚੋਂ 15 ਦਿਨ ਮਿਲਦੀ ਨਹੀਂ ਹੈ। ਉਨਾਂ ਕਿਹਾ ਕਿ ਗਰੀਬਾਂ ਨੂੰ ਸਬਜੀ ਦੇ ਦਰਸ਼ਨ ਤਾਂ ਲੰਗਰ ’ਚ ਹੀ ਹੁੰਦੇ ਹਨ ਘਰ ਲਿਆ ਕੇ ਬਨਾਉਣਾ ਤੇ ਵੱਸ ਦੀ ਗੱਲ ਨਹੀਂ ਰਹੀ ਹੈ।

    ਕਿਸਾਨਾਂ ਨੂੰ ਕੋਈ ਲਾਭ ਨਹੀਂ:ਬਿੰਦੂ
    ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਸੂਬਾ ਆਗੂ ਹਰਿੰਦਰ ਕੌਰ ਬਿੰਦੂ ਦਾ ਕਹਿਣਾ ਸੀ ਕਿ ਕਿ ਮਹਿੰਗੀ ਹੋਈ ਸਬਜੀ ਦਾ  ਫਾਇਦਾ ਕਿਸਾਨਾਂ ਨੂੰ ਨਹੀਂ ਹੈ ,ਸਿਰਫ ਵੱਡੇ ਵਪਾਰੀ ਲਾਭ ਕਮਾ ਰਹੇ ਹਨ ਅਤੇ ਆਮ ਲੋਕਾਂ ਦੀ ਜੇਬ ਹਲਕੀ ਹੋ ਰਹੀ ਹੈ। ਉਨਾਂ ਆਖਿਆ ਕਿ ਇਸ ਲਈ ਧਨਾਢ ਪੱਖੀ ਸਰਕਾਰੀ ਨੀਤੀਆਂ ਹੀ ਜਿੰਮੇਵਾਰ ਹਨ ਜਿਸ ਲਈ ਹਰ ਵਰਗ ਨੂੰ ਸੰਘਰਸ਼ ਲਈ ਅੱਗੇ ਆਉਣਾ ਪਵੇਗਾ।

    ਆਮ ਬੰਦੇ ਦੀ ਦੋਹੀਂ ਹੱਥੀਂ ਲੁੱਟ:ਮਾਹੀਪਾਲ
    ਦਿਹਾਤੀ ਮਜ਼ਦੂਰ ਸਭਾ ਦੇ ਸੀਨੀਅਰ ਆਗੂ ਕਾਮਰੇਡ ਮਾਹੀਪਾਲ ਦਾ ਕਹਿਣਾ ਸੀ ਕਿ ਕੀਮਤਾਂ ’ਚ ਤੇਜੀ ਕਮੀ ਕਾਰਨ ਨਹੀਂ ਬਲਕਿ ਜਮਾਂਖੋਰੀ ਤੇ ਕਾਲਾਬਜਾਰੀ ਕਾਰਨ ਵੀ ਹੋ ਰਹੀ ਹੈ। ਉਨਾਂ ਕਿਹਾ ਕਿ ਆਮ ਬੰਦੇ ਨੂੰ ਦੋਹੀਂ ਹੱਥੀਂ ਲੁੱਟਿਆ ਜਾ ਰਿਹਾ ਹੈ ਤੇ ਇਸ ਕਥਿਤ ਗੋਰਖਧੰਦੇ ’ਚ ਸਿਆਸੀ ਪਾਰਟੀਆਂ ਵੀ ਰਲੀਆਂ ਹੋਈਆਂ ਹਨ।
    ਉਨਾਂ ਕਿਹਾ ਕਿ ਹੈਰਾਨਕੁੰਨ  ਹੈ ਕਿ ਹਰ ਵਰਗ ਦਾ ਮਹਿੰਗਾਈ ਨੇ ਕਚੂੰਮਰ ਕੱਢ ਦਿੱਤਾ ਹੈ ਪਰ ਕੋਈ ਵੀ ਸਰਕਾਰ ਇਸ ਪਾਸੇ ਧਿਆਨ ਨਹੀਂ ਦੇ ਰਹੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!