11.3 C
United Kingdom
Sunday, May 19, 2024

More

    ਕਹਾਣੀ – ਦਰਦ

    ਬਲਜੀਤ ਕੌਰ ਲੁਧਿਆਣਵੀ

    ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਜੇਠ ਹਾੜ੍ਹ ਦੇ ਮਹੀਨੇ ਤੇ ਤਿੱਖੀ ਤੇਜ਼ ਧੁੱਪ ਸੀ। ਅੱਜ ਸ਼ਨੀਵਾਰ ਦਾ ਦਿਨ ਸੀ ਅਤੇ ਮੈਨੂੰ ਦਫਤਰ ਤੋਂ ਜਲਦੀ ਛੁੱਟੀ ਹੋ ਗਈ। ਸਿਖਰ ਦੁਪਹਿਰ ਨੂੰ 2 ਵਜੇ ਧੁੱਪ ਵਿੱਚ ਬਾਹਰ ਨਿਕਲਣਾ ਬਹੁਤ ਔਖਾ ਲੱਗਦਾ ਸੀ। ਮੈਂ ਆਪਣੇ ਮੂੰਹ ਤੇ ਹੱਥਾਂ ਨੂੰ ਚੰਗੀ ਤਰ੍ਹਾਂ ਢੱਕਿਆ ਅਤੇ ਆਪਣੀ ਕਾਇਨੈਟਿਕ ਸਟਾਰਟ ਕਰ ਕੇ ਘਰ ਜਾਣ ਨੂੰ ਚੱਲ ਪਈ। ਮੈਂ ਇੱਕ ਟ੍ਰੈਫਿਕ ਲਾਈਟ ਪਾਰ ਕਰਕੇ ਦੂਜੇ ਚੌਂਕ ਵੱਲ ਨੂੰ ਜਾ ਰਹੀ ਸੀ ਤਾਂ ਮੈਂ ਦੂਰੋਂ ਇੱਕ ਰੇੜ੍ਹਾ ਜਾਂਦਾ ਦੇਖਿਆ ਜੋ ਕਿ ਪੂਰੀ ਤਰ੍ਹਾਂ ਲੋਹੇ ਦੇ ਸਰੀਏ ਨਾਲ ਲੱਦਿਆ ਹੋਇਆ ਸੀ। ਮੇਰੇ ਦੇਖਦੇ – ਦੇਖਦੇ ਕੁਝ ਸਕਿੰਟਾਂ ਦੇ ਵਿੱਚ ਰੇੜ੍ਹੇ ਦਾ ਘੋੜਾ ਜਮੀਨ ਤੇ ਡਿੱਗ ਜਾਂਦਾ ਹੈ।

    ਮੈਂ ਰੇੜ੍ਹੇ ਕੋਲ ਜਾ ਕੇ ਆਪਣੀ ਕਾਇਨੈਟਿਕ ਰੋਕ ਲਈ। ਜਦ ਮੈਂ ਘੋੜੇ ਵੱਲ ਦੇਖਿਆ ਤਾਂ ਘੋੜੇ ਦੀ ਜੀਭ ਉਸ ਦੇ ਮੂੰਹ ਤੋਂ ਬਾਹਰ ਨਿਕਲੀ ਹੋਈ ਸੀ, ਉਹ ਬੜੇ ਲੰਬੇ – ਲੰਬੇ ਸਾਹ ਲੈ ਰਿਹਾ ਸੀ। ਕੁਝ ਕੁ ਪਲਾਂ ਵਿਚ ਉੱਥੇ ਹੋਰ ਆਉਣ ਜਾਣ ਵਾਲੇ ਵੀ ਰੁੱਕ ਜਾਂਦੇ ਹਨ। ਸਭ ਉਸ ਘੋੜੇ ਵੱਲ ਵੇਖੀ ਜਾ ਰਹੇ ਸੀ ਪਰ ਮਦਦ ਲਈ ਕੋਈ ਅੱਗੇ ਨਹੀਂ ਸੀ ਆ ਰਿਹਾ।

    ਰੇੜ੍ਹੇ ਵਾਲਾ ਘੋੜੇ ਦੇ ਬਹੁਤ ਜ਼ੋਰ – ਜ਼ੋਰ ਨਾਲ ਚਾਬੁਕ ਮਾਰੀ ਜਾ ਰਿਹਾ ਸੀ ਅਤੇ ਉਸ ਨੂੰ ਉੱਠਣ ਲਈ ਕਹਿ ਰਿਹਾ ਸੀ। ਘੋੜਾ ਜਮੀਨ ਤੋਂ ਉੱਠਣ ਦੀ ਕੋਸ਼ਿਸ਼ ਤਾਂ ਬਹੁਤ ਕਰ ਰਿਹਾ ਸੀ ਪਰ ਉਸ ਵਿਚ ਉੱਠਣ ਦੀ ਹਿੰਮਤ ਨਹੀਂ ਸੀ। ਰੇੜ੍ਹੇ ਵਾਲਾ ਲਗਾਤਾਰ ਘੋੜੇ ਦੇ ਚਾਬੁਕ ਮਾਰੀ ਜਾ ਰਿਹਾ ਸੀ। ਉਸ ਦਾ ਇਹ ਵਿਉਹਾਰ ਦੇਖ ਕੇ ਮੈਨੂੰ ਬਹੁਤ ਗੁੱਸਾ ਆ ਗਿਆ ਅਤੇ ਉਸਨੂੰ ਕਿਹਾ,,”ਜੇ ਤੁਹਾਡੇ ਉੱਤੇ ਕੋਈ ਐਨਾ ਭਾਰ ਲੱਦੇ ਤਾਂ ਤੁਹਾਡੇ ਤੇ ਕੀ ਬੀਤੇਗੀ…ਉੱਪਰ ਦੀ ਤੁਸੀਂ ਇਸਨੂੰ ਕੁੱਟੀ ਜਾ ਰਹੇ ਹੋ, ਜੇ ਇਕ ਬੇਜ਼ੁਬਾਨ ਜਾਨਵਰ ਤੁਹਾਨੂੰ ਕੁਝ ਕਹਿ ਨਹੀਂ ਸਕਦਾ ਤਾਂ ਤੁਸੀਂ ਉਸ ਤੇ ਏਨਾ ਜੁਲਮ ਕਰੋਗੇ।”

    ਮੈਨੂੰ ਉੱਚੀ ਬੋਲਦਿਆਂ ਨੂੰ ਸੁਣ ਕੇ ਭੀੜ ਵਿੱਚੋਂ ਵੀ ਦੋ – ਤਿੰਨ ਜਣੇ ਉਸ ਨੂੰ ਰੋਕਣ ਲਈ ਆਏ। ਫਿਰ ਇਕ ਸਰਦਾਰ ਜੀ ਨੇ ਰੇੜ੍ਹੇ ਵਾਲੇ ਦੇ ਹੱਥ ਵਿਚੋਂ ਚਾਬੁਕ ਫੜਿਆ ਅਤੇ ਉਸ ਨੂੰ ਕੁੱਟਣ ਤੋਂ ਰੋਕਿਆ। ਸਰਦਾਰ ਜੀ ਨੇ ਰੇੜ੍ਹੇ ਵਾਲੇ ਨੂੰ ਗੁੱਸੇ ਵਿੱਚ ਕਿਹਾ,”ਜੇ ਭਾਈ… ਤੇਰੇ ਉੱਤੇ ਤਿੰਨ ਚਾਰ ਆਦਮੀ ਬੈਠੇ ਹੋਣ ਤੇ ਤੈਨੂੰ ਜ਼ਬਰਦਸਤੀ ਉੱਠਣ ਲਈ ਕਹਿਣ, ਕੀ ਤੂੰ ਖੜਾ ਹੋ ਜਾਏਂਗਾ?” ਸਰਦਾਰ ਜੀ ਦੀ ਗੱਲ ਸੁਣ ਕੇ ਰੇੜ੍ਹੇ ਵਾਲੇ ਨੂੰ ਸ਼ਰਮਿੰਦਗੀ ਜਿਹੀ ਮਹਿਸੂਸ ਹੋਣ ਲੱਗੀ ਅਤੇ ਉਹ ਕੁਝ ਨਹੀਂ ਬੋਲਿਆ। ਸਰਦਾਰ ਜੀ ਨੇ ਉਸਨੂੰ ਸਭ ਤੋਂ ਪਹਿਲਾ ਘੋੜੇ ਦੀਆਂ ਰੱਸੀਆਂ ਖੋਲ੍ਹਣ ਨੂੰ ਕਿਹਾ।

    ਫਿਰ ਅਸੀਂ ਚਾਰ – ਪੰਜ ਜਣਿਆਂ ਨੇ ਘੋੜੇ ਨੂੰ ਸਹਾਰਾ ਦੇ ਕੇ ਖੜਾ ਕੀਤਾ ਅਤੇ ਉਸ ਨੂੰ ਛਾਵੇਂ ਬੰਨ੍ਹ ਦਿੱਤਾ। ਫੇਰ ਸਰਦਾਰ ਜੀ ਰੋਡ ਪਾਰ ਕਰਕੇ ਸਾਹਮਣੇ ਇਕ ਚਾਹ ਵਾਲੀ ਦੁਕਾਨ ਤੋਂ ਪਾਣੀ ਦੀ ਬਾਲਟੀ ਲੈ ਕੇ ਆਏ ਅਤੇ ਘੋੜੇ ਨੂੰ ਪਾਣੀ ਪਿਲਾਇਆ। ਘੋੜਾ ਪਾਣੀ ਇੰਝ ਪੀ ਰਿਹਾ ਸੀ ਜਿਵੇਂ ਪਤਾ ਨਹੀਂ ਉਹ ਕਿੰਨੇ ਦਿਨਾਂ ਦਾ ਪਿਆਸਾ ਹੋਵੇ। ਰੇੜ੍ਹੇ ਵਾਲੇ ਨੇ ਵੀ ਘੋੜੇ ਨੂੰ ਖਾਣ ਲਈ ਚਾਰਾ ਦਿੱਤਾ। ਅੱਧੇ ਕੁ ਘੰਟੇ ਬਾਅਦ ਘੋੜੇ ਦੀ ਹਾਲਤ ਵਿੱਚ ਸੁਧਾਰ ਆਉਣ ਲੱਗਾ ਅਤੇ ਉਹ ਅੱਖਾਂ ਖੋਲ ਕੇ ਚਾਰੇ ਪਾਸੇ ਦੇਖ ਰਿਹਾ ਸੀ।

    ਰੇੜ੍ਹੇ ਵਾਲੇ ਨੇ ਸਾਡੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਅਤੇ ਕਿਹਾ,”ਜੇ ਤੁਸੀਂ ਸਾਰੇ ਮੇਰੀ ਮੱਦਦ ਨਾ ਕਰਦੇ ਤਾਂ ਅੱਜ ਮੈਂ ਗੁੱਸੇ ਵਿੱਚ ਆ ਕੇ ਆਪਣੀ ਰੋਜ਼ੀ ਰੋਟੀ ਦਾ ਸਾਧਨ ਆਪਣੇ ਹੱਥੀਂ ਹੀ ਮਾਰ ਦੇਣਾ ਸੀ।” ਮੈਂ ਉਸਨੂੰ ਜਵਾਬ ਦਿੰਦੇ ਹੋਏ ਕਿਹਾ,”ਤੁਸੀਂ ਇਸ ਨੂੰ ਇਕ ਸਾਧਨ ਸਮਝ ਰਹੇ ਹੋ, ਇਹ ਕੋਈ ਨਿਰਜੀਵ ਵਸਤੂ ਨਹੀਂ ਹੈ ਬਲਕਿ ਇਹ ਤੁਹਾਡੇ ਨਾਲ ਕੰਮ ਕਰਨ ਵਾਲਾ ਤੁਹਾਡਾ ਸਾਥੀ ਹੈ,  ਜਿਸ ਦਿਨ ਤੁਸੀਂ ਇਹ ਸਮਝ  ਲਵੋਗੇ ਉਸ ਦਿਨ ਤੁਹਾਡਾ ਇਸ ਦੇ ਪ੍ਰਤੀ ਬਰਤਾਵ ਵੀ ਬਦਲ ਜਾਵੇਗਾ।” ਰੇੜ੍ਹੇ ਵਾਲੇ ਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ ਬੱਸ ਨੀਵੀਂ ਪਾ ਕੇ ਸਭ ਦੀਆਂ ਗੱਲਾਂ ਸੁਣੀ ਜਾ ਰਿਹਾ ਸੀ। ਸਰਦਾਰ ਜੀ ਅੰਕਲ ਨੇ ਮੈਨੂੰ ਕਿਹਾ,”ਬੇਟਾ ਤੁਸੀਂ ਵੀ ਕਦੋਂ ਦੇ ਏਨੀ ਗਰਮੀ ਵਿਚ ਖੜੇ ਹੋ, ਹੁਣ ਤੁਸੀਂ ਆਪਣੇ ਘਰ ਜਾਓ।” ਮੈਂ ਅੰਕਲ ਜੀ ਦਾ ਧੰਨਵਾਦ ਕੀਤਾ ਅਤੇ ਕਿਹਾ,” ਹਾਂ ਜੀ ਅੰਕਲ ਜੀ।”

    ਮੈਂ ਆਪਣੇ ਕਾਇਨੈਟਿਕ ਸਟਾਰਟ ਕੀਤੀ ਅਤੇ ਜਾਂਦੀ ਵਾਰੀ ਘੋੜੇ ਵੱਲ ਦੇਖਿਆ ਤਾਂ ਘੋੜੇ ਦੀਆਂ ਨਜ਼ਰਾਂ ਵੀ ਸਾਡੇ ਵੱਲ ਹੀ ਸਨ। ਮੈਂ ਜਦੋਂ ਚੌਂਕ ਦੀਆਂ ਲਾਈਟਾਂ ਤੱਕ ਪੁੱਜੀ ਤਾਂ ਮੈਨੂੰ ਘੋੜੇ ਦੇ ਹਿੰਨਕਣ ਦੀ ਆਵਾਜ਼ ਆਈ…ਮੈਨੂੰ ਇੰਝ ਮਹਿਸੂਸ ਹੋਇਆ ਜਿਵੇਂ ਘੋੜਾ ਸਾਰਿਆਂ ਨੂੰ ਧੰਨਵਾਦ ਕਰ ਰਿਹਾ ਹੋਵੇ।

    ਜਾਨਵਰਾਂ ਵਿਚ ਵੀ ਜਾਨ ਹੈ, ਤੱਪਦੀ ਗਰਮੀ ਵਿਚ ਉਹਨਾਂ ਦੀ ਵੀ ਇਸੇ ਤਰਾਂ ਦੇਖਭਾਲ ਕਰੋ ਜਿਵੇਂ ਅਸੀਂ ਆਪਣਾ ਧਿਆਨ ਰੱਖਦੇ ਹਾਂ।

    PUNJ DARYA

    Leave a Reply

    Latest Posts

    error: Content is protected !!