ਪਾਰਟੀ ਨੈਸ਼ਨਲ-ਫਿਕਰ ਇਕ ਆਈਲੈਂਡ ਦਾ
ਔਕਲੈਂਡ 2 ਜੁਲਾਈ (ਹਰਜਿੰਦਰ ਸਿੰਘ ਬਸਿਆਲਾ)

ਨੈਸ਼ਨਲ ਪਾਰਟੀ ਦੇ ਇਕ ਸਾਂਸਦ ਹਮੀਸ਼ ਵਾਕਰ (ਹਲਕਾ ਕਲੂਥਾ ਸਾਊਥਲੈਂਡ) ਨੇ ਤਿੰਨ ਮੁਲਕਾਂ ਭਾਰਤ, ਪਾਕਿਸਤਾਨ ਅਤੇ ਕੋਰੀਆ ਤੋਂ ਪਰਤ ਰਹੇ ਏਸ਼ੀਅਨ ਲੋਕਾਂ ਉਤੇ ਉਂਗਲ ਉਠਾਈ ਹੈ ਕਿ ਉਹ ਕਰੋਨਾ ਦੇਸ਼ ਦੇ ਵਿਚ ਲੈ ਕੇ ਆ ਰਹੇ ਹਨ। ਨੈਸ਼ਨਲ ਨੇਤਾ ਹੋਣ ਦੇ ਬਾਵਜੂਦ ਉਸਨੂੰ ਸਿਰਫ ਆਪਣੇ ਆਈਲੈਂਡ ਦਾ ਫਿਕਰ ਹੈ ਕਿ ਇਨ੍ਹਾਂ ਵਿਚੋਂ ਕੋਈ ਵੀ ਸਾਊਥ ਆਈਲੈਂਡ ਵਿਖੇ ਆਈਸੋਲੇਟ ਨਾ ਕੀਤਾ ਜਾਵੇ। ਪਤਾ ਨਹੀਂ ਕਿਹੜੇ ਕੰਪਿਊਟਰ ਤੋਂ ਉਸਨੇ ਇਹ ਲਿਸਟ ਕੱਢ ਮਾਰੀ ਕਿ 11,000 ਲੋਕ ਸਾਊਥ ਆਕਲੈਂਡ ਦੇ ਵਿਚ ਰੱਖੇ ਜਾ ਰਹੇ ਹਨ। ਸਬੰਧਿਤ ਮੰਤਰੀ ਨੇ ਭਾਵੇਂ ਇਸਦੀ ਖੂਬ ਕਲਾਸ ਲਾਈ ਹੈ ਕਿਹਾ ਹੈ ਕਿ ਕੁੱਲ 6000 ਤਾਂ ਲੋਕ ਆਏ ਹਨ। ਇਸ ਸਾਂਸਦ ਵੱਲੋਂ ਸਿਰਫ ਤਿੰਨ ਮੁਲਕਾਂ ਦਾ ਨਾਂਅ ਲੈਣਾ ਨਸਲਵਾਦੀ ਸੋਚ ਦਾ ਪ੍ਰਤੀਕ ਸਾਬਿਤ ਹੋ ਰਿਹਾ ਹੈ। ਜਦ ਕਿ ਮੰਤਰੀ ਸਾਹਿਬਾ ਨੇ ਉਸਦਾ ਧਿਆਨ ਅਮਰੀਕਾ ਅਤੇ ਯੂ. ਕੇ ਤੋਂ ਆਏ ਲੋਕਾਂ ਵੱਲ ਵੀ ਦਿਵਾਇਆ ਹੈ। ਸਾਂਸਦ ਦਾ ਕਹਿਣਾ ਹੈ ਕਿ ਸਾਊਥ ਆਈਲੈਂਡ ਦੇ ਲੋਕਾਂ ਦੀ ਸਲਾਹ ਵੀ ਨਹੀਂ ਲਈ ਗਈ ਕਿ ਨਵੇਂ ਆ ਰਹੇ ਲੋਕ ਉਥੇ ਰੱਖੇ ਜਾਣ ਜਾਂ ਫਿਰ ਨਾ। ਇਸ ਸਾਂਸਦ ਨੇ ਬਹਾਨਾ ਲਾਇਆ ਕਿ ਲੋਕ ਉਸਨੂੰ ਕਹਿ ਰਹੇ ਹਨ ਕਿ ਵਿਦੇਸ਼ੀ ਲੋਕ ਉਥੇ 14 ਦਿਨਾਂ ਦੇ ਏਕਾਂਤਵਾਸ ਲਈ ਨਾ ਆਉਣ। ਸੋ ਇਹ ਸਾਂਸਦ ਅੰਦਰ ਬਿਠਾ ਕੇ ਰੱਖੇ ਜਾ ਰਹੇ ਯਾਤਰੀਆਂ ਤੋਂ ਬਾਹਰ ਬੈਠਾ ਹੀ ਡਰ ਰਿਹਾ ਹੈ।