ਅਸ਼ੋਕ ਵਰਮਾ

ਮਾਨਸਾ, 01 ਜੁਲਾਈ : ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਕੋਰੋਨਾ ਖਿਲਾਫ ਚੱਲ ਰਹੀ ਮੁਹਿੰਮ ਨੂੰ ਹੋਰ ਗਤੀਸ਼ੀਲ ਕਰਦੇ ਹੋਏ ਪੰਜਾਬ ਸਰਕਾਰ ਅਤੇ ਯੂਥ ਡਿਵੈਲਪਮੈਂਟ ਬੋਰਡ ਪੰਜਾਬ ਵੱਲੋ ਮਿਸ਼ਨ ਫਤਿਹ ਮੁਹਿੰਮ ਤਹਿਤ 4 ਜੁਲਾਈ ਨੂੰ ਘਰ-ਘਰ ਜਾਕੇ ਲੋਕਾਂ ਨੂੰ ਕੋਰੋਨਾ ਸਬੰਧੀ ਜਾਗਰੂਕ ਕੀਤਾ ਜਾਵੇਗਾ ਅਤੇ ਵੱਧ ਤੋ ਵੱਧ ਕੋਵਾ ਐਪ ਡਾਉਨਲੋਡ ਕਰਨ ਲਈ ਲਈ ਪ੍ਰੇਰਿਤ ਕੀਤਾ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਸ਼੍ਰੀ ਸਰਬਜੀਤ ਸਿੰਘ ਅਤੇ ਸੀਨੀਅਰ ਲੇਖਾਕਾਰ ਸ਼੍ਰੀ ਸੰਦੀਪ ਸਿੰਘ ਘੰਡ ਨੇ ਸਮੂਹ ਵਲੰਟੀਅਰਜ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਨਾਲ ਸਬੰਧਤ ਕਲੱਬਾਂ ਪਹਿਲਾਂ ਵੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋ ਸ਼ੁਰੂ ਕੀਤੀ ਮੁਹਿੰਮ ਦਾ ਹਿੱਸਾ ਬਣੇ ਹੋਏ ਹਨ ਅਤੇ ਇਹ ਮੁਹਿੰਮ ਕੋਰੋਨਾ ਦੇ ਖਾਤਮੇ ਤੱਕ ਜਾਰੀ ਰੱਖੀ ਜਾਵੇਗੀ। ਸ਼੍ਰੀ ਸਰਬਜੀਤ ਸਿੰਘ ਨੇ ਕਿਹਾ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਹੁੱਣ ਤੱਕ ਦਸ ਹਜਾਰ ਦੇ ਕਰੀਬ ਸਟਿੱਕਰ ਪਿੰਡਾਂ ਵਿੱਚ ਲਗਾਏ ਗਏ ਹਨ ਅਤੇ ਕਲੱਬਾਂ ਵੱਲੋ ਆਪਣੇ ਪੱਧਰ ‘ਤੇ ਪਿੰਡਾਂ ਦੀਆਂ ਕੰਧਾਂ ਉਪਰ ਸਲੋਗਨ ਵੀ ਲਿਖੇ ਗਏ ਹਨ।ਉਨ੍ਹਾਂ ਦੱਸਿਆ ਕਿ ਇਸ ਤੋ ਇਲਾਵਾ ਕੋਰੋਨਾ ਵਿੱਚ ਕੰਮ ਕਰਨ ਵਾਲੇ ਵਲੰਟੀਅਰਜ ਨੂੰ ਕੋਰੋਨਾ ਯੋਧੇ ਦੇ ਬੈਜ ਲਗਾ ਕੇ ਵੀ ਸਨਮਾਨਿਤ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਨੇ ਕੋਰੋਨਾ ਦਾ ਖਾਤਮੇ ਦਾ ਸੰਕਲਪ ਲਿਆ ਹੋਇਆ ਹੈ ਅਤੇ ਹੁੱਣ ਤੱਕ ਅੱਠ ਹਜ਼ਾਰ ਨੌਜਵਾਨਾਂ ਨੇ ਸਵੈ-ਇੱਛਕ ਤੌਰ ‘ਤੇ ਕੋਰੋਨਾ ਵਿੱਚ ਸੇਵਾਵਾਂ ਲਈ ਆਪਣਾ ਨਾਮ ਦਰਜ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋ ਇਲਾਵਾ ਕਲੱਬਾਂ ਵੱਲੋ ਲੋੜਵੰਦਾਂ ਨੂੰ ਰਾਸ਼ਨ ਅਤੇ ਮਾਸਕ ਵੀ ਮੁਹੱਈਆ ਕਰਵਾਏ ਗਏ ਹਨ ਅਤੇ ਵੱਖ-ਵੱਖ ਅਨਾਜ ਮੰਡੀਆ ਵਿੱਚ ਵੀ ਸਮਾਜਿਕ ਦੂਰੀ ਬਣਾਈ ਰੱਖਣ, ਮਾਸਕ ਪਹਿਨਣ ਅਤੇ ਵਾਰ-ਵਾਰ ਹੱਥ ਧੋਣ ਬਾਰੇ ਜਾਗਰੂਕ ਕੀਤਾ ਗਿਆ ਹੈ। ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਬਾਰੇ ਦੱਸਦਿਆਂ ਸ਼੍ਰੀ ਸੰਦੀਪ ਘੰਡ ਨੇ ਦੱਸਿਆ ਕਿ ਵੱਖ ਵੱਖ ਬਲਾਕਾਂ ਜਿੰਨ੍ਹਾਂ ਵਿੱਚ ਮਾਨਸਾ ਬਲਾਕ ਲਈ ਸੁਖਵਿੰਦਰ ਸਿੰਘ, ਲੱਡੂ ਧੰਜਲ, ਬੁਢਲਾਡਾ ਬਲਾਕ ਲਈ ਰਮਨਦੀਪ ਕੌਰ, ਖੁਸ਼ਵਿੰਦਰ ਸਿੰਘ, ਝੁਨੀਰ ਲਈ ਮਨਦੀਪ ਕੌਰ ਅਤੇ ਸੰਦੀਪ ਸਿੰਘ ਭੀਖੀ ਲਈ ਲਵਪ੍ਰੀਤ ਕੌਰ ਅਤੇ ਜਸਪਾਲ ਸਿੰਘ ਅਤੇ ਸਰਦੂਲਗੜ ਲਈ ਗੁਰਵਿੰਦਰ ਸਿੰਘ, ਦਵਿੰਦਰ ਸਿੰਘ ਅਤੇ ਸ਼ੀਤਲ ਕੌਰ ਦੀ ਡਿਊਟੀ ਲਗਾਈ ਗਈ ਹੈ ਅਤੇ ਇਸ ਮੁਹਿੰਮ ਦੀ ਸ਼ਰੂਆਤ 4 ਜੁਲਾਈ ਨੂੰ ਵੱਖ-ਵੱਖ ਪਿੰਡਾਂ ਤੋਂ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਕੇਵਲ ਇੱਕ ਦਿਨ ਤੱਕ ਸੀਮਤ ਨਹੀ ਰੱਖਿਆ ਜਾਵੇਗਾ ਬਲਕਿ ਇਸ ਨੂੰ ਨਿਰੰਤਰ ਜਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਨਾਲ ਅੱਗੇ ਵੀ ਜਾਰੀ ਰੱਖਿਆ ਜਾਵੇਗਾ।