ਮੋਹ ਮੁਹੱਬਤਾਂ ਵਾਲੇ ਸੌਦੇ, ਮਿਲਣ ਨਾ ਮਹਿੰਗੇ ਸਸਤੇ,
ਰਾਹ ਦਰਸਾਵੇ ਰੁਲ਼ਦੇ ਵੇਖੇ, ਇਹ ਨੇ ਬਿਖੜੇ ਰਸਤੇ..!
ਵਸਲੋਂ ਪਹਿਲਾਂ ਈ ਮੁੜ ਗਏ ਬਹੁਤੇ, ਵਿਰਲਾ ਮੰਜ਼ਿਲੀਂ ਵੜਿਆ,
ਨਜ਼ਰ ਸਵੱਲੀ ਡਾਹਢੇ ਦੀ ਬਿਨ, ਫੱਟ ਜਾਵੇ ਦੁੱਧ ਕੜ੍ਹਿਆ..!
ਕਿੰਝ ਸਮਝਾਵਾਂ ਇਸ ਝੱਲੇ ਨੂੰ, ਛੱਡ ਔਂਸੀਆਂ ਪਾਉਣਾ,
ਜਿਹਦੇ ਨਾਉਂ ਦੇ ਮਣਕੇ ਗਿਣਦਾਂ, ਖੌਰੇ ਉਸ ਕਦ ਆਉਣਾ..!
ਪੱਤਣਾਂ ਵੱਲ ਪਰ ਮੁੜ ਨਾ ਢੁੱਕਦਾ, ਜੋ ਇਸ ਵਹਿਣੇ ਹੜ੍ਹਿਆ,
ਰਹਿਮਤ ਬਾਝੋਂ ਉਸ ਢਾਹਢੇ ਦੀ, ਫੱਟ ਜਾਵੇ ਦੁੱਧ ਕੜ੍ਹਿਆ..!
ਸੰਝ ਪਏ ਜਦ ਲੋਆਂ ਢਲ਼ੀਆਂ, ਫੇਰ ਕਾਫ਼ਲਾ ਤੁਰਨਾ,
ਕੁਝ ਤੇ ਵਹੀਏ ਐਸਾ ਲਿਖਲੈ, ਅੰਤ ਪਵੇ ਨਾ ਝੁਰਨਾ ,
ਬੱਸ ਕਰ “ਹੈਪੀ” ਮਾਣ ਨਾ ਕਰ ਤੂੰ , ਬਹੁਤ ਜਮਾਤਾਂ ਪੜ੍ਹਿਆ ,
ਨਜ਼ਰ ਸਵੱਲੀ ਬਾਝੋਂ ਉਸ ਦੀ, ਫੱਟ ਜਾਸੀ ਦੁੱਧ ਕੜ੍ਹਿਆ..!
–“ਹੈਪੀ ਚੌਧਰੀ “ ਟੋਰਾਂਟੋ ( ਕਨੇਡਾ )
حیپ ی چوہدری