ਅਸ਼ੋਕ ਵਰਮਾ
ਮਾਨਸਾ, 28 ਜੂਨ : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸ਼ੁਰੂ ਕੀਤੇ ਮਿਸ਼ਨ ਫਤਿਹ ਤਹਿਤ ਵਧੀਆ ਯੋਗਦਾਨ ਪਾਉਣ ਵਾਲਿਆਂ ਨੂੰ ਸਨਮਾਨਿਤ ਕਰਨ ਲਈ ‘ਮਿਸ਼ਨ ਫਤਿਹ ਯੋਧਾ’ ਮੁਕਾਬਲਾ ਸ਼ੁਰੂ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ ਹੁਣ ਤੱਕ 2513 ਵਿਅਕਤੀਆਂ ਨੇ ਕੋਵਾ ਐਪ ਡਾਊਨਲੋਡ ਕੀਤੀ ਹੈ, 619 ਕੋਰੋਨਾ ਯੋਧਿਆਂ ਨੇ ਕੋਵਾ ਐਪ ਤੇ ਆਪਣੀਆਂ ਤਸਵੀਰਾਂ ਅਪਲੋਡ ਕੀਤੀਆਂ ਹਨ ਜਿੰਨ੍ਹਾਂ ਵਿਚੋਂ ਕੋਰੋਨਾ ਖਿਲਾਫ ਜੰਗ ਵਿਚ ਵਧੀਆ ਭੂਮਿਕਾ ਨਿਭਾਉਣ ਵਾਲੇ 2 ਯੂਜ਼ਰ ਸਿਲਵਰ ਮੈਡਲ ਅਤੇ 6 ਯੂਜ਼ਰ ਬਰੋਨਜ਼ ਮੈਡਲ ਜਿੱਤ ਚੁੱਕੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਸ਼ਨ ਫਤਿਹ ਯੋਧਾ ਮੁਕਾਬਲੇ ਵਿਚ ਭਾਗ ਲੈਣ ਲਈ ਸਭ ਤੋਂ ਪਹਿਲਾਂ ਆਪਣੇ ਮੋਬਾਇਲ ਫੋਨ ਤੇ ਕੋਵਾ ਐਪ ਡਾਊਨਲੋਡ ਕੀਤੀ ਜਾਵੇ ਅਤੇ ਫਿਰ ਕੋਵਾ ਐਪ ਰਾਹੀਂ ਮਿਸ਼ਨ ਫਤਿਹ ਨਾਲ ਜੁੜਨ ਅਤੇ ਕੋਵਾ ਐਪ ਮੁਕਾਬਲੇ ਲਈ ਆਪਣਾ ਨਾਮ ਰਜਿਸਟਰ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਕੋਵਿਡ-19 ਤੋਂ ਬਚਾਅ ਪ੍ਰਤੀ ਸਾਵਧਾਨੀਆਂ ਵਰਤਦਿਆਂ ਤੁਹਾਡੇ ਵੱਲੋਂ ਰੋਜ਼ਾਨਾ ਕੋਵਾ ਐਪ ਵਿਚ ਅਪਲੋਡ ਕੀਤੀਆਂ ਤੁਹਾਡੀਆਂ ਗਤੀਵਿਧੀਆਂ ਦੇ ਅੰਕ ਜੁੜਨਗੇ। ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਦੂਸਰੇ ਵਿਅਕਤੀ ਨੂੰ ਆਪਣੇ ਰੈਫਰਲ ਰਾਹੀਂ ਕੋਵਾ ਐਪ ਡਾਊਨਲੋਡ ਕਰਾ ਕੇ ਮਿਸ਼ਨ ਫਤਿਹ ਨਾਲ ਜੋੜਦੇ ਹੋ ਤਾਂ ਤੁਹਾਨੂੰ ਇਸ ਦੇ ਵਾਧੂ ਅੰਕ ਮਿਲਣਗੇ। ਉਨ੍ਹਾਂ ਕਿਹਾ ਕਿ ਕੋਵਾ ਐਪ ਤੇ ਰਜਿਸਟਰੇਸ਼ਨ ਕਰਨ ਵਾਲੇ ਵਿਅਕਤੀ ਰੋਜ਼ਾਨਾ ਸਾਵਧਾਨੀਆਂ ਵਰਤਣ ਜਿਵੇਂ ਮਾਸਕ ਪਹਿਨਣਾਂ, ਹੱਥ ਧੋਣਾ, ਸਮਾਜਿਕ ਦੂਰੀ ਆਦਿ ਇਹ ਸਭ ਗਤੀਵਿਧੀਆਂ ਤੁਹਾਡੇ ਕੋਵਾ ਐਪ ਵਿਚ ਅੰਕ ਜੋੜਨ ਲਈ ਸਹਾਈ ਹੋਣਗੀਆਂ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦਾ ਮਕਸਦ ਹੈ ਕਿ ਹਰ ਘਰ, ਹਰ ਵਿਅਕਤੀ ਤੱਕ ਇਹ ਗੱਲ ਪਹੁੰਚਦੀ ਹੋਵੇ ਕਿ ਕੋਰੋਨਾ ਤੋਂ ਸਾਵਧਾਨ ਕਿਵੇਂ ਰਹਿਣਾ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦਾ ਇਲਾਜ਼ ਸੰਭਵ ਨਹੀਂ ਹੈ ਸਿਰਫ ਸਾਵਧਾਨੀਆਂ ਅਤੇ ਸਿਆਣਪ ਨਾਲ ਹੀ ਇਸ ਤੋਂ ਬਚਿਆ ਜਾ ਸਕਦਾ ਹੈ। ਨਿੱਕੀ ਜਿਹੀ ਲਾਪਰਵਾਹੀ ਸਾਡੇ ਪਰਿਵਾਰ ਲਈ ਸੰਕਟ ਖੜ੍ਹਾ ਕਰ ਸਕਦੀ ਹੈ ਇਸ ਲਈ ਸਿਆਣਪ ਤੋਂ ਕੰਮ ਲੈਂਦੇ ਹੋਏ ਸਾਵਧਾਨੀਆਂ ਦੀ ਵਰਤੋਂ ਕਰਦਿਆਂ ਰੋਜ਼ਾਨਾ ਦੀ ਜ਼ਿੰਦਗੀ ਵਿਚ ਵਿਚਰੀਏ।