ਰੋਮ (ਦਲਵੀਰ ਕੈਂਥ)
ਕਦੀ ਸਮਾਂ ਸੀ ਕਿ ਇਟਲੀ ਦੇ ਕਈ ਭਾਰਤੀਆਂ ਦਾ ਇਟਾਲੀਅਨ ਭਾਸ਼ਾ ਵਿੱਚ ਹੱਥ ਤੰਗ ਹੋਣ ਕਾਰਨ ਕੰਮ ਵਾਲੇ ਮਾਲਿਕ ਇਹਨਾਂ ਵਿਚਾਰਿਆਂ ਨੂੰ ਕਈ ਤਰ੍ਹਾਂ ਦੀਆਂ ਹੁਜਤਾਂ ਕਰਦੇ ਨਹੀਂ ਸਨ ਥੱਕਦੇ ਪਰ ਹੁਣ ਲੱਗਦਾ ਹੈ ਕਿ ਉਸ ਦੌਰ ਦਾ ਅੰਤ ਹੋ ਚੁੱਕਾ ਹੈ ਕਿਉਂਕਿ ਜਦੋਂ ਦੇ ਪਰਿਵਾਰਾਂ ਨਾਲ ਆਏ ਭਾਰਤੀ ਬੱਚਿਆਂ ਨੇ ਇਟਲੀ ਦੇ ਸਕੂਲ-ਕਾਲਜਾਂ ਵਿੱਚ ਪੜ੍ਹਾਈ ਵਿੱਚੋਂ 100/100 ਨੰਬਰ ਲੈ ਕੇ ਨਵੇਂ ਰਿਕਾਰਡ ਬਣਾਉਂਣੇ ਸੁਰੂ ਕਰ ਦਿੱਤੇ ਹਨ ਉਦੋਂ ਤੋਂ ਇਟਾਲੀਅਨ ਲੋਕ ਭਾਰਤੀ ਲੋਕਾਂ ਖਾਸਕਰ ਭਾਰਤੀ ਬੱਚਿਆਂ ਦੀਆਂ ਸਿਫ਼ਤਾਂ ਕਰਦੇ ਨਹੀਂ ਥੱਕਦੇ ਕਿ ਭਾਰਤੀ ਲੋਕ ਵੀ ਬਹੁਤ ਦਿਮਾਗੀ ਹਨ।ਅਜਿਹੀ ਹੀ ਸਿਫ਼ਤ ਦਾ ਪਾਤਰ ਬਣੀ ਹੈ ਪੰਜਾਬ ਦੇ ਸ਼ਹਿਰ ਨਵਾਂ ਸ਼ਹਿਰ(ਸ਼ਹੀਦ ਭਗਤ ਸਿੰਘ ਨਗਰ)ਦੀ ਜੰਮਪਲ ਧੀ ਲਵਪ੍ਰੀਤ ਕੌਰ ਪੁੱਤਰੀ ਜਸਦੀਸ਼ ਪੌੜਵਾਲ/ਜਸਵੰਤ ਕੌਰ ਜਿਹੜੀ ਕਿ ਸੰਨ 2014 ਵਿੱਚ ਹੀ ਇਟਲੀ ਦੇ ਸ਼ਹਿਰ ਇਮਪੋਲੀ (ਫਿਰੈਂਸੇ )ਆਈ ।ਲਵਪ੍ਰੀਤ ਕੌਰ ਪਹਿਲਾਂ ਤੋਂ ਹੀ ਪੜ੍ਹਾਈ ਵਿੱਚ ਤੇਜ ਸੀ ਜਿਸ ਕਾਰਨ ਇਟਲੀ ਆਉਂਦੇ ਹੀ ਇਸ ਨੇ ਆਪਣੀ ਪੜ੍ਹਾਈ ਰੁੱਕਣ ਨਹੀਂ ਦਿੱਤੀ ਤੇ 5 ਸਾਲਾਂ ਦੀ ਸਖ਼ਤ ਮਿਹਨਤ ਨਾਲ ਇਸ ਧੀ ਰਾਣੀ ਨੇ ਡੈਂਟਲ ਟੈਕਨੀਸ਼ੀਅਨ ਦੇ ਕੋਰਸ ਵਿੱਚੋ 100 ਵਿੱਚੋ 100 ਨੰਬਰ ਹਾਸਿਲ ਕਰਕੇ ਆਪਣੇ ਪਰਿਵਾਰ ਸਮੇਤ ਪੂਰੇ ਭਾਰਤ ਦਾ ਨਾਮ ਇਟਲੀ ਵਿੱਚ ਚਮਕਾਇਆ ਹੈ । ਨਵੇਂ ਸ਼ਹਿਰ ਦੀ ਧੀ ਨੇ ਇਟਲੀ ਦੇ ਵਿੱਦਿਆਕ ਖੇਤਰ ਵਿੱਚ ਨਵੀਂਆਂ ਪੈੜਾਂ ਪਾਕੇ ਭਾਰਤੀ ਭਾਈਚਾਰੇ ਦਾ ਇਟਲੀ ਭਰ ਵਿੱਚ ਮਾਣ ਵਧਾਈਆ ਹੈ ਜਿਸ ਕਾਰਨ ਇਮਪੋਲੀ ਦਾ ਸਮੁੱਚਾ ਭਾਈਚਾਰਾ ਜਸਦੀਸ਼ ਪੌੜਵਾਲ /ਜਸਵੰਤ ਕੌਰ ਨੂੰ ਵਿਸੇਸ ਮੁਬਾਰਕਾਂ ਦੇ ਰਿਹਾ ਹੈ।ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਲਵਪ੍ਰੀਤ ਕੌਰ ਨੇ ਕਿਹਾ ਕਿ ਇੱਕ ਕਾਬਿਲ ਸਿੱਖਿਆਰਥੀ ਹੋਣ ਨਾਤੇ ਉਸ ਨੂੰ ਜਿੱਥੇ ਸਰਕਾਰ ਵੱਲੋਂ ਵਿਸੇਸ ਸਕਾਲਰਸਿੱਪ ਮਿਲ ਰਹੀ ਹੈ ਉੱਥੇ ਹੀ ਯੂਰਪ ਦੀ ਪਾਰਲੀਮੈਂਟ ਤੇ ਫਰਾਂਸ ਦੀ ਪਾਰਲੀਮੈਂਟ ਵਿੱਚ ਵੀ ਜਾਣ ਦਾ ਮੌਕਾ ਮਿਲਿਆ ਹੈ।ਉਸ ਨੂੰ ਆਪਣੇ ਅਧਿਆਪਕਾਂ ਵੱਲੋਂ ਬਹੁਤ ਹੀ ਪਿਆਰ ਮਿਲਿਆ ਹੈ।ਲਵਪ੍ਰੀਤ ਕੌਰ ਨੇ ਕਿਹਾ ਜਿਸ ਤਰ੍ਹਾਂ ਭਾਰਤੀ ਬੱਚੇ ਹੋਰ ਦੇਸ਼ਾਂ ਵਿੱਚ ਪੜ੍ਹਾਈ ਦੇ ਖੇਤਰ ਵਿੱਚ ਮੱਲਾਂ ਮਾਰਦੇ ਹਨ ਉਸ ਤਰ੍ਹਾਂ ਹੀ ਇਟਲੀ ਵਿੱਚ ਆਏ ਭਾਰਤੀ ਬੱਚੇ ਵੀ ਵਿੱਦਿਆਦਕ ਖੇਤਰ ਵਿੱਚ ਜ਼ਰੂਰ ਅੱਗੇ ਆਉਣ ਤਾਂ ਜੋ ਭਾਰਤੀ ਭਾਈਚਾਰੇ ਦੇ ਮਾਣ-ਸਨਮਾਨ ਨੂੰ ਹੋਰ ਵਧਾਇਆ ਜਾ ਸਕੇ।ਇਸ ਮੌਕੇ ਲਵਪ੍ਰੀਤ ਕੌਰ ਦੀ ਮਾਤਾ ਬੀਬੀ ਜਸਵੰਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਦੋ ਧੀਆ ਹਨ ਜਿਹਨਾਂ ਨੂੰ ਵੱਧ ਤੋਂ ਵੱਧ ਪੜ੍ਹਾਕੇ ਕਾਮਯਾਬ ਬਣਾਉਣਾ ਹੀ ਉਹਨਾਂ ਦੀ ਜਿੰਦਗੀ ਦਾ ਮਕਸਦ ਹੈ ।ਲਵਪ੍ਰੀਤ ਕੌਰ ਜਦੋਂ ਸੰਨ 2014 ਵਿੱਚ ਇਟਲੀ ਆਈ ਸੀ ਤਾਂ ਉਸ ਨੇ ਸਿਰਫ਼ 6 ਮਹੀਨਿਆਂ ਵਿੱਚ ਹੀ ਇਸ ਤਰ੍ਹਾਂ ਇਟਾਲੀਅਨ ਭਾਸ਼ਾ ਬੋਲਣੀ ਤੇ ਪੜ੍ਹਨੀ ਸ਼ੁਰੂ ਕਰ ਦਿੱਤੀ ਸੀ ਜਿਵੇਂ ਕਿ ਉਹ ਇਟਲੀ ਦੀ ਜੰਮਪਲ ਹੋਵੇ।ਇਸ ਕੁੜੀ ਨੂੰ ਹੋਰ ਬੱਚਿਆਂ ਵਾਂਗਰ ਇਟਾਲੀਅਨ ਸਿੱਖਣ ਲਈ ਕੋਈ ਵੱਖਰੀ ਟਿਊਸ਼ਨ ਨਹੀਂ ਲੈਣੀ ਪਈ।ਲਵਪ੍ਰੀਤ ਕੌਰ ਦੇ ਪੜ੍ਹਾਈ ਵਿੱਚ ਪਹਿਲਾ ਸਥਾਨ ਹਾਸਲ ਕਰਨ ਤੇ ਇਟਲੀ ਦੇ ਪ੍ਰਸਿੱਧ ਪੰਜਾਬੀ ਬੁੱਧੀਜੀਵੀ ਹਰਜਿੰਦਰ ਸਿੰਘ ਹੀਰਾ ਨੇ ਕਿਹਾ ਕਿ ਇਸ ਧੀ ਰਾਣੀ ਨੇ ਆਪਣੀ ਸਖ਼ਤ ਮਿਹਨਤ ਅਤੇ ਲਗਨ ਨਾਲ ਜਿਸ ਤਰ੍ਹਾਂ ਆਪਣੀ ਪੜ੍ਹਾਈ ਵਿੱਚੋ ਪਹਿਲਾਂ ਸਥਾਨ ਹਾਸਲ ਕੀਤਾ ਉਸ ਮੁਕਾਮ ਉਪੱਰ ਪਹੁੰਚਣਾ ਇਟਾਲੀਅਨ ਬੱਚਿਆਂ ਲਈ ਵੀ ਕੋਈ ਸੌਖਾ ਕੰਮ ਨਹੀਂ ਪਰ ਲਵਪ੍ਰੀਤ ਕੌਰ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬੀ ਭਾਈਚਾਰੇ ਦੇ ਬੱਚਿਆਂ ਨੇ ਹੁਣ ਇਟਲੀ ਦੇ ਵਿੱਦਿਅਦਕ ਖੇਤਰਾਂ ਵਿੱਚ ਨਵੇਂ ਰਿਕਾਰਡ ਬਣਾਉਣ ਦਾ ਆਗਾਜ ਕਰ ਦਿੱਤਾ ਹੈ ।ਆਉਣ ਵਾਲੇ ਸਮੇਂ ਵਿੱਚ ਹੋਰ ਪੰਜਾਬੀ ਬੱਚੇ ਵੀ ਅਜਿਹੇ ਕਾਰਨਾਮੇ ਜਰੂਰ ਕਰਨਗੇ।ਹਰਜਿੰਦਰ ਸਿੰਘ ਹੀਰਾ (ਜਿਹਨਾਂ ਪੰਜਾਬੀਆਂ ਨੂੰ ਇਟਾਲੀਅਨ ਭਾਸ਼ਾ ਸਿੱਖਾਉਣ ਲਈ 3 ਇਟਾਲੀਅਨ ਤੋਂ ਪੰਜਾਬੀ ਕਿਤਾਬਾਂ ਤੇ ਇੱਕ ਡਿਕਸ਼ਨਰੀ ਵੀ ਲਿੱਖੀ ਹੈ )ਸੈਂਕੜੇ ਇਟਾਲੀਅਨ ਨੂੰ ਪੰਜਾਬੀ ਭਾਸ਼ਾ ਸਿਖਾਉਣ ਵਾਲੇ ਪਹਿਲੇ ਪੰਜਾਬੀ ਹਨ ਜਿਸ ਲਈ ਇਹਨਾਂ ਨੂੰ ਸਨਮਾਨਿਆ ਵੀ ਜਾ ਚੁੱਕਾ ਹੈ।