3.8 C
United Kingdom
Friday, March 6, 2026

More

    ਖੇਡਾਂ ਉੱਤੇ ਲੋਕਾਂ ਦੇ ਵੱਡੇ ਇਕੱਠਾ ਦਾ ਹੋਣਾ ,ਹੁਣ ਇੱਕ ਸੁਪਨਾ ਬਣ ਕੇ ਹੀ ਰਹਿ ਜਾਵੇਗਾ

    ਖੇਡਾਂ ਵਿੱਚ ਆਵੇਗੀ ਵੱਡੀ ਤਬਦੀਲੀ, ਓਲੰਪਿਕ ਖੇਡਾਂ ਦਾ ਵੀ ਘਟੇਗਾ ਸਾਈਜ਼

    ਕੁਦਰਤ ਦੇ ਬਜਾਏ ਬਿਗਲ ਕਰੋਨਾ ਵਾਇਰਸ ਨੇ ਪੂਰੀ ਦੁਨੀਆਂ  ਬਦਲ ਦਿੱਤੀ ਹੈ ਪਿਛਲੇ 6 ਮਹੀਨਿਆਂ ਤੋਂ ਦੁਨੀਆਂ ਥਾਂ ਦੀ ਥਾਂ ਹੀ ਖੜ੍ਹ ਗਈ ਮਹਿਸੂਸ ਹੋ ਰਹੀ  ਹੈ ।ਖਾਸ ਕਰਕੇ ਜੇਕਰ ਗੱਲ ਕਰੀਏ 2020 ਵਿੱਚ ਹੋਣ ਵਾਲੇ ਅਹਿਮ ਖੇਡ ਮੁਕਾਬਲਿਆਂ ਦੀ ਜਿਨ੍ਹਾਂ ਵਿੱਚ ਟੋਕੀਓ 2020 , ਓਲੰਪਿਕ ਖੇਡਾਂ ,ਯੂਰੋ ਕੱਪ ਫੁੱਟਬਾਲ 2020 ,ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ,ਪ੍ਰੋ ਕਬੱਡੀ ਲੀਗ ,ਪ੍ਰੋ ਹਾਕੀ ਲੀਗ ਅਤੇ ਹੋਰ ਪ੍ਰਮੁੱਖ ਖੇਡਾਂ ਦੇ ਟੂਰਨਾਮੈਂਟ ਜੋ ਆਪਣੇ ਜਾਹੋ ਜਲਾਲ ਤੇ ਹੋਣੇ ਸਨ ਦੀ ਕਹਾਣੀ ਖ਼ਤਮ ਕਰਕੇ ਰੱਖ ਦਿੱਤੀ ਹੈ । ਕੋਈ  ਵੱਡਾ ਖੇਡ ਮੁਕਾਬਲਾ  ਮੁਲਤਵੀ ਹੋ ਗਿਆ ,ਕੋਈ ਰੱਦ ਹੋ ਗਿਆ ,ਕੋਈ ਅੱਗੇ ਪੈ ਗਿਆ ਤੇ ਖੇਡ ਮੈਦਾਨਾਂ ਵਿੱਚ ਪੂਰੀ ਤਰ੍ਹਾਂ ਚੁੱਪ ਵਿਸਰ ਗਈ ਹੈ   ਖਿਡਾਰੀਆਂ ਦੀਆਂ ਖੇਡ ਗਤੀਵਿਧੀਆਂ ਪੂਰੀ ਤਰ੍ਹਾਂ ਠੱਪ ਹੋਕੇ ਰਹਿ ਗਈਆਂ ਹਨ ਇਹ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਪਿਛਲੀ ਸਦੀ ਵਿੱਚ ਪਲੇਗ ,ਹੈਜ਼ਾ ,ਮਲੇਰੀਆ ,ਚੇਚਕ ਅਤੇ ਸਵਾਈਨ ਫਲੂ ਆਦਿ   ਹੋਰ ਭਿਆਨਕ ਬਿਮਾਰੀਆਂ ਨੇ ਦੁਨੀਆਂ ਵਿੱਚ ਮੌਤਾਂ ਦੀ ਤਬਾਹੀ ਮਚਾਈ ਅਤੇ ਦੁਨੀਆਂ ਦਾ ਜਾਨੀ ਮਾਲੀ ਨੁਕਸਾਨ ਕੀਤਾ ਆਖਰ ਫਿਰ ਗੱਡੀ ਲੀਹ ਤੇ ਆ ਜਾਂਦੀ ਰਹੀ ਖ਼ਾਸ ਕਰਕੇ ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧ ਵਿੱਚ ਦੁਨੀਆਂ ਦੀ ਵੱਡੀ ਤਬਾਹੀ ਹੋਈ ਪਰ ਉਹਨਾਂ  ਯੁੱਧਾਂ ਤੋਂ ਬਾਅਦ ਦੁਨੀਆਂ ਵਿੱਚ ਇੱਕ ਵੱਡੀ ਤਬਦੀਲੀ ਆਈ , ਵੱਖ ਵੱਖ ਮੁਲਕਾਂ ਨੇ ਲੜਾਈਆਂ ਅਤੇ ਖਾਨਾਜੰਗੀ ਤੋਂ ਸਬਕ ਸਿੱਖਿਆ ਕਿ ਹਥਿਆਰਾਂ ਨਾਲ ਇੱਕ ਦੂਜੇ ਨੂੰ ਮਾਰਨ ਤੇ ਮਰਵਾਉਣ ਅਤੇ ਹਰਾਉਣ ਦੀ ਬਜਾਏ ਖੇਡ ਮੈਦਾਨਾਂ ਵਿੱਚ ਜੱਦੋ ਜਹਿਦ ਕਰਕੇ ਇੱਕ ਦੂਜੇ ਨੂੰ  ਜਿੱਤਿਆ ਅਤੇ  ਹਰਾਇਆ ਜਾਵੇ । ਇਸ ਤਬਦੀਲੀ ਦਾ ਨਾਮ ਬਣਿਆ ਖੇਡ ਭਾਵਨਾ ਅਤੇ  ਸਪੋਰਟਸਮੈਨਸ਼ਿੱਪ ।

    ਇਸ ਖੇਡ ਭਾਵਨਾ ਨੇ ਪੂਰੀ ਦੁਨੀਆਂ ਨੂੰ ਇੱਕ ਦੂਜੇ ਦੇ ਨੇੜੇ ਕੀਤਾ ਆਪਸੀ ਪਿਆਰ ਮਿਲਵਰਤਨ ਅਤੇ ਅੱਗੇ ਵਧਣ ਦਾ ਮੌਕਾ ਦਿੱਤਾ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੁਨੀਆਂ ਦੇ ਤਾਕਤਵਰ ਮੁਲਕਾਂ ਨੇ ਵਿਸ਼ਵ ਕੱਪ ਫੁੱਟਬਾਲ ਨੂੰ ਜਿੱਤਣਾ ਹੀ ਦੁਨੀਆਂ ਨੂੰ ਜਿੱਤਣਾ ਮੰਨ ਲਿਆ ਜੋ ਫੁੱਟਬਾਲ ਦੀ ਦੁਨੀਆਂ ਦਾ ਚੈਂਪੀਅਨ। ਉਸ ਨੂੰ ਇੰਝ ਲੱਗਦਾ ਕਿ ਓੁਹੀ ਹੀ ਦੁਨੀਆਂ ਦਾ ਦੁਨੀਆਂ ਦਾ ਜੇਤੂ ਬਾਦਸ਼ਾਹ ਹੈ। ਫਰਕ ਤਾਂ ਸਿਰਫ਼ ਜੇਤੂ ਅੰਦਾਜ਼ ਦੀ ਸੋਚ ਦਾ ਹੀ ਹੈ ਭਾਵੇਂ ਉਹ ਜਿੱਤ ਜੰਗ ਦੀ ਹੋਵੇ ਜਾਂ ਖੇਡ ਮੈਦਾਨ ਦੀ ਹੋਵੇ ।ਪੂਰੀ ਦੁਨੀਆਂ ਵਿੱਚ ਓਲੰਪਿਕ ਖੇਡ ਮੁਕਾਬਲਿਆਂ ਦੀ ਚੜ੍ਹਤ ਮੱਚੀ ,1896 ਪਹਿਲੀਆਂ ਏਥਨਜ਼ ਗ੍ਰੀਸ  ਓਲੰਪਿਕ ਖੇਡਾਂ ਵਿੱਚ ਸਿਰਫ 13 ਮੁਲਕਾਂ ਨੇ ਹਿੱਸਾ ਲਿਆ ਸੀ ਜਦ ਕਿ ਹੁਣ ਪੂਰੀ ਦੁਨੀਆਂ ਦੇ ਮੁਲਕ ਹੀ ਓਲੰਪਿਕ ਖੇਡਾਂ ਵਿੱਚ ਭਾਗੀਦਾਰੀ ਪਾਓੁਣ ਲੱਗੇ ਹੋਏ ਹਨ  ਤਗਮੇ ਜਿੱਤਣਾ ਖਿਡਾਰੀਆਂ ਦਾ ਟੀਚਾ ਬਣਿਆ ਫਿਰ ਵੱਖ ਵੱਖ ਮਹਾਂਦੀਪਾਂ ਦੇ ਖੇਡ ਮੁਕਾਬਲੇ ਸ਼ੁਰੂ ਹੋਏ ਵੱਖ ਵੱਖ ਖੇਡਾਂ ਦੇ ਵਿਸ਼ਵਪੱਧਰੀ ਮੁਕਾਬਲੇ ਸ਼ੁਰੂ ਹੋਏ ਏਸ਼ੀਅਨ ਖੇਡਾਂ ,ਹਾਕੀ ਵਰਲਡ ਕੱਪ ਕ੍ਰਿਕਟ ਵਰਲਡ ਕੱਪ ,ਅਥਲੈਟਿਕਸ ਵਰਲਡ ਚੈਂਪੀਅਨਸ਼ਿਪ ਬਗੈਰਾ ਬਗੈਰਾ ਖੇਡ ਸਰਗਰਮੀਆਂ ਸ਼ੁਰੂ ਹੋਈਆ ਹਰ ਮੁਲਕ ਖੇਡਾਂ ਦੇ ਖੇਤਰ ਵਿੱਚ ਸੁਪਰ ਪਾਵਰ ਬਣਨ ਅਤੇ ਖੇਡਾਂ ਦੇ ਖੇਤਰ ਵਿੱਚ ਹਿੱਸਾ ਲੈਣਾ ਆਪਣਾ ਸੁਭਾਗ ਮੰਨਦਾ , ਅੱਜ ਦੀ ਘੜੀ ਖੇਡਾਂ ਦੇ ਵਿੱਚ 143  ਬਿਲੀਅਨ ਯੂਰੋ ਦੀ ਮਾਰਕੀਟਿੰਗ ਹੁੰਦੀ ਹੈ ਟੋਕੀਓ ਓਲੰਪਿਕ 2021ਤੇ 15  ਬਿਲੀਅਨ ਯੂਰੋ ਦੇ ਕਰੀਬ ਖ਼ਰਚ ਆਉਣਾ ਹੈ।ਖੇਡ ਮੈਦਾਨਾਂ ਵਿੱਚ ਲੋਕਾਂ ਦੀ ਆਮਦ ਨੂੰ ਦੇਖਦਿਆਂ ਖੇਡਾਂ ਨੂੰ ਵੱਡੇ ਪੱਧਰ ਤੇ ਸਪਾਂਸਰ ਸ਼ਿਪ ਮਿਲਣੀ ਸ਼ੁਰੂ ਹੋ ਗਈ ਹੈ  ਜਦੋੰ ਦੁਨੀਆਂ ਦੇ ਖੇਡ ਸਟੇਡੀਅਮ ਨੱਕੋ ਨੱਕ ਭਰਨੇ ਸ਼ੁਰੂ ਹੋਏ ਖਿਡਾਰੀ ਦੁਨੀਆਂ ਦੇ ਹੀਰੋ ਬਣੇ ,ਖੇਡਾਂ ਵਿੱਚ ਫਿਲਮੀ ਸਿਤਾਰਿਆਂ ਦੀ ਸ਼ਮੂਲੀਅਤ ਹੋਣ ਲੱਗੀ ,ਕਾਰਪੋਰੇਟ ਹਾਊਸ ਅਤੇ ਵੱਡੇ ਸਪਾਂਸਰ ਖੇਡਾਂ ਵਿੱਚ ਆਏ ਵੱਖ ਵੱਖ ਮੁਲਕਾਂ ਦੀਆਂ ਸਰਕਾਰਾਂ ਦੀ ਅਹਿਮ ਭੂਮਿਕਾ ਖੇਡਾਂ ਵਿੱਚ ਬਣੀ,ਵੱਡੀਆਂ ਵੱਡੀਆਂ ਪ੍ਰਬੰਧਕੀ ਖੇਡ ਕਮੇਟੀਆਂ ਬਣੀਆਂ ,ਅੰਤਰਰਾਸ਼ਟਰੀ ਓਲੰਪਿਕ ਕੌਂਸਲ ਅਤੇ ਹੋਰ ਖੇਡਾਂ ਦੀਆਂ ਵਿਸ਼ਵ ਪੱਧਰੀ ਸੰਸਥਾਵਾਂ ਬਣੀਆਂ ਕਿਸੇ ਲਈ ਇਹ ਖੇਡਾਂ ਖੇਡਾਂ ਹੀ ਰਹੀਆਂ ,ਕਿਸੇ ਲਈ ਆਪਣੀ ਪਹਿਚਾਣ ,ਕਿਸੇ ਲਈ ਵਪਾਰ ਦੇ ਹੱਬ ਬਣ ਗਈਆਂ,ਕੋਈ ਮੁਲਕ ਖੇਡਾਂ ਵਿੱਚ ਆਪਣੀ ਸਰਦਾਰੀ ਦਰਸਾਉਣ ਲੱਗ ਪਿਆ ਕੋਈ ਮੁਲਕ ਕਿਸੇ ਇੱਕ ਖੇਡ ਦੇ ਵਿੱਚ ਹੀ ਆਪਣੀ ਵੱਖਰੀ ਪਹਿਚਾਣ ਬਣਾਉਣ ਲੱਗ ਪਿਆ , ਦਰਸ਼ਕਾਂ ਦੇ ਸਿਰ ਖੇਡਾਂ ਦਾ ਜਨੂੰਨ ਪੂਰੀ ਦੁਨੀਆਂ ਵਿੱਚ ਸਿਰ ਚੜ ਕੇ ਬੋਲ ਰਿਹਾ ਹੈ ਖੇਡ ਭਾਵੇਂ ਫੁੱਟਬਾਲ ਹੋਵੇ ,ਕ੍ਰਿਕਟ ਹੋਵੇ ,ਕਬੱਡੀ ਹੋਵੇ ,ਹਾਕੀ ਬਾਸਕਟਬਾਲ , ਓਸੈਨ ਬੋਲਟ ਜਾਂ ਕਾਰਲੂਈਸ ਦੀ 100 ਮੀਟਰ ਦੀ ਦੌੜ ਹੋਵੇ ਸਟੇਡੀਅਮ ਵਿੱਚ ਦਰਸ਼ਕਾਂ ਦਾ ਹੜ੍ਹ ਆਇਆ ਹੁੰਦਾ ਅਤੇ ਤਿਲ ਸੁੱਟਣ ਜੋਗੀ  ਵੀ ਜਗ੍ਹਾ ਨਹੀਂ ਬਚਦੀ ।
    ਪਰ ਦੁਨੀਆਂ ਵਿੱਚ ਖੇਡਾਂ ਦੇ ਚੱਲਦੇ ਵਧੀਆ ਸੁਹਾਵਣੇ ਮਾਹੌਲ ਨੂੰ ਕਰੋਨਾ ਮਹਾਂਮਾਰੀ ਨੇ ਜੋ ਬ੍ਰੇਕ ਲਾ ਦਿੱਤੀ ਹੈ ਉਸ ਨਾਲ  ਦੁਨੀਆਂ ਦੀਆਂ ਖੇਡਾਂ ਦੇ ਅਰਥ ਹੀ ਬਦਲ ਕੇ ਰੱਖ ਦਿੱਤੇ ਹਨ ਅੱਜ ਦੇ ਹਾਲਾਤ ਇਹ ਹਨ ਕਿ ਚਾਰ ਬੰਦਿਆਂ ਦਾ ਇਕੱਠੇ ਖੜ੍ਹਾ ਹੋਣਾ ਮੁਸ਼ਕਲ   ਹੋ ਗਿਆ ਹੈ ਜ਼ਿੰਦਗੀ ਵਿੱਚ ਸੋਸ਼ਲ ਡਿਸਟੈਂਸ ਦੀ ਭੂਮਿਕਾ ਅਹਿਮ ਹੋ ਗਈ ਹੈ ਕਰੋਨਾ ਵਾਇਰਸ ਦਾ ਕੋਈ ਸਹੀ ਇਲਾਜ ਅਜੇ ਦੁਨੀਆਂ ਨੂੰ ਮਿਲ ਨਹੀਂ ਰਿਹਾ । ਕਰੋਨਾ ਵਾਇਰਸ ਦੀ ਬੀਮਾਰੀ  ਇੰਨੀ ਜਲਦੀ ਜਾਣ ਵਾਲੀ ਨਹੀਂ ,ਖੇਡਾਂ ਬਹੁਤਾ ਸਮਾਂ ਰੁਕਣ ਵਾਲੀਆਂ ਨਹੀਂ ,ਫਿਰ ਆਖਿਰ ਖੇਡਾਂ ਦਾ ਭਵਿੱਖ ਕੀ ਹੋਵੇਗਾ ਕਿ ਖੇਡ ਸਟੇਡੀਅਮ ਪਹਿਲਾਂ ਦੀ ਤਰ੍ਹਾਂ ਲੋਕਾਂ ਨਾਲ ਖਚਾ ਖੱਚ ਨਹੀੰ ਭਰਨਗੇ ,ਟੀਮ ਗੇਮਜ਼ ਜਿਸ ਤਰ੍ਹਾਂ ਫੁੱਟਬਾਲ ਹਾਕੀ ਜਿਸ ਵਿੱਚ ਖਿਡਾਰੀਆਂ ਦੀ ਭਰਮਾਰ ਹੁੰਦੀ ਹੈ ਉਨ੍ਹਾਂ ਖੇਡਾਂ ਵਿੱਚ ਫਿਜ਼ੀਕਲ ਕਾਂਟੈਕਟ ਇੱਕ ਵੱਡੀ ਸਮੱਸਿਆ ਬਣ ਗਈ ਹੈ ਉਹਨਾਂ ਖੇਡਾਂ ਨੂੰ ਕਿਸ ਤਰ੍ਹਾਂ ਖੇਡਾਂਗੇ ਇਸ ਪ੍ਰਤੀ ਪੂਰੀ ਦੁਨੀਆ ਚਿੰਤਤ ਹੈ,ਅੰਤਰ ਰਾਸ਼ਟਰੀ  ਓਲੰਪਿਕ ਕੌਂਸਲ ਬਹੁਤ ਗੰਭੀਰ ਹੈ ਗੱਲ ਕੀ ਹੁਣ ਖੇਡਾਂ ਦਾ ਆਕਾਰ ਅਤੇ ਓਲੰਪਿਕ ਖੇਡਾਂ ਦਾ ਸਾਈਜ਼ ਪੂਰੀ  ਤਰ੍ਹਾਂ ਬਦਲ ਜਾਵੇਗਾ ਅੰਤਰਰਾਸ਼ਟਰੀ ਓਲੰਪਿਕ ਕੌਂਸਲ ਨੇ ਇਹ ਉਪਰਾਲੇ ਸ਼ੁਰੂ ਕਰ ਦਿੱਤੇ ਹਨ ਹੁਣ ਓਲੰਪਿਕ ਖੇਡਾਂ ਜਾਂ ਹੋਰ ਵੱਡੇ ਮੁਕਾਬਲਿਆਂ ਲਈ ਵੱਡੇ ਸਟੇਡੀਅਮ ਬਣਾਉਣ ਦੀ ਲੋੜ ਨਹੀਂ ਪਵੇਗੀ ਦਰਸ਼ਕਾਂ ਦਾ ਇਕੱਠੇ ਹੋ ਕੇ ਖੇਡਾਂ ਵੇਖਣਾ ਸਿਰਫ਼ ਸੁਪਨਾ ਬਣ ਕੇ ਹੀ ਹੁਣ ਰਹਿ ਜਾਵੇਗਾ ਸਿਰਫ ਖਿਡਾਰੀ ਹੀ ਖੇਡ ਮੈਦਾਨਾਂ ਵਿੱਚ ਖੇਡਣਗੇ ਅਤੇ ਲੋਕਾਂ ਨੂੰ ਟੀ ਵੀ ਚੈਨਲਾਂ ਉੱਤੇ ਹੀ ਖੇਡਾਂ ਦਾ ਆਨੰਦ ਮਾਣਨਾ ਪਵੇਗਾ ਖੇਡਾਂ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ ਹਾਕੀ ਫੁਟਬਾਲ ਵਰਗੀਆਂ ਖੇਡਾਂ 11 ਖਿਡਾਰੀਆਂ ਤੋਂ ਘੱਟ ਕੇ 5-ਏ- ਸਾਈਡ ਤੱਕ ਸੀਮਤ ਰਹਿ ਜਾਣਗੀਆਂ। ਬਾਸਕਟਬਾਲ 3*3 ਖਿਡਾਰੀਆਂ ਤੱਕ ਸੀਮਤ ਰਹਿ ਜਾਵੇਗੀ ਕ੍ਰਿਕਟ ਵੀ 20-20 ਓਵਰਾਂ ਤੋਂ ਘੱਟ ਕੇ ਸੀਮਿਤ ਓਵਰ ਅਤੇ ਸੀਮਿਤ ਖਿਡਾਰੀਆਂ ਤੱਕ ਲੈ ਜਾਵੇਗੀ। ਹੋਰ ਖੇਡਾਂ ਨੂੰ ਵੀ ਇਸ ਤਰ੍ਹਾਂ ਦੀ ਹੀ ਖਿਡਾਰੀਆਂ ਪੱਖੋਂ ਖੇਡ ਦੇ ਸਿਸਟਮ ਪੱਖੋਂ ਵੱਡੀ ਕਟੌਤੀ ਲੱਗੇਗੀ ਇਸ ਤਰ੍ਹਾਂ ਖੇਡਾਂ ਖੇਡਣ ਅਤੇ ਦਰਸ਼ਕਾਂ ਵੱਲੋਂ ਦੇਖਣ ਦਾ ਸਮਾਂ ਵੀ ਸੀਮਤ ਜਿਹਾ ਹੀ ਰਹਿ ਜਾਵੇਗਾ ਅਤੇ ਖੇਡਾਂ ਦਾ ਰੋਮਾਂਚ ਅਤੇ ਜਨੂੰਨ ਵੱਡੇ ਪੱਧਰ ਤੇ ਵਧੇਗਾ ਪਰ ਪੰਜਾਬੀਆਂ ਲਈ ਵੱਡੀ ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬੀਆਂ ਦੀ ਮਕਬੂਲ ਖੇਡ ਕਬੱਡੀ ਦਾ ਕੀ ਬਣੇਗਾ ਕਿਉਂਕਿ ਕਬੱਡੀ ਵਿੱਚ ਤਾਂ ਪਹਿਲਾਂ  ਨਾ ਹੀ ਖਿਡਾਰੀਆਂ ਦਾ, ਨਾ ਹੀ ਦਰਸ਼ਕਾਂ ਦਾ ,ਨਾਂ ਹੀ  ਪ੍ਰਬੰਧਕਾਂ ਦਾ ਕੋਈ ਨਿਯਮ ਸਿਧਾਂਤ ਹੈ ਮਨਾਂ ਮੂੰਹੀਂ ਕਬੱਡੀ ਪ੍ਰੇਮੀ ਖਿਡਾਰੀ ਥੋੜ੍ਹੀ ਦੀ ਜਗ੍ਹਾ ਤੇ ਇਕੱਤਰ ਹੋ ਜਾਂਦੇ ਹਨ ਜਦ ਕਿ ਸੋਸ਼ਲ ਡਿਸਟੈਂਸ  ਦਾ ਰਹਿਣਾ ਭਵਿੱਖ  ਵਿੱਚ ਬਹੁਤ ਜ਼ਰੂਰੀ ਹੈ ਇਹ ਮਾਮਲਾ ਸਿਰਫ ਤਾਂ ਹੀ ਹੱਲ ਹੋਵੇਗਾ ਕਿ ਜਦੋਂ  ਪੰਜਾਬ ਸਰਕਾਰ ਇਸ ਪ੍ਰਤੀ ਕੋਈ ਕਾਨੂੰਨ ਜਾਂ ਹਦਾਇਤ  ਅਖਤਿਆਰ ਕਰੇਗੀ ।
                 ਭਵਿੱਖ ਦੀ ਅਸਲੀਅਤ ਤਾਂ ਇਹ ਹੈ ਕਿ ਆਉਣ ਵਾਲਾ ਕੱਲ੍ਹ ਅੱਜ ਵਾਲੀ ਦੁਨੀਆਂ ਤੋਂ ਇੱਕ ਵੱਖਰੀ ਕਿਸਮ ਦਾ ਹੋਵੇਗਾ ਜਦਕਿ ਬੀਤ ਚੁੱਕਿਆ ਕੱਲ੍ਹ ਸਿਰਫ਼ ਇੱਕ ਇਤਿਹਾਸ ਹੋਵੇਗਾ। ਯੂਰਪ ਵਿੱਚ ਬਿਨਾਂ ਦਰਸ਼ਕਾਂ ਤੋਂ ਖੇਡਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਜਰਮਨੀ ਨੇ ਆਪਣੀ ਫੁਟਬਾਲ ਲੀਗ ਸ਼ੁਰੂ ਕਰ ਦਿੱਤੀ ਹੈ ਫ੍ਰਾਂਸ ਦੇ ਸਹਿਰ ਪੈਰਿਸ ਵਿੱਚ 2024 ਦੀਆਂ ਹੋਣ ਵਾਲੀਆਂ ਓਲੰਪਿਕ ਖੇਡਾਂ ਦੀ ਵਿਓਂਤਬੰਦੀ ਅਤੇ ਨਵੇਂ ਬਣਨ ਵਾਲੇ ਸਟੇਡੀਅਮ ਦੀ ਬਣਤਰ ਨਵੇਂ ਯੁੱਗ ਦੀ ਯੋਜਨਾ ਮੁਤਾਬਕ ਸ਼ੁਰੂ ਕਰ ਦਿੱਤੀ ਹੈ ਨਵੇਂ ਬਣਨ ਵਾਲੇ ਸਟੇਡੀਅਮ ਦਰਸ਼ਕਾਂ ਅਤੇ ਮੀਡੀਆ ਦੀ ਭੀੜ ਤੋਂ  ਸੱਖਣੇ ਹੋਣਗੇ ਅੱਜ ਵਾਲੀ ਜ਼ਿੰਦਗੀ ਦੀਆਂ ਅਤੇ ਖੇਡ ਸਿਸਟਮ ਦੀਆਂ  ਅਸੀਂ ਸਿਰਫ ਗੱਲਾਂ ਹੀ ਕਰਿਆ ਕਰਾਂਗੇ ਨਵੀਂ ਜ਼ਿੰਦਗੀ ਅਤੇ ਭਵਿੱਖ ਦੀਆਂ ਖੇਡਾਂ ਕੁਝ ਹੋਰ ਹੀ ਹੋਣਗੀਆਂ  ।

    ਗੱਲ ਇਥੇ ਮੁੱਕਦੀ ਆ ਕਿ ਦੁਨੀਆਂ ਨੇ ਕੁਦਰਤ  ਅਤੇ ਪ੍ਰਕਿਰਤੀ ਨਾਲ ਖਿਲਵਾੜ ਬਹੁਤ ਕੀਤਾ ਹੁਣ ਕੁਦਰਤ ਨੇ ਦੁਨੀਆ ਨੂੰ ਸਬਕ ਸਿਖਾਇਆ ਕਿ ਬੰਦਿਆ ਬੰਦਾ ਬਣ ਅਤੇ ਬੰਦਿਆਂ ਵਾਲੇ ਕੰਮ ਕਰ , ਹੁਣ ਕੁਦਰਤ ਦੀ ਮਾਰ ਤੋਂ ਬਚਿਆ ਬੰਦਾ ਲੱਖ ਵਾਰ ਸੋਚੇਗਾ ਕਿ ਉਸ ਨੇ ਆਪਣੀ ਬਚੀ ਹੋਈ ਜ਼ਿੰਦਗੀ ਕਿਸ ਤਰ੍ਹਾਂ ਜਿਉਣੀ ਹੈ ਭਾਵੇਂ ਹੋਣ ਖੇਡਾਂ ,ਭਾਵੇਂ ਹੋਵੇ ਕੋਈ ਹੋਰ ਖੇਤਰ , ਦੁਨੀਆਂ ਦੇ ਲੋਕਾਂ ਨੂੰ ਕੁਦਰਤ ਦੀ ਤਬਦੀਲੀ ਦੇ ਅਰਥ ਸਮਝਣੇ ਪੈਣਗੇ ਕਿ ਕੁਦਰਤ ਵੱਡੀ ਹੈ ਨਾ ਕੇ ਬੰਦਾ ਪਰ ਇਸ ਬੰਦੇ ਦਾ ਰੱਬ ਹੀ ਰਾਖਾ!

    ਜਗਰੂਪ ਸਿੰਘ ਜਰਖੜ
    ਖੇਡ ਲੇਖਕ
    ਫੋਨ ਨੰਬਰ  9814300722

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!