11.3 C
United Kingdom
Sunday, May 19, 2024

More

    ਨਾਵਲ- ‘ਬੋਦੀ ਵਾਲ਼ਾ ਤਾਰਾ ਚੜ੍ਹਿਆ’ (8)

    ਕਾਂਡ 8

    ਦੋ ਕੁ ਮਹੀਨੇ ਕੁ ਬਾਅਦ ਆਲੂ ਪੁੱਟਣ ਦਾ ਕੰਮ ਖ਼ਤਮ ਹੋ ਗਿਆ। ਆਲੂ ਦੀ ਪਟਾਈ ਦਾ ਕੰਮ, ਸੀਜ਼ਨ ਦਾ ਕੰਮ ਸੀ। ਹੁਣ ਨੇਕੇ ਨੂੰ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਅੱਗੇ ਕਿੱਧਰ ਨੂੰ ਜਾਵੇ…? ਕੰਮ ਦੇ ਆਖ਼ਰੀ ਦਿਨ ਘਰ ਨੂੰ ਆਉਣ ਲੱਗਿਆ ਨੇਕਾ ਠੇਕੇ ਤੋਂ ਸੰਤਰਾ ਦੀ ਇੱਕ ਬੋਤਲ ਫ਼ੜ ਲਿਆਇਆ।
    ਜੰਗੀਰੋ ਗੋਭੀ ਦੀ ਸਬਜ਼ੀ ਬਣਾਈ ਬੈਠੀ ਸੀ।
    -“ਖਾਣ ਨੂੰ ਦੇਹ ਕੁਛ…!” ਬੋਤਲ ਦਾ ਗਲ਼ ਮਰੋੜਦਿਆਂ ਨੇਕੇ ਨੇ ਕਿਹਾ। ਉਸ ਨੂੰ ਨਹੀਂ ਪਤਾ ਸੀ ਕਿ ਉਹ ਖ਼ੁਸ਼ ਸੀ ਜਾਂ ਨਿਰਾਸ਼…? ਪਰ ਚੁੱਪ ਸੀ!
    -“ਭੀੜਾਂ ਸੰਘੀੜਾਂ ਬੰਦਿਆਂ ‘ਤੇ ਈ ਆਉਂਦੀਐਂ…! ਐਮੇ ਸੁੰਨੀ ਜੀ ਵੱਟ ਕੇ ਨਾ ਬੈਠ..! ਜੇ ਚੰਗੇ ਦਿਨ ਨੀ ਰਹੇ, ਤਾਂ ਰਹਿੰਦੇ ਆਹ ਮਾੜੇ ਦਿਨ ਵੀ ਨੀ…! ਜਿੰਨਾਂ ਚਿਰ ਜਿਉਣੈ, ਹਿੱਕ ਕੱਢ ਕੇ ਜਿਉਣੈ…!” ਸਬਜ਼ੀ ਵਾਲ਼ੀ ਕੌਲੀ ਨੇਕੇ ਦੇ ਸਾਹਮਣੇ ਰੱਖਦੀ ਜੰਗੀਰੋ ਬੋਲੀ।
    ਨੇਕੇ ਨੇ ਗਿਲਾਸ ਭਰ ਕੇ ਅੰਦਰ ਸੁੱਟ ਲਿਆ।
    ਕੋਸੀ ਜਿਹੀ ਲੀਕ ਪਾਉਂਦੀ ਦਾਰੂ ਥੱਲੇ ਨੂੰ ਉੱਤਰੀ ਸੀ। ਦਾਰੂ ਦੇ ਨਿੱਘ ਅਤੇ ਨਸ਼ੇ ਨੇ ਨੇਕੇ ਦਾ ਫ਼ਿਕਰ ਕਿਸੇ ਹੱਦ ਤੱਕ ਚੂਸਣਾ ਸ਼ੁਰੂ ਕਰ ਦਿੱਤਾ। ਧਰਤੀ ‘ਤੇ ਉੱਤਰਦਾ ਹਨ੍ਹੇਰਾ ਉਸ ਨੂੰ ਲੋਰੀਆਂ ਦਿੰਦਾ ਜਾਪਿਆ। ਲੈਂਪ ਦੀ ਲਾਟ ਉਸ ਨੂੰ ਬਾਘੀਆਂ ਪਾਉਂਦੀ ਲੱਗੀ ਅਤੇ ਚਾਨਣ ਵਿਚ ਜੰਗੀਰੋ ਦਾ ਸੰਧੂਰੀ ਰੰਗ ਉਸ ਦਾ ਕਾਲ਼ਜਾ ਕੱਢਣ ਲੱਗ ਪਿਆ। ਉਦਾਸੀ ਅਤੇ ਨਿਰਾਸ਼ਾ ਖੰਭ ਲਾ ਕੇ ਕਿਤੇ ਉੱਡ ਗਈ ਸੀ। ਜੰਗੀਰੋ ਦੇ ਦਗਦੇ ਚਿਹਰੇ ਕਾਰਨ ਉਸ ਦਾ ਦਿਲ ਡੋਲ ਗਿਆ।
    -“ਅੱਜ ਤਾਂ ਬਾਹਲ਼ੀ ਈ ਨਿੱਖਰੀ ਫ਼ਿਰਦੀ ਐਂ…!” ਨੇਕੇ ਨੇ ਇੱਕ ਹੋਰ ਪੈੱਗ ਅੰਦਰ ਸੁੱਟਿਆ। ਦਾਰੂ ਦੀ ਬੋਤਲ ਉਸ ਅੱਗੇ ਬਾਰੂਦ ਬਣਦੀ ਜਾ ਰਹੀ ਸੀ।
    -“ਕਿੱਥੇ ਨਿੱਖਰੀ ਫ਼ਿਰਦੀ ਆਂ…? ਅੱਜ ਤਾਂ ਟੁੱਟੜਾ ਪਾਣੀ ਈ ਨੀ ਆਇਆ ਟੂਟੀ ‘ਚ, ਮੈਨੂੰ ਤਾਂ ਨ੍ਹਾਤੀ ਨੂੰ ਤਿੰਨ ਦਿਨ ਹੋ’ਗੇ…!” ਉਸ ਨੇ ਨੱਕ ਚੜ੍ਹਾਇਆ।
    -“ਚੱਲ, ਨ੍ਹਾ ਕੇ ਕਿਹੜਾ ਤਖਤੂਪੁਰੇ ਮੱਸਿਆ ਨ੍ਹਾਉਣ ਜਾਣੈ…? ਜਿਵੇਂ ਹੈਗੀ ਐਂ, ਓਵੇਂ ਈ ਸੂਤ ਐਂ, ਪਰ ਤੂੰ ਅੱਜ ਮੈਨੂੰ ਐਨੀ ਸੋਹਣੀ ਜੀ ਕਿਉਂ ਲੱਗੀ ਜਾਨੀ ਐਂ…?”
    -“ਸੋਹਣੀ ਤਾਂ ਆਹ ਜਿਹੜਾ ਤੂੰ ਮੂਤ ਪੀ ਜਾਨੈਂ, ਇਹਦੇ ਡੱਫ਼ਣ ਕਰ ਕੇ ਲੱਗਦੀ ਐਂ…! ਹੋਰ ਕੋਈ ਗੱਲ ਨੀ…! ਤੀਮੀ ਤਾਂ ਮੈਂ ਓਹੀ ਆਂ…!” ਉਸ ਨੇ ਬੁੱਲ੍ਹ ਟੇਰੇ।
    -“ਇਹਨੂੰ ਐਮੇ ਨਾ ਨਿੰਦੀ ਜਾਹ…! ਐਮੇ ਨੀ ਦੁਨੀਆਂ ਪੀਂਦੀ ਤੇ ਨਾਲ਼ੇ ਨਾਅਮਾਂ ਖ਼ਰਚਦੀ…! ਇਹਨੂੰ ਧਾਰਮਿਕ ਬੰਦੇ ਤੇਰ੍ਹਮਾਂ ਰਤਨ ਕਹਿੰਦੇ ਐ…!”
    -“ਕਹਿੰਦੇ ਹੋਣਗੇ…! ਪਰ ਬਾਹਲ਼ਿਆਂ ਦੇ ਤਾਂ ਮੈਂ ਘਰ ਈ ਪੱਟਦੀ ਦੇਖੀ ਐ…!”
    ਜਿਸ ਦਿਨ ਨੇਕਾ ਪੀ ਕੇ ਆ ਜਾਂਦਾ ਤਾਂ ਜੰਗੀਰੋ ਨੂੰ ਉਹ ਚੰਗਾ-ਚੰਗਾ ਜਿਹਾ ਲੱਗਦਾ। ਪਰ ਉਤੋਂ-ਉਤੋਂ ਉਹ ਉਸ ਨੂੰ ਤੰਗ ਜਿਹਾ ਕਰਨ ਲਈ ਅਜਿਹੇ ਬੋਲ ਕਸਣ ਲੱਗ ਪੈਂਦੀ। ਪਰ ਨੇਕਾ ਨਿੱਤ ਦਾ ਪਿਆਕੜ ਵੀ ਨਹੀਂ ਸੀ ਅਤੇ ਨਾ ਹੀ ਪੀ ਕੇ ਧੂਤਕੜਾ ਪਾਉਣ ਵਾਲ਼ਾ ਬੰਦਾ ਸੀ।
    -“ਘਰ ਪੱਟਦੀ ਹੋਊਗੀ ਕਮਲ਼ਿਆਂ ਦੇ, ਜਿੰਨ੍ਹਾਂ ਨੂੰ ਪੀਣ ਦੀ ਅਕਲ ਨੀ…! ਇੱਕ ਆਰੀ ਦੀ ਗੱਲ ਐ…!” ਉਸ ਨੇ ਤੀਜਾ ਪੈੱਗ ਗਿਲਾਸ ਵਿਚ ਉਲ਼ੱਦ ਲਿਆ।
    -“ਹੁਣ ਗਰਲ਼ੇ ਨਾ ਮਾਰੀ ਜਾਹ, ਰੋਟੀ ਵੀ ਖਾਣੀ ਐਂ…!”
    -“ਪੀ ਕੇ ਅੱਗੇ ਨੀ ਕਦੇ ਖਾਧੀ ਰੋਟੀ…?” ਉਸ ਦੀ ਸ਼ਰਾਬੀ ਜੀਭ ‘ਡੱਕ-ਡੱਕ’ ਮੂੰਹ ਅੰਦਰ ਵੱਜਣ ਲੱਗ ਪਈ, “ਤੂੰ ਗੱਲ ਤਾਂ ਮੇਰੀ ਸੁਣਦੀ ਨੀ…!” ਨਾਲ਼ ਦੀ ਨਾਲ਼ ਉਸ ਨੇ ਉਲਾਂਭਾ ਵੀ ਦੇ ਮਾਰਿਆ।
    -“ਸੁਣਾ…?” ਉਹ ਨੇਕੇ ਦੇ ਸਾਹਮਣੇ ਹੋ ਕੇ ਬੈਠ ਗਈ।
    -“ਪਹਿਲਾਂ ਇੱਕ ਬੁੱਘੀ ਦੇਹ…!”
    -“ਮੈਂ ਦੱਸਿਆ ਤਾਂ ਹੈ, ਬਈ ਮੈਨੂੰ ਨ੍ਹਾਤੀ ਨੂੰ ਤਿੰਨ ਦਿਨ ਹੋਗੇ…! ਮੁਸ਼ਕ ਮਾਰਦੈ ਕੱਟੇ ਮਾਂਗੂੰ ਮੇਰੇ ‘ਚੋਂ…!”
    -“ਤੇਰੇ ‘ਚੋਂ ਤਾਂ ਆਉਂਦਾ ਮੁਸ਼ਕ ਵੀ ਮੈਨੂੰ ਸੌ ਸੁਗੰਧੀਆਂ ਨਾਲ਼ੋਂ ਚੰਗਾ ਲੱਗਦੈ…! ਬਣ ਮੱਲ, ਦੇਹ ਇੱਕ ਬੁੱਘੀ…!”
    -“ਚੱਲ ਤੂੰ ਗੱਲ ਸੁਣਾ…! ਬੁੱਘੀ ਠਹਿਰ ਕੇ ਦਿਊਂਗੀ…!”
    -“ਨਹੀਂ ਹੁਣੇ ਲੈਣੀ ਐਂ…!”
    -“ਜਿਦ ਨਾ ਕਰਿਆ ਕਰ ਮੇਰਿਆ ਖਸਮਾਂ…! ਤੂੰ ਗੱਲ ਸੁਣਾ…!”
    -“ਲੈ ਸੁਣ ਫ਼ੇਰ…! ਅਕਬਰ ਬਾਦਸ਼ਾਹ ਕੋਲ਼ੇ ਕਿਸੇ ਈਰਖ਼ਾ ਕਰਨ ਵਾਲ਼ੇ ਨੇ ਚੁਗਲੀ ਜਾ ਕੀਤੀ, ਅਖੇ ਜੀ ਬੀਰਬਲ ਲਫੈਂਡ ਐ, ਦਾਰੂ ਪੀਂਦੈ…!”
    -“ਜੇ ਉਹ ਪੀਂਦਾ ਸੀ ਤਾਂ ਕੀ ਲੋਹੜਾ ਆ ਗਿਆ…? ਤੂੰ ਵੀ ਤਾਂ ਡੱਫ਼ੀ ਜਾਨੈ…!”
    -“ਮੈਂ ਕਿਹੜਾ ਉਹਦੀ ਚੁਗਲੀ ਕੀਤੀ ਸੀ…? ਮੈਂ ਤਾਂ ਗੱਲ ਈ ਸੁਣਾਉਂਨੈ…! ਤੂੰ ਮੈਨੂੰ ਦੋਸ਼ੀ ਜਿਆ ਕਿਉਂ ਬਣਾਈ ਜਾਨੀ ਐਂ…? ਜੇ ਤੂੰ ਜੱਜ ਹੁੰਦੀ, ਸਭ ਤੋਂ ਪਹਿਲਾਂ ਮੈਨੂੰ ਫ਼ਾਂਸੀ ਲਾਉਂਦੀ…!” ਨੇਕੇ ਨੇ ਤੀਜਾ ਪੈੱਗ ਵੀ ਖ਼ਾਲੀ ਕਰ ਦਿੱਤਾ।
    -“ਤੇਰੇ ਤੋਂ ਪਹਿਲਾਂ ਮੈਂ ਮਰਜਾਂ ਨੇਕਿਆ…! ਮੇਰੀ ਉਮਰ ਵੀ ਤੈਨੂੰ ਲੱਗ’ਜੇ…! ਮੈਂ ਤਾਂ ਇੱਕ ਡੱਕੇ ਦੀ ਨੀ ਤੇਰੇ ਬਿਨਾ…!” ਮੋਹ ਮਾਰੀ ਜੰਗੀਰੋ ਨੇ ਨੇਕੇ ਨੂੰ ਜੱਫ਼ੀ ਪਾ ਲਈ। ਉਸ ਦੀਆਂ ਅੱਖਾਂ ਨਮ ਹੋ ਗਈਆਂ ਸਨ।
    -“ਤੂੰ ਮੇਰੀ ਗੱਲ ਘੱਟੇ ਕਿਉਂ ਪਾ’ਤੀ…? ਕਿੱਡੀ ਵਧੀਆ ਤੈਨੂੰ ਗੱਲ ਸੁਣਾਉਣ ਲੱਗਿਆ ਸੀ, ਦੁੱਖ ਦੇਣੀ…!”
    -“ਚੱਲ ਸੁਣਾ…!” ਉਹ ਉਸ ਦੇ ਗਲ਼ ਹਾਰ ਵਾਂਗ ਲਟਕ ਗਈ ਸੀ।
    -“ਕੀ ਗੱਲ ਕਰਦਾ ਸੀ ਮੈਂ…? ਸਾਲ਼ੀ ਨੇ ਗੱਲ ਈ ਭੁਲਾ’ਤੀ…!” ਨੇਕੇ ਨੇ ਮੱਥੇ ‘ਤੇ ਹੱਥ ਮਾਰਿਆ। ਜਿਵੇਂ ‘ਘਿਰੜ – ਘਿਰੜ’ ਕਰਦੇ ਰੇਡੀਓ ‘ਤੇ ਮਾਰੀਦੈ!
    -“ਅਕਬਰ ਬਾਦਸ਼ਾਹ ਕੋਲ਼ ਕਿਸੇ ਨੇ ਬੀਰਬਲ ਦੀ ਚੁਗਲੀ ਕਰ’ਤੀ…!” ਜੰਗੀਰੋ ਨੇ ਯਾਦ ਕਰਵਾਇਆ।
    -“ਆਹੋ ਸੱਚ…! ਬੀਰਬਲ ਦੀ ਚੁਗਲੀ ਕਰ’ਤੀ, ਅਖੇ ਜੀ, ਲੰਡਰ ਐ, ਦਾਰੂ ਪੀਂਦੈ..!”
    -“ਪੁੱਛਣਾ ਹੋਵੇ ਬਈ ਤੇਰੇ ਸੂਲ਼ ਹੁੰਦੈ, ਜੇ ਪੀਂਦੈ ਤਾਂ ਪੀ ਜਾਣਦੇ…!” ਜੰਗੀਰੋ ਬੋਲੀ।
    -“ਜਦੋਂ ਮੈਂ ਪੀਨੈ, ਤੇਰੇ ਵੀ ਤਾਂ ਕੁਛ ਹੁੰਦਾ ਈ ਐ…? ਚੁੱਪ ਕਰ…!” ਉਹ ‘ਸੂਲ਼ ਹੁੰਦਾ’ ਕਹਿਣੋ ਸੰਕੋਚ ਕਰ ਗਿਆ, “ਤੇਰੇ ਵੀ ਕਿਤੇ ਵਾਢ ਪੈਣ ਲੱਗ ਜਾਂਦੀ ਐ…!”
    -“ਹੁਣ ਤੂੰ ਸਲਿੱਪ ਜਿਆ ਕਿਉਂ ਮਾਰੀ ਜਾਨੈ…? ਗੱਲ ਅੱਗੇ ਤੋਰ…!”
    -“ਚਲੋ ਜੀ, ਬਾਦਸ਼ਾਹ ਹੈਰਾਨ ਪ੍ਰੇਸ਼ਾਨ, ਬਈ ਮੇਰਾ ਵਜੀਰ ਦਾਰੂ ਪੀਂਦੈ…! ਲੈ ਬਈ ਓਹਨੇ ਸੋਚਿਆ ਬਈ ਬੀਰਬਲ ਮੇਰਾ ਚਤਰ-ਚਲਾਕ ਵਜੀਰ ਐ, ਜੇ ਇਹਨੂੰ ਕੁਛ ਪੁੱਛਿਆ ਤਾਂ ਇਹਨੇ ਕੋਈ ਰਾਹ ਨੀ ਦੇਣਾ, ਤੇ ਗੱਲਾਂ ‘ਚ ਈ ਗੱਲ ਨੂੰ ਉੜਦੂ ਲਾ ਦਿਊਗਾ, ਰਾਤ ਨੂੰ ਆਪ ਜਾ ਕੇ ਦੇਖਿਆ ਜਾਵੇ…! ਓਹਨੇ ਜੀ ਰਾਤ ਨੂੰ ਬੀਰਬਲ ਦੇ ਮਹਿਲਾਂ ‘ਚ ਜਾ ਕੇ ਦੇਖਿਆ ਤਾਂ ਬੀਰਬਲ ਨੇ ਬੋਤਲ ਖੋਲ੍ਹ ਕੇ ਪਹਿਲਾ ਪੈੱਗ ਪਾਇਆ, ਤੇ ਪੈੱਗ ਨੂੰ ਪੁੱਛਿਆ, ਹਾਂ ਬਈ…? ਤੇਰੇ ‘ਚ ਕੀ ਗੁਣ ਐਂ…? ਤਾਂ ਗਿਲਾਸ ਵਾਲ਼ਾ ਪੈੱਗ ਬੋਲਿਆ, ਤੇਰਾ ਦਿਨ ਦਾ ਸਾਰਾ ਥਕੇਂਵਾਂ ਲਾਹ ਦਿਊਂਗਾ ਤੇ ਤੈਨੂੰ ਤਰੋ-ਤਾਜਾ ਕਰ ਦਿਊਂਗਾ…! ਚਲੋ ਜੀ, ਉਹਨੇ ਉਹ ਪੈੱਗ ਅੰਦਰ ਸਿੱਟ ਲਿਆ…!”
    -“ਰਾਜਾ ਦੇਖੀ ਜਾਂਦੈ…?”
    -“ਹਾਂ ਜੀ…! ਰਾਜਾ ਦੇਖੀ ਜਾਂਦੈ…! …ਤੇ ਥੋੜੀ ਦੇਰ ਬਾਅਦ ਓਹਨੇ ਦੂਜਾ ਪੈੱਗ ਪਾਇਆ…! ਦੂਜੇ ਪੈੱਗ ਨੂੰ ਫ਼ੇ’ ਪੁੱਛਦੈ, ਤੇਰੇ ‘ਚ ਕੀ ਗੁਣ ਐਂ ਭਾਈ…? ਉਹ ਕਹਿੰਦਾ ਜਿੰਨੀ ਤੇਰੇ ‘ਚ ਅਕਲ ਐ, ਉਹਨੂੰ ਦੁੱਗਣੀ ਕਰ ਦਿਊਂਗਾ…! ਉਹਨੇ ਉਹ ਵੀ ਪੀ ਲਿਆ…! …ਤੇ ਵਾਰੀ ਆ ਗਈ ਤੀਜੇ ਪੈੱਗ ਦੀ…! ਕਹਿੰਦਾ ਤੇਰੇ ‘ਚ ਕੀ ਗੁਣ ਐਂ ਬਈ…? ਤੀਜਾ ਪੈੱਗ ਬੋਲਦੈ ਬਈ ਜੇ ਤੈਨੂੰ ਗੱਲ ਕਰਨ ‘ਚ ਕੋਈ ਅੜਿੱਕਾ ਆਉਂਦੈ, ਤਾਂ ਤੈਨੂੰ ਪੂਰੀ ਗੱਲ ਔੜਨ ਲਾ ਦਿਊਂਗਾ ਤੇ ਤੇਰੀ ਬੁੱਧੀ ਤੇਜ ਕਰ ਦਿਉਂਗਾ…! ਉਹਨੇ ਉਹ ਵੀ ਅੰਦਰ ਸਿੱਟ ਲਿਆ…! …ਤੇ ਜਦੋਂ ਵਾਰੀ ਆਈ ਚੌਥੇ ਪੈੱਗ ਦੀ, ਉਹ ਚੌਥੇ ਨੂੰ ਪੁੱਛਦੈ, ਤੇਰੇ ‘ਚ ਕੀ ਗੁਣ ਐਂ ਮਿੱਤਰਾ…? ਉਹ ਕਹਿੰਦਾ ਗੁਣ-ਗਣ ਤਾਂ ਮੇਰੇ ‘ਚ ਕੋਈ ਨੀ, ਮੈਂ ਤੇਰੀ ਸਾਰੀ ਅਕਲ ਫ਼ੜ ਕੇ ਮੂਧੀ ਮਾਰ ਦਿਊਂਗਾ ਤੇ ਤੈਨੂੰ ਗਧਾ ਬਣਾ ਦਿਊਂਗਾ…! ਤੇ ਬੀਰਬਲ ਨੇ ਚੌਥਾ ਪੈੱਗ ਮੋੜ ਕੇ ਬੋਤਲ ‘ਚ ਈ ਪਾ ਦਿੱਤਾ…!” ਨੇਕੇ ਨੇ ਬੋਤਲ ਨੂੰ ਹੱਥ ਪਾ ਲਿਆ।
    -“ਤੇ ਤਿੰਨ ਪੈੱਗ ਤਾਂ ਤੂੰ ਵੀ ਡੱਫ ਚੁੱਕਿਐਂ, ਹੁਣ ਗਧਾ ਬਣਨ ਵਾਸਤੇ ਚੌਥਾ ਪਾਇਐ…?” ਜੰਗੀਰੋ ਉਸ ਦੇ ਹੱਥ ‘ਚ ਬੋਤਲ ਦੇਖ ਕੇ ਹੱਸ ਪਈ।
    -“ਸਾਲ਼ੀ ਕੁੱਤੇ ਦੀ…! ਉਹ ਵਜੀਰ ਸੀ, ਤੇ ਅਕਬਰ ਬਾਦਸ਼ਾਹ ਦਾ ਸਲਾਹਕਾਰ ਸੀ, ਓਹਨੂੰ ਅਕਲ ਦੀ ਲੋੜ ਸੀ, ਮੈਂ ਅਕਲ ਕੀ ਕਰਨੀ ਐਂ…? ਅਕਲ ਮਾਰੀ ਮੈਂ ਆਬਦੀ ਢਾਕ ਤੋਂ ਦੀ…!” ਉਸ ਨੇ ਚੌਥਾ ਪੈੱਗ ਖਾਲੀ ਕਰ ਦਿੱਤਾ।
    ਜੰਗੀਰੋ ਹੱਸ ਪਈ।
    -“ਇਕ ਆਰੀ ਅੱਧੀ ਰਾਤ ਨੂੰ ਮਰਾਸੀ ਦੇ ਘਰੇ ਆ ਗਿਆ, ਚੋਰ…!”
    -“ਅੱਛਾ…!”
    -“ਮਰਾਸੀ ਸੀ ਬਚਾਰਾ ਛਿਲਕਾਂ ਦਾ ਘੋੜਾ ਜਿਆ, ਮਤਬਲ ਹੱਡਾਂ ਦਾ ਹੌਲ਼ਾ, ਤੇ ਮਰਾਸਣ ਸੀ ਤੇਰੇ ਮਾਂਗੂੰ ਡੇੜ੍ਹ ਕੁਆਂਟਲ਼ ਦੀ, ਬਲਡੋਜਰ…!”
    -“ਵੇ ਗੜ੍ਹੀ ਦੇ ਜਾਣਿਆਂ, ਬੋਕਾ…! ਮੈਂ ਡੇੜ੍ਹ ਕੁਆਂਟਲ਼ ਦੀ ਬਲਡੋਜਰ ਐਂ…?”
    -“ਚੱਲ ਕੁਆਂਟਲ਼ ਦੀ ਸਹੀ, ਪਰ ਗੱਲ Ḕਚ ਲੱਤ ਨਾ ਅੜਾ, ਗੱਲ ਸੁਣ…!”
    -“ਸੁਣਾ…!”
    -“ਚਲੋ ਜੀ, ਚੋਰ ਨੂੰ ਦੇਖ ਕੇ ਬਿਚਾਰਾ ਮਰਾਸੀ ਤਾਂ ਡਰਦਾ ਖੰਭ ਜੇ ਘੁੱਟ ਗਿਆ, ਪਰ ਮਰਾਸਣ ਉਠੀ, ਤੇ ਉਹਨੇ ਚੋਰ ਗੇੜਾ ਦੇ ਕੇ ਥੱਲੇ ਸਿੱਟ ਲਿਆ, ਤੇ ਉਤੇ ਬਹਿ’ਗੀ ਆਪ…!”
    -“ਬੱਲੇ….!”
    -“ਚੋਰ ਦੀਆਂ ਤਾਂ ਕਰਤੀਆਂ ਓਹਨੇ ਨਿਉਜਲਾਂ ਬੰਦ…!”
    -“ਕਰਨੀਆਂ ਈ ਸੀ…! ਪੁੱਤ ਲੱਗਦਾ ਸੀ…?”
    -“ਤੇ ਜਦੋਂ ਮਰਾਸੀ ਨੇ ਦੇਖਿਆ ਕਿ ਲਾਣੇਦਾਰਨੀ ਤਾਂ ਮੋਰਚਾ ਮਾਰ ਗਈ, ਉਹ ਤਾਂ ਚੋਰ ਨੂੰ ਢਾਹ ਕੇ ਜਾਫ਼ੀ ਮਾਂਗੂੰ ਉੱਤੇ ਬੈਠੀ ਐ, ਉਹ ਭਾਈ ਉਹਨਾਂ ਦੇ ਦੁਆਲ਼ੇ ਭਲਵਾਨੀ ਗੇੜੇ ਦੇਣ ਲੱਗ ਪਿਆ…!”
    -“ਲੈ ਫ਼ੋਟ੍ਹ…! ਪੁੱਤ ਖਾਣੇ ਦਾ…!”
    -“ਮਰਾਸਣ ਵਿਚਾਰੀ ਖਿੱਝ’ਗੀ…!”
    -“ਖਿਝਣਾਂ ਈ ਸੀ….!”
    -“ਮਰਾਸਣ ਨੇ ਦੇਣੀ ਸ਼ੁਰੂ ਕਰਤੀ, ਦੁਹਾਈ…! ਕਹਿੰਦੀ ਵੇ ਅੱਗ ਲੱਗੜਿਆ…! ਜਾਹ ਪੁਲ਼ਸ ਨੂੰ ਬੁਲਾ ਕੇ ਲਿਆ, ਐਥੇ ਸਾਡੇ ਦੁਆਲ਼ੇ ਗੇੜੇ ਕਾਹਨੂੰ ਕੱਢੀ ਜਾਨੈ…?”
    -“ਫ਼ੇਰ…?”
    -“ਕਹਿੰਦਾ ਮੈਂ ਚੱਪਲਾਂ ਲੱਭਦੈਂ ਆਬਦੀਆਂ, ਮੇਰੇ ਪੈਰ ਨੰਗੇ ਐ…!”
    -“ਵੇ ਫੋਟ੍ਹ…! ਦਫ਼ਾ ਹੋਣਾਂ…! ਯੱਧਾ ਹੋਇਆ ਪੈਰ ਨੰਗੇ ਦਾ…! ਫ਼ੇਰ…?”
    -“ਫ਼ੇਰ ਕੀ ਕੁਆਂਟਲ਼ ਦੀ ਮਰਾਸਣ ਥੱਲੇ ਪਿਆ ਚੋਰ ਬਿਲਕ ਉਠਿਆ, ਕਹਿੰਦਾ ਬਾਈ ਜੀ ਚੱਪਲੀਆਂ ਮੇਰੇ ਆਲ਼ੀਆਂ ਪਾ ਜਾਓ, ਨਹੀਂ ਥੋਡੀ ਘਰਵਾਲ਼ੀ ਮੈਨੂੰ ਗੱਡੀ ਚਾੜ੍ਹ ਦਿਊਗੀ…!”
    ਹੱਸਦੀ ਜੰਗੀਰੋ ਨੂੰ ਹੱਥੂ ਆਉਣ ਵਾਲ਼ਾ ਹੋ ਗਿਆ।
    -“ਲਹਿ ਜਾਣਾਂ…! ਪੁੱਠੀਆਂ ਗੱਲਾਂ ਸੁਣਾਊ…!” ਉਸ ਦਾ ਹਾਸਾ ਅਜੇ ਵੀ ਬੰਦ ਨਹੀਂ ਹੁੰਦਾ ਸੀ।
    -“ਇੱਕ ਗੱਲ ਦੱਸ…?” ਨੇਕੇ ਨੇ ਗਿਲਾਸ ‘ਚ ਥੋੜ੍ਹਾ ਜਿਹਾ ਪਾਣੀ ਪਾਇਆ ਅਤੇ ਕੁਰਲ਼ੀ ਕਰ ਕੇ ਡੋਲ੍ਹ ਦਿੱਤਾ। ਫ਼ਿਰ ਉਸ ਨੇ ਸਬਜ਼ੀ ਵਾਲ਼ੀ ਕੌਲੀ ਚੁੱਕ ਲਈ।
    -“ਪੁੱਛ…!” ਜੰਗੀਰੋ ਦੀਆਂ ਅੱਖਾਂ ਮੁਸਕੁਰਾਈ ਜਾ ਰਹੀਆਂ ਸਨ।
    -“ਮੈਂ ਤੈਨੂੰ ਹਮੇਸ਼ਾ ਬੁਰਾ ਕਿਉਂ ਲੱਗਦੈਂ…?” ਉਸ ਨੇ ਰੱਬ ਜਿੱਡਾ ਗ਼ਿਲਾ ਉਸ ਦੇ ਮੱਥੇ ਮਾਰਿਆ।
    -“ਜੇ ਤੂੰ ਮੈਨੂੰ ਬੁਰਾ ਲੱਗਦਾ ਹੁੰਦਾ, ਹੁਣ ਚੋਰਾਂ ਵਾਂਗੂੰ ਤੇਰੇ ਕੋਲ਼ ਬੈਠੀ ਹੁੰਦੀ…?” ਉਸ ਦੇ ਇੱਕੋ ਬੋਲ ਨੇ ਨੇਕੇ ਦੀ ਬੋਲਤੀ ਬੰਦ ਕਰ ਦਿੱਤੀ ਅਤੇ ਉਸ ਦੀ ਕੁਰਬਾਨੀ ਦੇਖ ਕੇ ਨੇਕਾ ਰੋਣ ਲੱਗ ਪਿਆ।
    ਜੰਗੀਰੋ ਨੇ ਉਸ ਨੂੰ ਹੋਰ ਘੁੱਟ ਕੇ ਜੱਫ਼ੀ ਪਾ ਲਈ।
    -“ਹੁਣ ਕੋਈ ਹਾਸੇ ਆਲ਼ੀ ਗੱਲ ਸੁਣਾ…!” ਜੰਗੀਰੋ ਨੇ ਉਸ ਦਾ ਮਨ ਬਦਲਣ ਲਈ ਆਖਿਆ।
    ਅੱਖਾਂ ਦੇ ਨਾਲ਼ ਨੇਕੇ ਦਾ ਨੱਕ ਵੀ ਵਗਣ ਲੱਗ ਪਿਆ ਸੀ।
    -“ਪਹਿਲਾਂ ਇੱਕ ਪੈੱਗ ਪਾ ਕੇ ਦੇਹ…!”
    -“ਤੂੰ ਮੇਰੀ ਚਾਹੇ ਜਿੰਦ ਮੰਗ ਲੈ, ਨੇਕਿਆ…! ਪਰ ਇਹ ਜਹਿਰ ਮੈਂ ਤੈਨੂੰ ਮਰਦੇ ਦਮ ਤੱਕ ਕਦੇ ਹੱਥੀਂ ਨੀ ਪਿਆਊਂਗੀ…!” ਉਸ ਨੇ ਚਿੱਟਾ ਹੀ ਜਵਾਬ ਦੇ ਮਾਰਿਆ।
    -“ਚੱਲ ਨਾ ਦੇਹ…! ਭੈਣ ਦਾ ਯਹਾ ਤੂੰ ਛੁਣਛਣਾਂ…!” ਉਸ ਨੇ ਬੋਤਲ ਦਾ ਗਲ਼ ਗਿਰਝ ਵਾਂਗ ਫ਼ੜ ਲਿਆ।
    ਜੰਗੀਰੋ ਫ਼ੇਰ ਹੱਸ ਪਈ।
    -“ਹੁਣ ਗੱਲ ਸੁਣਾ ਕੋਈ ਹਾਸੇ ਆਲ਼ੀ…!”
    -“ਲੈ ਸੁਣ ਫ਼ੇਰ…! ਕੋਈ ਭਲਵਾਨ ਢਾਬੇ ‘ਤੇ ਦੁੱਧ ਪੀ ਜਾਵੇ…! ਉਹਦੇ ਕੋਲ਼ੇ ਕੋਈ ਸ਼ਰਾਬੀ ਆ ਗਿਆ…! ਕਹਿੰਦਾ ਭਲਵਾਨ ਜੀ, ਤੁਸੀਂ ਭਲਵਾਨ ਤੇ ਮੈਂ ਦਾਰੂ ਪੀਣ ਆਲ਼ਾ ਪਿਆਕੜ, ਤੁਸੀਂ ਮੇਰੇ ਨਾਲ਼ ਭੱਜ ਕੇ ਦੇਖ ਲਓ…! ਭਲਵਾਨ ਵਿਚਾਰਾ ਕਸੂਤਾ ਫ਼ਸ ਗਿਆ…! ਓਹਨੇ ਬਥੇਰੇ ਬਹਾਨੇ ਮਾਰੇ, ਪਰ ਸ਼ਰਾਬੀ ਦੀ ਜਿਦ ਭੈੜੀ ਹੁੰਦੀ ਐ..! ਚਲੋ ਜੀ, ਜਦੋਂ ਨਾ ਹੀ ਟਲ਼ਿਆ ਤਾਂ ਭਲਵਾਨ ਕਹਿੰਦਾ, ਮੈਨੂੰ ਦੁੱਧ ਪੀ ਲੈਣ’ਦੇ, ਤੇ ਤੂੰ ਓਨੇ ਚਿਰ ਨੂੰ ਔਹ ਲਾਲ ਬੱਤੀ ਨੂੰ ਹੱਥ ਲਾ ਕੇ ਆ…! ਜੇ ਤੂੰ ਹੱਥ ਲਾ ਕੇ ਪੰਜਾਂ ਮਿੰਟਾਂ ‘ਚ ਆ ਗਿਆ ਤਾਂ ਸੌ ਰੁਪਈਆ ਦਿਊਂਗਾ, ਤੇ ਜੇ ਪੰਜਾਂ ਮਿੰਟਾਂ ‘ਚ ਨਾ ਆਇਆ ਤਾਂ ਸੌ ਲਊਂਗਾ…!”
    -“ਅੱਛਾ…!”
    -“ਚਲੋ ਜੀ, ਸ਼ਰਾਬੀ ਭੱਜ ਲਿਆ ਓਸ ਲਾਲ ਬੱਤੀ ਵੱਲ ਨੂੰ…! ਭਲਵਾਨ ਤਾਂ ਜਾ ਕੇ ਆਬਦੇ ਕਮਰੇ ‘ਚ ਸੌਂ ਗਿਆ…! ਤੜਕੇ ਦੇ ਦੋ ਵਜੇ ਕੋਈ ਭਲਵਾਨ ਦੇ ਕਮਰੇ ਦੇ ਸਾਹਮਣੇ ਖੜ੍ਹਾ ਭਲਵਾਨ ਨੂੰ ਗਾਲ਼ਾਂ ਕੱਢੀ ਜਾਵੇ…! ਬਾਹਰ ਨਿਕਲ਼ ਭਲਵਾਨਾ ਤੇਰੀ ਮਾਂ ਦੀ…! ਬਾਹਰ ਨਿਕਲ਼ ਭਲਵਾਨਾ ਤੇਰੀ ਭੈਣ ਦੀ…!! ਜਦ ਭਲਵਾਨ ਨੇ ਉਠ ਕੇ ਦੇਖਿਆ ਤਾਂ ਓਹੀ ਲਾਲ ਬੱਤੀ ਨੂੰ ਹੱਥ ਲਾਉਣ ਗਿਆ ਹੋਇਆ ਬੰਦਾ…! ਭਲਵਾਨ ਕਹਿੰਦਾ ਬਈ ਗਾਲ਼ਾਂ ਨਾ ਕੱਢ, ਜੇ ਤਾਂ ਤੂੰ ਲਾਲ ਬੱਤੀ ਨੂੰ ਹੱਥ ਲਾ ਆਇਐਂ ਤਾਂ ਆਬਦਾ ਸੌ ਰੁਪਈਆ ਲੈ’ਲਾ, ਤੇ ਨਹੀਂ ਸੌ ਰੁਪਈਆ ਦੇ’ਦੇ…! ਉਹ ਕਹਿੰਦਾ ਭਲਵਾਨ ਜੀ, ਕਿਹੜੀ ਲਾਲ ਬੱਤੀ ਤੇ ਕਿਹੜਾ ਸੌ ਰੁਪਈਆ…? ਉਹ ਤਾਂ ਕਿਸੇ ਮੋਟਰ ਛੈਂਕਲ ਦੀ ਮਗਰਲੀ ਬੱਤੀ ਸੀ, ਫ਼ਗਵਾੜੇ ਤੋਂ ਮੁੜ ਕੇ ਆਇਐਂ…!”
    ਹੱਸਦੀ ਜੰਗੀਰੋ ਦੀਆਂ ਵੱਖੀਆਂ ਟੁੱਟ ਗਈਆਂ।
    -“ਨੇਕਿਆ…!”
    -“ਹਾਂ…?”
    -“ਮੈਨੂੰ ਤਾਂ ਕਦੇ ਕਦੇ ਇਉਂ ਲੱਗਦੈ, ਜਿਵੇਂ ਹੱਸਿਆਂ ਨੂੰ ਜੁੱਗੜੇ ਬੀਤ ਗਏ ਹੁੰਦੇ ਐ…!” ਉਸ ਦੇ ਅੰਦਰੋਂ ਧੁਖ਼ਦੀ ਮੜ੍ਹੀ ਵਾਂਗ ਹਾਉਕਾ ਨਿਕਲ਼ਿਆ।
    -“ਕਿਉਂ…? ਕੀ ਗੱਲ਼…? ‘ਦਾਸ ਕਾਹਤੋਂ ਹੋ’ਗੀ…? ਐਂ ਨੀ ਕਰੀਦਾ ਹੁੰਦਾ…!” ਨੇਕੇ ਨੇ ਉਸ ਨੂੰ ਗਲਵਕੜੀ ਵਿਚ ਲੈ ਲਿਆ।
    -“ਤੂੰ ਜਾਨ ਮੰਗ, ਜਾਨ ਦਿਊਂਗਾ, ਪਰ ‘ਦਾਸ ਨੀ ਹੋਣਾ…! ਚੱਲ ਮੈਂ ਤੈਨੂੰ ਇੱਕ ਗੱਲ ਹੋਰ ਸੁਣਾਉਨੈ…!” ਉਸ ਨੇ ਉਸ ਨੂੰ ਆਪਣੀ ਹਿੱਕ ਨਾਲ਼ੋਂ ਲਾਹ ਕੇ ਚਿਹਰੇ ਵੱਲ ਤੱਕਿਆ। ਉਸ ਦੀਆਂ ਸੁਣੱਖੀਆਂ ਅੱਖਾਂ ਵਿਚ ਦੂਰ ਦੂਰ ਤੱਕ ਉਦਾਸੀ ਛਾਈ ਪਈ ਸੀ। ਨੇਕੇ ਨੇ ਉਸ ਨੂੰ ਆਪਣੀ ਹਿੱਕ ਨਾਲ਼ ਲਾ ਲਿਆ।
    -“ਲੈ ਗੱਲ ਸੁਣ ਫ਼ੇਰ…! ਸੁਣਾਵਾਂ…?”
    -“………………।” ਚੁੱਪ ਚਾਪ ਜੰਗੀਰੋ ਨੇ ‘ਹਾਂ’ ਵਿਚ ਸਿਰ ਹਿਲਾ ਦਿੱਤਾ।
    -“ਕਿਸੇ ਦਾ ਨਵਾਂ-ਨਵਾਂ ਵਿਆਹ ਹੋਇਆ ਤਾਂ ਘਰਵਾਲ਼ੀ ਨੂੰ ਕਹਿੰਦਾ, ਚੱਲ ਤੈਨੂੰ ਸ਼ਿਮਲੇ ਲੈ ਕੇ ਚੱਲਾਂ…! ਚਲੋ ਜੀ, ਸ਼ਿਮਲੇ ਨੂੰ ਲੈ ਤੁਰਿਆ…! ਬੱਸ ਤੋਂ ਉੱਤਰ ਕੇ ਟਰੇਨ ‘ਚ ਬੈਠ ਗਏ…! ਅੱਗੇ ਜਾ ਕੇ ਟਰੇਨ ਵੜ ਗਈ ਸੁਰੰਗ ਦੇ ਵਿਚ…! ਤੇ ਸੁਰੰਗ ਸੀਗੀ ‘ਨ੍ਹੇਰੀ ਤੇ ਬਹੁਤ ਲੰਮੀ…! ….ਤੇ ਜਦੋਂ ਅੱਧੇ ਕੁ ਘੰਟੇ ਬਾਅਦ ਟਰੇਨ ਸੁਰੰਗ ‘ਚੋਂ ਨਿਕਲ਼ੀ ਤਾਂ ਘਰਵਾਲ਼ਾ ਘਰਵਾਲ਼ੀ ਨੂੰ ਕਹਿੰਦਾ, ਅਖੇ ਜੇ ਐਨਾਂ ਪਤਾ ਹੁੰਦਾ ਬਈ ਸੁਰੰਗ ਐਨੀ ਲੰਮੀ ਐਂ, ਕੋਈ ਚੋਲ੍ਹ-ਮੋਲ੍ਹ ਈ ਕਰ ਲੈਂਦੇ…! ਤਾਂ ਘਰਵਾਲ਼ੀ ਉਹਦੀ ਗੱਲ ਸੁਣ ਕੇ ਪਿੱਟ ਉਠੀ, ਕਹਿੰਦੀ ਤੇ ਜਿਹੜਾ ਮੇਰੀ ਗੱਲ੍ਹ ‘ਤੇ ਦੰਦੀ ਵੱਢ ਗਿਆ, ਓਹ ਕੌਣ ਸੀ…?”
    ਹੱਸਦੀ ਜੰਗੀਰੋ ਨੂੰ ਫ਼ਿਰ ਹੱਥੂ ਆ ਗਿਆ।
    ਰੋਟੀ ਖਾ ਕੇ ਜਦ ਉਹ ਸੌਣ ਗਏ ਤਾਂ ਜੰਗੀਰੋ ਨੂੰ ਟੇਕ ਨਹੀਂ ਆ ਰਹੀ ਸੀ।
    ਕੋਈ ਅੱਚਵੀ ਜਿਹੀ ਲੱਗੀ ਪਈ ਸੀ।

    PUNJ DARYA

    Leave a Reply

    Latest Posts

    error: Content is protected !!