ਲਾਕ ਡਾਊਨ ਦਾ ਪਾਲਣ ਸਖਤੀ ਨਾਲ ਕਰਵਾਇਆ ਜਾ ਰਿਹੈ: ਐਸ.ਐਚ.ਓ. ਜੈਜੀ
ਮਾਲੇਰਕੋਟਲਾ, 30 ਜੂਨ (ਜਮੀਲ ਜੌੜਾ):
ਮਾਲੇਰਕੋਟਲਾ ‘ਚ ਦਿਨੋਂ ਦਿਨ ਵਧ ਰਹੇ ਕਰੋਨਾ ਪਾਜ਼ਿਟਿਵ ਕੇਸਾਂ ਤੇ ਕਾਬੂ ਪਾਉਣ ਲਈ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਮਵੀਰ ਵੱਲੋਂ 2 ਦਿਨ ਮੰਗਲਵਾਰ ਅਤੇ ਬੁੱਧਵਾਰ ਦਾ ਮੁਕੰਮਲ ਲਾਕ ਡਾਊਨ ਕੀਤਾ ਗਿਆ ਹੈ । ਜਿਸ ਦੌਰਾਨ ਮਾਲੇਰਕੋਟਲਾ ਦੇ ਸਰਹਿੰਦੀ ਗੇਟ, ਕੇਲੋਂ ਗੇਟ, ਭੁਮਸੀ, ਕਿਲਾ ਰਹਿਮਤਗੜ੍ਹ, ਜਮਾਲਪੁਰਾ ਸਮੇਤ ਹਰ ਗਲੀ ਮੁਹੱਲੇ, ਚੌਂਕਾਂ ‘ਚ ਪੁਲਿਸ ਨੇ ਬਹੁਤ ਹੀ ਮੁਸਤੈਦੀ ਨਾਲ ਡਿਊਟੀ ਨਿਭਾਉਂਦਿਆਂ ਨਿਯਮਾਂ ਦਾ ਪਾਲਣ ਕਰਵਾਇਆ । ਸਵੇਰ ਤੋਂ ਹੀ ਪੁਲਿਸ ਪਾਰਟੀ ਨੇ ਗਸ਼ਤ ਸ਼ੁਰੂ ਕਰ ਦਿਤਾ ਅਤੇ ਬਿਨ੍ਹਾ ਵਜ੍ਹਾ ਕਿਸੇ ਨੂੰ ਵੀ ਬਾਹਰ ਘੁੰਮਣ ਦੀ ਇਜ਼ਾਜਤ ਨਹੀਂ ਦਿਤੀ ਗਈ । ਅੱਜ ਸਾਰਾ ਦਿਨ ਮਾਲੇਰਕੋਟਲਾ ‘ਚ ਬਿਲਕੁਲ ਸੰਨਾਟਾ ਰਿਹਾ । ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਐਸ.ਐਚ.ਓ. ਸਿਟੀ-2 ਦੀਪਇੰਦਰ ਸਿੰਘ ਜੇਜੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਮਵੀਰ ਦੇ ਆਦੇਸ਼ ਅਨੁਸਾਰ 2 ਦਿਨ ਮੰਗਲਵਾਰ ਅਤੇ ਬੁੱਧਵਾਰ ਦਾ ਮੁਕੰਮਲ ਲਾਕ ਡਾਊਨ ਕੀਤਾ ਗਿਆ ਹੈ ਤਾਂ ਕਿ ਕਰੋਨਾ ਵਾਇਰਸ ਦੀ ਚੇਨ ਨੂੰ ਤੋੜਿਆ ਜਾ ਸਕੇ । ਉਨਾਂ ਕਿਹਾ ਕਿ ਮਾਲੇਰਕੋਟਲਾ ਦੇ ਲੋਕਾਂ ਨੇ ਵੀ ਪੂਰਣ ਸਹਿਯੋਗ ਮਿਲ ਰਿਹਾ ਹੈ ਅਤੇ ਜੋ ਕੋਈ ਵੀ ਬਿਨਾਂ ਕਿਸੇ ਖਾਸ ਵਜ੍ਹਾ ਤੋਂ ਘਰੋਂ ਬਾਹਰ ਨਿਕਲ ਰਿਹਾ ਹੈ ਉਸ ਨੂੰ ਸਖਤੀ ਨਾਲ ਨਜਿੱਠਿਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਲਾਕਡਾਊਨ ਦੀ ਉਲੰਘਣਾ ਕਰਨ ਵਾਲਿਆਂ ਦੇ 35 ਦੇ ਲੱਗਭਗ ਚਲਾਨ ਵੀ ਕੀਤੇ ਗਏ ।ਸ੍ਰੀ ਜੇਜੀ ਨੇ ਪ੍ਰੈਸ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਪੁਲਿਸ, ਡਾਕਟਰਾਂ ਅਤੇ ਹੋਰ ਵੱਖ-ਵੱਖ ਖੇਤਰਾਂ ‘ਚ ਕੰਮ ਕਰ ਰਹੇ ਮੁਲਾਜ਼ਮਾਂ ਦਾ ਸਹਿਯੋਗ ਦੇਣ ਅਤੇ ਸਮੇਂ-ਸਮੇਂ ਤੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਜਾਂਦੀਆਂ ਸਾਵਧਾਨੀਆਂ ਵਰਤਣ ਤਾਂ ਕਿ ਇਸ ਮਹਾਮਾਰੀ ਤੋਂ ਬਚਿਆ ਜਾ ਸਕੇ ।