17 C
United Kingdom
Sunday, June 21, 2026

More

    ਮੌੜ ਹਸਪਤਾਲ: ਐਮਰਜੈਂਸੀ ਸ਼ੁਰੂ ਕਰਾਉਣ ਲਈ ਵਿਛਾਈਆਂ ਦਰੀਆਂ

    ਅਸ਼ੋਕ ਵਰਮਾ
    ਬਠਿੰਡਾ, 3 ਜੁਲਾਈ। ਆਮ ਆਦਮੀ ਪਾਰਟੀ ਨੇ ਬਠਿੰਡਾ ਜਿਲੇ ਦੇ ਕਸਬਾ ਮੌੜ ਮੰਡੀ ਦੇ ਸਰਕਾਰੀ ਹਸਪਤਾਲ ’ਚ ਪਿਛਲੇ ਕਰੀਬ ਡੇਢ ਸਾਲ ਤੋਂ ਬੰਦ ਪਈਆਂ ਐਮਰਜੈਂਸੀ ਸੇਵਾਵਾਂ ਮੁੜ ਤੋਂ ਚਾਲੂ ਕਰਵਾਉਣ ਲਈ ਅੱਜ ਸਿਵਲ ਸਰਜਨ ਬਠਿੰਡਾ ਦੇ ਦਫਤਰ ਅੱਗੇ ਧਰਨਾ ਲਾਇਆ ਅਤੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੁਖਵੀਰ ਸਿੰਘ ਮਾਈਸਰਖਾਨਾ ਦੀ ਅਗਵਾਈ ‘ਚ ਦਿੱਤੇ ਇਸ ਧਰਨੇ ਦੌਰਾਨ ਬੁਲਾਰਿਆਂ ਨੇ ਪੰਜਾਬ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਮਸਲਾ ਹੱਲ ਕਰਨ ਦੀ ਮੰਗ ਕੀਤੀ। ਬੁਲਾਰਿਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰੀ ਸਿਹਤ ਸੇਵਾਵਾਂ ਨੂੰ ਮਿਸਾਲੀ ਬਨਾਉਣ ਦਾ ਵਾਅਦਾ ਕੀਤਾ ਸੀ ਪਰ ਹਕੂਮਤ ਦੀਆਂ ਕਥਿਤ ਲੋਕ ਵਿਰੋਧੀ ਨੀਤੀਆਂ ਕਾਰਨ ਆਮ ਆਦਮੀ ਤਾਂ ਸਿਹਤ ਸਹੂਲਤਾਂ ਦੇ ਪੱਖ ਤੋਂ ਮੰਜੇ ਤੇ ਪੈਣ ਜੋਗਾ ਰਹਿ ਗਿਆ ਹੈ। ਇਸ ਮੌਕੇ ਆਪ ਵਰਕਰਾਂ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕਰਦਿਆਂ ਬਿਨਾਂ ਇਲਾਜ ਤੋਂ ਹੁੰਦੀਆਂ ਮੌਤਾਂ ਲਈ ਸਰਕਾਰ ਦੀ ਨੀਤੀ ਨੂੰ ਕਸੂਰਵਾਰ ਕਰਾਰ ਦਿੱਤਾ। ਇਸ ਮੌਕੇ ਆਗੂਆਂ ਨੇ ਸਿਵਲ ਸਰਜਨ ਬਠਿੰਡਾ ਨੂੰ ਮੰਗ ਪੱਤਰ ਦੇਕੇ ਮੌੜ ਸਿਵਲ ਹਸਪਤਾਲ  ਸੌ ਬਿਸਤਰਿਆਂ ਦਾ ਕਰਨ ਸਬੰਧੀ ਮੰਗ ਰੱਖੀ।
                           ਆਪਣੇ ਸੰਬੋਧਨ ਦੌਰਾਨ ਆਪ ਆਗੂ ਸੁਖਵੀਰ ਸਿੰਘ ਮਾਈਸਰਖਾਨਾ ਨੇ ਦੱਸਿਆ ਕਿ ਮੌੜ ਮੰਡੀ ਕੋਲ ਦੀ ਲੰਘਦੇ ਕੌਮੀ ਸੜਕ ਮਾਰਗ ਤੇ ਵਾਪਰਦੇ ਹਾਦਸਿਆਂ ’ਚ ਹੁੰਦੇ ਜਖਮੀਆਂ ਨੂੰ ਅਕਸਰ ਲੋਕ ਸਿਵਲ ਹਸਪਤਾਲ ਮੌੜ ਲਿਆਉਂਦੇ ਹਨ ਪਰ ਐਮਰਜੈਂਸੀ ਸੋੇਵਾਵਾਂ ਬੰਦ ਹੋਣ ਕਰਕੇ ਪੀੜਤਾਂ ਨੂੰ ਖੱਜਲ ਖੁਆ ਹੋਣਾ ਪੈਂਦਾ ਹੈ। ਉਨਾਂ ਆਖਿਆ ਕਿ ਲੋਕ ਮਜਬੂਰੀਵੱਸ ਬਠਿੰਡਾ; ਦੇ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲਾਂ ਦਾ ਰੁੱਖ ਕਰਦੇ ਹਨ ਜਦੋਂਕਿ ਸੇਵਾ ਚੱਲਦੀ ਹੋਵੇ ਤਾਂ ਮੁਸ਼ਕਲਾਂ ਘਟ ਸਕਦੀਆਂ ਹਨ। ਉਨਾਂ ਦੱਸਿਆ ਕਿ ਵਕਤ ਸਿਰ ਇਲਾਜ ਨਾਂ ਮਿਲਣ ਕਰਕੇ ਵੱਡੀ ਗਿਣਤੀ ਲੋਕ ਰੱਬ ਨੂੰ ਪਿਆਰੇ ਹੋ ਚੁੱਕੇ ਹਨ ਅਤਤੇ ਅਜੇ ਇਹ ਸਿਲਸਿਲਾ ਰੁਕਿਆ ਨਹੀਂ ਹੈ। ਉਨਾਂ ਦੋਸ਼ ਲਾਇਆ ਕਿ ਅਸਲ ’ਚ ਇਹ ਗਲਤੀ ਪੰਜਾਬ ਸਰਕਾਰ ਦੀ ਹੈ ਜਿਸ ਦਾ ਖਮਿਆਜਾ ਹਾਦਸਾ ਪੀੜਤ ਅਤੇ ਉਨਾਂ ਦੇ ਪ੍ਰੀਵਾਰ ਭੁਗਤਣ ਲਈ ਮਜਬੂਰ ਹਨ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਮੌੜ ਮੰਡੀ ’ਚ ਹੋਏ ਬੰਬਧਮਾਕੇ ਦੀ ਮਿਸਾਲ ਦਿੰਦਿਆਂ ਸ੍ਰੀ ਮਾਈਸਰਖਾਨਾ ਨੇ ਕਿਹਾ ਕਿ ਜੇਕਰ ਉਸ ਵਕਤ  ਵੀ ਗੰਭੀਰ ਰੂਪ ’ਚ  ਜਖਮੀ ਵਿਅਕਤੀਆਂ ਚੋਂ ਕੁਝ ਸਹੀ ਸਮੇਂ ‘ਤੇ ਇਲਾਜ ਮਿਲ ਜਣਾ ਤਾਂ ਉਨਾਂ ਦੀ ਜਾਨ ਬਚ ਸਕਦੀ ਸੀ ਜਦੋਂਕਿ ਕਈ ਜਣੇ ਦਮ ਤੋੜ ਗਏ ਸਨ।
                            ਉਨਾਂ ਦੱਸਿਆ ਕਿ ਦੋ ਸਾਲ ਪਹਿਲਾਂ ਤੱਤਕਾਲੀ ਏਡੀਸੀ ਸਾਕਸ਼ੀ ਸਾਹਨੀ ਦੇ ਦਖਲ ਕਾਰਨ ਐਮਰਜੈਂਸੀ ਸੇਵਾਵਾਂ ਚਾਲੂ ਕਰ ਦਿੱਤੀਆਂ ਸਨ ਜਿੰਨਾਂ ਨੂੰ ਤਿੰਨ ਮਹੀਨਿਆਂ ਬਾਅਦ ਹੀ  ਬੰਦ ਕਰ ਦਿੱਤਾ ਗਿਆ। ਉਨਾਂ ਕਿਹਾ ਕਿ ਹਸਪਤਾਲ ’ਚ ਲਿਆਂਦੇ ਮਰੀਜ਼ ਸਿਰਫ ਰੈਫ਼ਰ ਕੀਤੇ ਜਾ ਰਹੇ ਹਨ ਜਦੋਂਕਿ ਉਨਾਂ ਨੂੰ ਢੁੱਕਵਾਂ ਇਲਾਜ  ਦਿੱਤਾ ਜਾਣਾ ਚਾਹੀਦਾ ਹੈ। ਉਨਾਂ ਦੱਸਿਆ ਕਿ  ਬਾਦਲ ਸਰਕਾਰ ਦੇ ਰਾਜ ’ਚ ਇਸ ਹਸਪਤਾਲ ਨੂੰ 30 ਬੈਡ ਦਾ ਕਰਨ ਦੀ ਗੱਲ ਆਖੀ ਗਈ ਸੀ ਪਰ ਹਸਪਤਾਲ ਫਾਈਲਾਂ ’ਚਚ ਹੀ 30 ਬੈਡ ਦਾ ਹੈ ਜਦੋਂਕਿ ਹੈ ਸਿਰਫ 25 ਬੈਡਾਂ ਦੀ ਸਹੂਲਤ ਹੈ। ਇਸ ਮੌਕੇ ਪਾਰਟੀ ਦੇ ਜਰਨਲ ਸਕੱਤਰ ਬੂਟਾ ਸਿੰਘ ਸੰਦੋਹਾ, ਜਨਰਲ ਸੈਕਟਰੀ ਅਮਨਦੀਪ ਮੌੜ, ਬਲਾਕ ਪ੍ਰਧਾਨ ਯੂਥ ਵਿੰਗ ਅਮਨਦੀਪ ਸਿੰਘ, ਗੁਰਸੇਵਕ ਸਿੰਘ ਸੰਦੋਹਾ, ਗੁਰਮੀਤ ਸਿੰਘ, ਰਮੇਸ਼ ਸਿੰਘ ਬੁਰਜ ਗਿੱਲ ਆਦਿ ਆਗੂਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇ 15 ਦਿਨਾਂ ਦੇ ਅੰਦਰ ਅੰਦਰ ਉਨਾਂ ਦੀਆਂ ਮੰਗਾਂ ਤੇ ਕਾਰਵਾਈ ਨਾਂ ਕੀਤੀ ਤਾਂ ਆਮ ਲੋਕਾਂ ਨੂੰ ਨਾਲ ਲੈਕੇ ਤਿੱਖਾ ਸੰਘਰਸ਼ ਵਿੱਢਿਆ ਜਾਏਗਾ ਜਿਸ ਦੇ ਸਿੱਟਿਆਂ ਪ੍ਰਤੀ ਪੰੰਜਾਬ ਸਰਕਾਰ ਜਿੰਮੇਵਾਰ ਹੋਵੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!