ਬਰਤਾਨਵੀ ਕੈਬਨਿਟ ਮੀਟਿੰਗ ਮੁਲਤਵੀ
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਕੋਰੋਨਾਵਾਇਰਸ ਪੀੜਤ ਹੋਣ ਤੋਂ ਬਾਅਦ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ 10 ਦਿਨ ਤੋਂ ਇਕਾਂਤਵਾਸ ‘ਚ ਸਨ। ਉਹਨਾਂ ਨੂੰ ਹਸਪਤਾਲ ਭਰਤੀ ਕਰਵਾਉਣ ਉਪਰੰਤ ਕੱਲ੍ਹ ਹੋਣ ਵਾਲੀ ਕੈਬਨਿਟ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਤੋਂ ਬਾਅਦ ਉਹਨਾਂ ਦਾ ਕੰਮਕਾਜ਼ ਵਿਦੇਸ਼ ਸਕੱਤਰ ਡੌਮਨਿਕ ਰਾਬ ਦੇਖਣਗੇ। ਦੇਸ਼ ਭਰ ਵਿੱਚ ਪ੍ਰਧਾਨ ਮੰਤਰੀ ਦੀ ਸਿਹਤਯਾਬੀ ਲਈ ਦੁਆਵਾਂ ਹੋ ਰਹੀਆਂ ਹਨ। ਸਕਾਟਲੈਂਡ ਦੀ ਚੀਫ ਹੈਲਥ ਅਫ਼ਸਰ ਡਾ: ਕੈਥਰੀਨ ਕਾਲਡਰਵੁੱਡ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣ ਦਾ ਸਮਾਚਾਰ ਹੈ। ਉਹਨਾਂ ਇਹ ਅਸਤੀਫ਼ਾ ਇਸ ਕਰਕੇ ਦਿੱਤਾ ਕਿ ਉਸਨੇ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਹੈ। ਜਿਕਰਯੋਗ ਹੈ ਕਿ ਕੈਥਰੀਨ ਆਪਣੇ ਐਡਿਨਬਰਾ ਸਥਿਤ ਘਰ ਤੋਂ ਇੱਕ ਘੰਟੇ ਤੋਂ ਵਧੇਰੇ ਰਸਤਾ ਕਾਰ ਰਾਹੀਂ ਤੈਅ ਕਰਕੇ ਅਰਲਜ਼ਬੈਰੀ ਸਥਿਤ ਆਪਣੇ ਦੂਜੇ ਘਰ ਦੋ ਵਾਰ ਗਈ ਸੀ। ਇਹ ਵੀ ਦੱਸਣਾ ਬਣਦਾ ਹੈ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਗੈਰਜ਼ਰੂਰੀ ਸਫ਼ਰ ਕਰਨੋਂ ਸੰਕੋਚ ਕਰਨ ਨੂੰ ਕਿਹਾ ਗਿਆ ਹੈ। ਨਾਲ ਹੀ ਲੋਕਾਂ ਨੂੰ ਹਦਾਇਤ ਕੀਤੀ ਹੋਈ ਹੈ ਕਿ ਉਹ ਆਪਣੇ ਜੱਦੀ ਘਰਾਂ ਵਿੱਚ ਹੀ ਰਹਿਣ। ਚੀਫ ਮੈਡੀਕਲ ਅਫਸਰ ਨੇ ਭਰੇ ਮਨ ਨਾਲ ਆਪਣਾ ਅਸਤੀਫ਼ਾ ਦਿੰਦਿਆਂ ਆਪਣੇ ਗੈਰਜ਼ਿੰਮੇਵਾਰਾਨਾ ਵਿਵਹਾਰ ਲਈ ਮੁਆਫ਼ੀ ਵੀ ਮੰਗੀ ਹੈ।