ਦੂਰ ਹੈ ਭਾਵੇਂ ਮੰਜ਼ਿਲ, ਅਸੀਂ ਤਾਂ ਤੁਰਦੇ ਜਾਣਾ।
ਜਦੋਂ ਤੱਕ ਮਿਹਨਤ ਸਾਡੀ ਲੁੱਟੀ ਜਾਂਦੀ ਰਹੇਗੀ,
ਲੋਟੂਆਂ ਸੰਗ ਟਕਰਾਉਣਾ, ਅਸੀਂ ਤਾਂ ਤੁਰਦੇ ਜਾਣਾ।
ਪੰਧ ਲੰਮੇਰੇ ਥਕਾ ਨਹੀਂ ਸਕਦੇ,
ਰੁਕਣ ਲਈ ਨਹੀਂ ਕੋਈ ਬਹਾਨਾ, ਅਸੀਂ ਤਾਂ ਤੁਰਦੇ ਜਾਣਾ।
ਕਦਮ ਸਿਰੜੀ ਅਸੀਂ ਉਠਾਏ,
ਬਿਖੜੇ ਪੈਂਡੇ ਸੰਗ ਨਿਭਾਣਾ , ਅਸੀਂ ਤਾਂ ਤੁਰਦੇ ਜਾਣਾ।
ਜਿੰਨਾਂ ਦੀ ਧੁੱਪ ਹੈ ਗਹਿਣੇ ਕਦੋਂ ਉਹ ਚੁੱਪ ਰਹਿਣੇ,
ਰੋਹ ਆ ਕੇ ਉਠਣਗੇ ਵਾਂਗ ਤੂਫ਼ਾਨਾਂ, ਅਸੀਂ ਤਾਂ ਤੁਰਦੇ ਜਾਣਾ।
ਜਦੋਂ ਤੱਕ ਰਹੇਗੀ ਕਰਜ਼ ਸਾਡੀ ਹਾੜੀ ਸਾਉਣੀ,
ਸਿਆੜੀ ਪਾ ਬਾਰੂਦ ਉਗਾਣਾ, ਅਸੀਂ ਤਾਂ ਤੁਰਦੇ ਜਾਣਾ।
ਤੁਰਨਗੇ ਉਹ ਨਾਲ ਸਾਰੇ ਜਿੰਨਾਂ ਨੇ ਜ਼ੁਲਮ ਸਹਾਰੇ,
ਕਿਰਤ ਹੋਊਗੀ ਬਾਗ਼ੀ ਨਹੀਂ ਮੰਨਣਾ ਭਾਣਾ, ਅਸੀਂ ਤਾਂ ਤੁਰਦੇ ਜਾਣਾ।