ਅੰਮ੍ਰਿਤਸਰ,(ਰਾਜਿੰਦਰ ਰਿਖੀ)
ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸ਼੍ਰੀ ਲਾਲ ਹੁਸੈਨ, ਸਿਪਾਹੀ ਦੀਨ ਅਤੇ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਅਤੇ ਮੰਗਾ ਸਿੰਘ ਮਾਹਲਾ ਅਧਾਰਿਤ 4 ਮੈਂਬਰੀ ‘ਵਫਦ’ ਨੇ ਬਾਬਾ ਬਕਾਲਾ ਦੇ ਤਹਿਸੀਲਦਾਰ ਸ੍ਰ ਲਛਮਣ ਸਿੰਘ ਅਤੇ ਨਾਇਬ ਤਹਿਸੀਲਦਾਰ ਸੁਖਦੇਵ ਰਾਜ ਬੰਗੜ ਦੇ ਨਾਲ ਵਿਸ਼ੇਸ਼ ਤੌਰ ‘ਤੇ ਮੁਲਾਕਾਤ ਕੀਤੀ।
ਚੇਤੇ ਰਹੇ ਕਿ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਪ੍ਰੌ: ਐਮਨੂਅਲ ਨਾਹਰ ਵੱਲੋਂ ਜਾਰੀ ਨਿਰਦੇਸ਼ਾਂ ਤੇ ‘ਵਫਦ’ ਨੇ ਸਥਾਨਕ ਪ੍ਰਸ਼ਾਸਨ ਦੇ ਆਲ੍ਹਾ ਅਧਿਕਾਰੀਆਂ ਦੇ ਨਾਲ ਹੋਈ ਵਾਰਤਾਲਾਪ ਦੌਰਾਨ ਗੁੱਜਰਾਂ ਦੇ ਦੁੱਧ ਦੀ ਸਪਲਾਈ ਹੋਣ ‘ਚ ਆ ਰਹੀ ਅੜਚਣ ਨੂੰ ਦੂਰ ਕਰਨ ਲਈ ਚਰਚਾ ਕੀਤੀ।
ਸ਼੍ਰੀ ਲਾਲ ਹੁਸੈਨ ਅਤੇ ਸੰਸਥਾ ਦੇ ਪ੍ਰਧਾਨ ਸਤਨਾਮ ਸਿਂਘ ਗਿੱਲ ਅਤੇ ਮੰਗਾ ਸਿੰਘ ਮਾਹਲਾ ਨੇ ਪ੍ਰਸਾਸ਼ਨ ਨੂੰ ਕਿਹਾ ਕਿ ਸੋਸ਼ਲ਼ ਮੀਡੀਆ ਤੇ ਗੁੱਜਰ ਬਿਰਾਦਰੀ ਦੇ ਲੋਕਾਂ ਦੇ ਦੁੱਧ ਨੂੰ ਲੈ ਕੇ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਠੱਲ੍ਹਣ ਲਈ ਸਖਤੀ ਤੋਂ ਕੰਮ ਲੈਣਾ ਚਾਹੀਦਾ ਹੈ। ਉਨ੍ਹਾ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਗਲਤ ਪ੍ਰਚਾਰ ਕਰਨ ਵਾਲਿਆਂ ਦੀ ਪੁਲੀਸ ਸ਼ਨਾਖਤ ਕਰਕੇ ਉਨਾ ਦੇ ਖਿਲਾਫ ਬਣਦੀ ਕਨੂੰਨੀ ਕਾਰਵਾਈ ਬਿਨਾ ਦੇਰੀ ਕਰੇ।
ਤਹਿਸੀਲਦਾਰ ਬਾਬਾ ਬਕਾਲਾ ਸ੍ਰ ਲਛਮਣ ਸਿੰਘ ਨੇ ਮੌਕੇ ਤੇ ਮੌਜੂਦ ਮੀਡੀਆ ਕਰਮੀਆਂ ਨੂੰ ਦੱਸਿਆ ਕਿ ਅੱਜ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮਾਣਯੋਗ ਮੈਂਬਰ ਸ੍ਰੀ ਲਾਲ ਹੁਸ਼ੈਨ ਦੇ ਨਾਲ ਸਾਡੀ ਮੀਟਿੰਗ ਹੋਈ ਹੈ। ਜਿਸ ‘ਚ ਬਿਪਤਾ ਦੀ ਇਸ ਘੜੀ ‘ਚ ਘੱਟ ਗਿਣਤੀ ਫਿਰਕਿਆਂ ਨਾਲ ਸਬੰਧਿਤ ਪ੍ਰੀਵਾਰਾਂ ਦੇ ਰੱਖ ਰਖਾਅ ਨੂੰ ਯਕੀਨੀ ਬਣਾਉਂਣ ਦੀ ਗੱਲ ਕਹੀ ਗਈ ਹੈ।
ਇਸ ਦੇ ਨਾਲ ਗੁੱਜਰ ਬਿਰਾਦਰੀ ਦੇ ਲੋਕਾਂ ਦੇ ਦੁੱਧ ਦੀ ਸਪਲਾਈ ਨੂੰ ਲੈ ਕੇ ਵੀ ਚਰਚਾ ਹੋਈ ਹੈ। ਉਨ੍ਹਾ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਉਠਾਏ ਗਏ ਮੁੱਦਿਆਂ ਬਾਰੇ ਸੀਨੀਅਰ ਅਫਸਰ ਸਾਹਿਬਾਨਾ ਨੂੰ ਜਾਣੂ ਕਰਵਾ ਦਿਤਾ ਜਾਵੇਗਾ।
ਦੱਸਣਾ ਬਣਦਾ ਹੈ ਕਿ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਪ੍ਰੌ : ਐਮਨੂਅਲ ਨਾਹਰ ਨੇ ਪੰਜਾਬ ਦੇ ਕਈ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਜਿਲਾ ਪੁਲੀਸ ਮੁੱਖੀਆਂ ਨੂੰ ਪੱਤਰ ਲਿਖ ਕੇ ਦੁੱਧ ਦੀ ਸਪਲਾਈ ਨੂੰ ਯਕੀਨੀ ਬਣਾਉਂਣ ਲਈ ਵੀ ਨਿਰਦੇਸ਼ ਜਾਰੀ ਕਰ ਦਿੱਤੇ ਹਨ।

ਫੋਟੋ ਕੈਪਸ਼ਨ : ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸ੍ਰੀ ਹੁਸੈਨ ਲਾਲ ਅਤੇ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ, ਮੰਗਾ ਸਿੰਘ ਮਾਹਲਾ ਅਤੇ ਸਿਪਾਹੀ ਦੀਨ ਤਹਿਸੀਲਦਾਰ ਬਾਬਾ ਬਕਾਲਾ ਲਛਮਣ ਸਿੰਘ ਅਤੇ ਨਾਇਬ ਤਹਿਸੀਲਦਾਰ ਨਾਲ ਚਰਚਾ ਕਰਦੇ ਹੋਏ।