ਸਤਿੰਦਰ ਸਿੰਘ ਓਠੀ
ਦਿਲ ਤਾਂ ਰੱਬ ਦਾ ਘਰ ਹੁੰਦਾ ਏ,
ਉੱਚਾ -ਸੁੱਚਾ ਦਰ ਹੁੰਦਾ ਏ ।
ਜ਼ਾਲਮ ਸਾਹਵੇਂ ਜੋ ਡਟਦਾ ਹੈ,
ਉਹੀ ਅਸਲੀ ਨਰ ਹੁੰਦਾ ੲੇ।
ਸਹਿਮੇ ਆਪਣੇ ਪਰਛਾਵੇਂ ਤੋਂ ,
ਕਿੰਨਾ ਘਾਤਕ ਡਰ ਹੁੰਦਾ ਏ।
ਜੇ ਫ਼ੌਲਾਦੀ ਜਿਗਰਾ ਰੱਖੇਂ,
ਤਾਂ ਹੀ ਪਰਬਤ ਸਰ ਹੁੰਦਾ ਏ ।
ਬੜੀ ਘਾਲਣਾ ਘਾਲ ਕੇ ਮਿਲਦਾ ,
ਗੁਰੂਆਂ ਦਾ ਜੋ ਵਰ ਹੁੰਦਾ ਏ।
ਜੋ ਮਰ ਕੇ ਵੀ ਜਿਉਂਦਾ ਰਹਿੰਦਾ ,
ਸਭ ਤੋਂ ਨਾ ਇਹ ਮਰ ਹੁੰਦਾ ਏ।
ਕਾਇਰਾਂ ਦੇ ਹੀ ਸ਼ਬਦ-ਕੋਸ਼ ਵਿੱਚ,
ਜੇ ,ਕਿੰਤੂ ਤੇ ਪਰ ਹੁੰਦਾ ਏ ।
ਉਸ ਨੇ ਭਲਾ ਕੀ ਸਾਗਰ ਤਰਨਾ,
ਜੇ ਨਾ ਟੋਭਾ ਤਰ ਹੁੰਦਾ ਏ ।
ਦਿਲ ਵੱਡਾ ਰੱਖੇਂਗਾ ਤਾਂ ਹੀ ,
ਘਾਟਾ -ਵਾਧਾ ਜਰ ਹੁੰਦਾ ਏ ।
ਦਿਲ ਦੇ ਗੋਸ਼ੇ ਦਰਦ ਹੈ ਤਾਂ ਹੀ,
ਨੈਣੀ ਅੱਥਰੂ ਭਰ ਹੁੰਦਾ ਏ।
ਉਸ ਦਾਤੇ ਦੀ ਮਿਹਰ ਦੇ ਸਦਕਾ,
ਸੀਸ ਤਲੀ ‘ਤੇ ਧਰ ਹੁੰਦਾ ੲੇ।
ਤੇਗ ਦੀ ਧਾਰ ‘ਤੇ ਨੱਚਣਾ ‘ਓਠੀ’,
ਵਿਰਲੇ ਤੋਂ ਹੀ ਕਰ ਹੁੰਦਾ ਏ ।