5.4 C
United Kingdom
Friday, March 6, 2026

More

    ਪੰਜਾਬ ਆਉਣ ਵਾਲੇ ਵਿਅਕਤੀਆਂ ਲਈ ਐਡਵਾਇਜ਼ਰੀ ਜਾਰੀ-ਡਿਪਟੀ ਕਮਿਸ਼ਨਰ ਅੰਮ੍ਰਿਤਸਰ

    ਈ ਰਜਿਸਟਰਡ ਹੋਣਾ ਹੋਵੇਗਾ ਲਾਜ਼ਮੀ-ਰਜਿਸਟ੍ਰੇਸ਼ਨ ਸਲਿੱਪ ਨਾਲ ਰੱਖਣੀ ਜ਼ਰੂਰੀ

    ਅੰਮ੍ਰਿਤਸਰ,(ਰਾਜਿੰਦਰ ਰਿਖੀ)
    ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਦਾਖ਼ਲ ਹੋਣ ਵਾਲੇ ਵਿਅਕਤੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ਅਤੇ ਇਹ ਐਡਵਾਇਜ਼ਰੀ 7-ਜੁਲਾਈ 2020 ਤੋਂ ਲਾਗੂ ਹੋਵੇਗੀ।
    ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ ਚਾਹੇ ਕੋਈ ਵੱਡਾ ਜਾਂ ਨਾਬਾਲਗ, ਜੋ ਆਵਾਜਾਈ ਦੇ ਕਿਸੇ ਵੀ ਢੰਗ ਭਾਵ ਸੜਕ, ਰੇਲ ਜਾਂ ਹਵਾਈ ਯਾਤਰਾ ਰਾਹੀ ਪੰਜਾਬ ਆ ਰਿਹਾ ਹੈ ਅਤੇ ਪੰਜਾਬ ਵਿੱਚ ਦਾਖ਼ਲ ਹੋਣ ਸਮੇਂ ਉਸਦੀ ਡਾਕਟਰੀ ਜਾਂਚ ਕੀਤੀ ਜਾਵੇਗੀ ਅਤੇ ਅਜਿਹੇ ਵਿਅਕਤੀ ਨੂੰ ਪੰਜਾਬ ਲਈ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਹੇਠਾਂ ਦਿੱਤੇ ਕਿਸੇ ਵੀ ਢੰਗ ਤਰੀਕੇ ਰਾਹੀਂ ਖੁਦ ਨੂੰ ਈ-ਰਜਿਸਟਰ ਕਰਨਾ ਹੋਵੇਗਾ।
    ਜੇ ਵਿਅਕਤੀ ਸੜਕੀ ਯਾਤਰਾ ਰਾਹੀਂ ਆਪਣੇ ਨਿੱਜੀ ਵਾਹਨ ‘ਤੇ ਆ ਰਿਹਾ ਹੈ ਤਾਂ ਉਸਨੂੰ ਆਪਣੇ ਮੋਬਾਈਲ ਫੋਨ ‘ਤੇ ਕੋਵਾ ਐਪ ਡਾਊਨਲੋਡ ਕਰਨੀ ਹੋਵੇਗੀ ਅਤੇ ਆਪਣੇ ਸਮੇਤ ਯਾਤਰਾ ਦੌਰਾਨ ਉਸ ਨਾਲ ਮੌਜੂਦ ਪਰਿਵਾਰ ਦੇ ਹਰੇਕ ਮੈਂਬਰ ਨੂੰ ਰਜਿਸਟਰ ਕਰਨਾ ਹੋਵੇਗਾ ਅਤੇ ਈ-ਰਜਿਸਟ੍ਰੇਸ਼ਨ ਸਲਿਪ ਡਾਊਨਲੋਡ ਕਰਕੇ ਆਪਣੇ ਵਾਹਨ ਦੇ ਅੱਗੇ ਵਾਲੇ ਸ਼ੀਸ਼ੇ ‘ਤੇ ਲਗਾਉਣੀ ਹੋਵੇਗੀ। ਜੇ ਵਿਅਕਤੀ ਜਨਤਕ ਆਵਾਜਾਈ ਜਾਂ ਰੇਲ/ਹਵਾਈ ਯਾਤਰਾ ਰਾਹੀਂ ਆ ਰਿਹਾ ਹੈ ਤਾਂ ਉਸਨੂੰ ਮੋਬਾਇਲ ‘ਤੇ ਇਹ ਸਲਿੱਪ ਆਪਣੇ ਕੋਲ ਰੱਖਣੀ ਹੋਵੇਗੀ ਜਾਂ https://cova.punjab.gov.in/registration ਪੋਰਟਲ ‘ਤੇ ਲੌਗ ਇਨ ਕਰਕੇ ਯਾਤਰਾ ਦੌਰਾਨ ਆਪਣੇ ਨਾਲ ਮੌਜੂਦ ਸਾਰੇ ਪਰਿਵਾਰਕ ਮੈਂਬਰਾਂ ਸਮੇਤ ਖੁਦ ਦੀ ਈ-ਰਜਿਸਟ੍ਰੇਸ਼ਨ ਕਰਨੀ ਹੋਵੇਗੀ ਅਤੇ ਉਪਰੋਕਤ ਦਿੱਤੀ ਪ੍ਰਕਿਰਿਆ ਦੀ ਪਾਲਣਾ ਕਰਨੀ ਹੋਵੇਗੀ।
    ਢਿਲੋ ਨੇ ਦੱਸਿਆ ਕਿ ਜੇ ਪੰਜਾਬ ਆਉਣ ਵਾਲਾ ਕੋਈ ਯਾਤਰੀ ਉਪਰੋਕਤ ਦੱਸੇ ਨਿਰਦੇਸ਼ਾਂ ਦਾ ਪਾਲਣ ਨਹੀਂ ਕਰਦਾ ਤਾਂ ਪੰਜਾਬ ਵਿੱਚ ਦਾਖ਼ਲ ਹੋਣ ਸਮੇਂ ਉਸਨੂੰ ਬਾਰਡਰ, ਰੇਲ, ਏਅਰਪੋਰਟ ਚੈਕ ਪੋਸਟ ਵਿਖੇ ਪੰਜਾਬ ਸਰਕਾਰ ਦੀ ਟੀਮ ਨਾਲ ਸਹਿਯੋਗ ਕਰਨ ਲਈ ਕਿਹਾ ਜਾਵੇਗਾ ਜਿਸ ਵੱਲੋਂ ਡਾਟਾ ਲੈਣ ਦੀ ਪ੍ਰਕਿਰਿਆ ਮੌਕੇ ‘ਤੇ ਹੀ ਕੀਤੀ ਜਾਵੇਗੀ। ਕਿਉਂਕਿ ਉਕਤ ਪ੍ਰਕਿਰਿਆ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ ਇਸ ਲਈ ਪੰਜਾਬ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਉਨਾਂ ਨੂੰ ਉੱਪਰ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।
    ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਕਸਰ ਆਉਣ-ਜਾਣ ਵਾਲੇ ਯਾਤਰੀਆਂ ਨੂੰ ਛੱਡ ਕੇ ਪੰਜਾਬ ਆਉਣ ਵਾਲੇ ਸਾਰੇ ਵਿਅਕਤੀਆਂ ਨੂੰ ਸੂਬੇ ਵਿੱਚ ਦਾਖ਼ਲ ਹੋਣ ਤੋਂ ਬਾਅਦ 14 ਦਿਨਾਂ ਦੇ ਸਵੈ-ਇਕਾਂਤਵਾਸ ਵਿੱਚ ਰਹਿਣਾ ਹੋਵੇਗਾ ਅਤੇ ਇਸ ਸਮੇਂ ਦੌਰਾਨ ਉਨਾਂ ਨੂੰ ਆਪਣੀ ਸਿਹਤ ਦੀ ਸਥਿਤੀ ਬਾਰੇ ਕੋਵਾ ਐਪ ‘ਤੇ ਰੋਜ਼ਾਨਾ ਅਪਡੇਟ ਕਰਨਾ ਹੋਵੇਗਾ ਜਾਂ 112 ‘ਤੇ ਰੋਜ਼ਾਨਾ ਕਾਲ ਕਰਨੀ ਹੋਵੇਗੀ। ਜੇ ਉਹ ਮਹਿਸੂਸ ਕਰਦੇ ਹਨ ਕਿ ਉਨਾਂ ਵਿਚ ਕੋਵਿਡ -19 ਲੱਛਣ ਪੈਦਾ ਹੋ ਰਹੇ ਹਨ ਤਾਂ ਉਨਾਂ ਨੂੰ ਤੁਰੰਤ 104 ‘ਤੇ ਕਾਲ ਕਰਨੀ ਹੋਵੇਗੀ। ਅੰਤਰਰਾਸ਼ਟਰੀ ਯਾਤਰੀਆਂ ਨੂੰ ਪਹਿਲੇ 7 ਦਿਨ ਸੰਸਥਾਗਤ ਇਕਾਂਤਵਾਸ ਅਤੇ ਅਗਲੇ 7 ਦਿਨ ਘਰੇਲੂ ਇਕਾਂਤਵਾਸ ਵਿੱਚ ਰਹਿਣਾ ਹੋਵੇਗਾ।
    ਇਨਾਂ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਾ ਕੋਈ ਵੀ ਵਿਅਕਤੀ ਦੰਡਾਤਮਕ ਕਾਰਵਾਈ ਲਈ ਜ਼ਿੰਮੇਵਾਰ ਹੋਵੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!