
ਅਸ਼ੋਕ ਵਰਮਾ
ਮਾਨਸਾ, 01 ਜੁਲਾਈ : ਖੇਤਬਾੜੀ ਅਤੇ ਕਿਸਾਨ ਭਲਾਈ ਵਿਭਾਗ , ਮਾਨਸਾ ਵੱਲੋਂ ਡਾ: ਰਾਮ ਸਰੂਪ, ਮੁੱਖ ਖੇਤੀਬਾੜੀ ਅਫਸਰ, ਮਾਨਸਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਨਰਮੇ ਦੀ ਫਸਲ ਦਾ ਨਿਰੀਖਣ ਕਰਨ ਲਈ ਪੈਸਟ ਸਰਵੇਲੈਂਸ ਦੀ ਇੱਕ ਜ਼ਿਲ੍ਹਾ ਪੱਧਰੀ ਅਤੇ ਪੰਜ ਬਲਾਕ ਪੱਧਰੀ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜ਼ਿਲ੍ਹਾ ਪੱਧਰੀ ਟੀਮ ਹਫਤੇ ਵਿੱਚ ਇੱਕ ਵਾਰ ਅਤੇ ਬਲਾਕ ਪੱਧਰੀ ਟੀਮਾਂ ਹਫਤੇ ਵਿੱਚ ਦੋ ਵਾਰ ਨਰਮੇ ਦੀ ਫਸਲ ਦਾ ਨਿਰੀਖਣ ਕਰਨਗੀਆਂ। ਇਨ੍ਹਾਂ ਜ਼ਿਲ੍ਹਾ ਪੱਧਰੀ ਟੀਮਾਂ ਨੇ ਅੱਜ ਵੱਖ-ਵੱਖ ਪਿੰਡਾਂ ਤਾਮਕੋਟ, ਰੱਲਾ, ਜੋਗਾ, ਅਕਲੀਆ, ਖਿਆਲਾ ਖੁਰਦ, ਬੁਰਜ ਹਰੀ ਅਤੇ ਉਭਾ ਪਿੰਡਾਂ ਵਿੱਚ ਨਰਮੇ ਦੇ ਖੇਤਾਂ ਦਾ ਸਰਵੇਖਣ ਕੀਤਾ।
ਸਰਵੇਖਣ ਦੋਰਾਨ ਡਾ: ਚਮਨਦੀਪ ਸਿੰਘ, ਡੀ.ਪੀ.ਡੀ ਆਤਮਾ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਆਪਣੇ ਖੇਤਾਂ ਵਿੱਚ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਉਹਨਾਂ ਨੇ ਸਰਵੇਖਣ ਕਰਨ ਦੇ ਢੰਗ ਬਾਰੇ ਵੀ ਕਿਸਾਨਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਬੂਟੇ ਸਵੇਰੇ 8:00 ਵਜੇ ਤੋਂ ਪਹਿਲਾਂ ਖੇਤ ਦੇ ਵੱਖ-ਵੱਖ ਹਿੱਸਿਆਂ ਵਿੱਚ ਲੱਗੇ ਬੂਟਿਆਂ ਦੇ ਉਪਰਲੇ ਤਿੰਨ ਪੱਤਿਆਂ ਨੂੰ ਵੇਖਿਆ ਜਾਵੇ ਅਤੇ ਚਿੱਟੇ ਮੱਛਰ ਦੀ ਗਿਣਤੀ ਨੋਟ ਕੀਤੀ ਜਾਵੇ। ਜੇਕਰ ਪ੍ਰਤੀ ਪੱਤਾ 6 ਚਿੱਟੇ ਮੱਛਰ ਹੋਣ ਤਾਂ ਸਪਰੇਅ ਦੀ ਲੋੜ ਹੁੰਦੀ ਹੈ।
ਡਾ: ਜਸਲੀਨ ਕੌਰ ਧਾਲੀਵਾਲ, ਖੇਤੀਬਾੜੀ ਵਿਕਾਸ ਅਫ਼ਸਰ ਨੇ ਦੱਸਿਆ ਕਿ ਨਰਮੇ ਦੀ ਫਸਲ ਬਿਲਕੁਲ ਠੀਕ ਠਾਕ ਹੈ। ਇਸ ਸਮੇਂ ਕਿਸਾਨਾਂ ਨੂੰ ਨਰਮੇ ਦੇ ਖੇਤਾਂ ਵਿੱਚ 25 ਕਿੱਲੋ ਯੂਰੀਆ ਪ੍ਰਤੀ ਏਕੜ ਪਾਣੀ ਤੋ ਬਾਅਦ ਪਾਉਣਾ ਚਾਹੀਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਕਿਸਾਨ ਆਪਣੇ ਆਪਣੇ ਖੇਤਾਂ ਦਾ ਆਲਾ ਦੁਆਲਾ ਨਦੀਨਾਂ ਤੋਂ ਮੁਕਤ ਰੱਖਣ ਤਾਂ ਜੋ ਕੋਈ ਕੀੜਾ ਮਕੌੜਾ ਇਨ੍ਹਾਂ ਤੇ ਨਾ ਪਲ ਸਕੇ। ਜ਼ਿਲੇ੍ਹ ਦੀ ਟੀਮ ਨੇ ਇਹ ਵੀ ਦੱਸਿਆ ਕਿ ਹਰ ਬਲਾਕ ਦੀਆਂ ਟੀਮਾਂ ਵੱਲੋ ਵੱਖ-ਵੱਖ ਪਿੰਡਾਂ ਵਿੱਚ ਨਰਮੇ ਦੇ ਖੇਤਾਂ ਦਾ ਸਰਵੇਖਣ ਕੀਤਾ ਗਿਆ ਹੈ। ਸਰਵੇਖਣ ਦੀਆਂ ਰਿਪੋਰਟਾਂ ਅਨੁਸਾਰ ਨਰਮੇ ਦੀ ਫਸਲ ਤੇ ਇਸ ਸਮੇਂ ਕਿਸੇ ਕਿਸਮ ਦਾ ਕੋਈ ਕੀੜਾ ਮਕੋੜਾ (ਚਿੱਟਾ ਮੱਛਰ, ਹਰਾ ਤੇਲਾ ਅਤੇ ਜੂੰ) ਆਦਿ ਦਾ ਹਮਲਾ ਨਹੀਂ ਦੇਖਣ ਨੂੰ ਮਿਲਿਆ। ਟੀਮ ਵੱਲੋਂ ਇਹ ਵੀ ਦੱਸਿਆ ਗਿਆ ਕਿ ਜਦੋਂ ਫੁੱਲ ਬੂੰਗੀ ਖੇਤ ਵਿੱਚ ਕਿਤੇ ਕਿਤੇ ਵੇਖਣ ਨੂੰ ਮਿਲਦੀ ਹੈ ਤਾਂ 13:0:45 (ਪੋਟਾਸੀਅਮ ਨਾਈਟਰੇਟ 2 ਪ੍ਰਤੀਸ਼ਤ ) ਦੀਆਂ 4 ਸਪਰੇਆਂ ਹਰ ਕਿਸਾਨ ਨੂੰ ਹਫਤੇ ਹਫਤੇ ਦੇ ਵਕਫ਼ੇ ਤੇ ਕਰਨੀਆ ਚਾਹੀਦੀਆਂ ਹਨ। ਇਸ ਨਾਲ ਨਰਮੇ ਦੀ ਫਸਲ ਦਾ ਝਾੜ ਵੱਧਦਾ ਹੈ। ਇਸ ਟੀਮ ਵਿੱਚ ਮਨਪ੍ਰੀਤ ਸਿੰਘ, ਖੇਤੀਬਾੜੀ ਉਪ ਨਿਰੀਖਕ ਵੀ ਸ਼ਾਮਲ ਸਨ।