ਅੰਮ੍ਰਿਤਸਰ,(ਰਾਜਿੰਦਰ ਰਿਖੀ)
ਪੰਜਾਬ ਸਰਕਾਰ ਦੁਆਰਾ ਚਲਾਈ ਗਈ ਮਿਸ਼ਨ ਫਤਿਹ ਮੁਹਿੰਮ ਤਹਿਤ ਵੱਖ-ਵੱਖ ਵਿਭਾਗਾਂ ਵੱਲੋਂ ਲਗਾਤਾਰ ਮੁਹਿੰਮ ਚਲਾ ਕੇ ਹਰ ਵਾਰਡ ਅਤੇ ਹਰ ਘਰ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਸਬੰਧੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ ਜਾਣਾ ਹੈ, ਅੱਜ ਇਸੇ ਮੁਹਿੰਮ ਤਹਿਤ ਸਥਾਨਕ ਸਰਕਾਰਾਂ ਵਿਭਾਗ ਨੇ ਸ਼ਹਿਰ ਤੇ ਨਗਰ ਕੌਸ਼ਲਾਂ ਵਿਚ ਪੈਂਦੀ ਅਬਾਦੀ ਨੂੰ ਕੋਵਿਡ-19 ਤੋਂ ਬਚਣ ਲਈ ਸਿਹਤ ਵਿਭਾਗ ਦੇ ਗੁਰ-ਮੰਤਰ ਯਾਦ ਕਰਵਾ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਰੱਖਿਆ ਕਰਨ ਲਈ ਪ੍ਰੇਰਿਆ।
ਕਮਿਸ਼ਨਰ ਕੋਮਲ ਮਿੱਤਲ ਨੇ ਵਿਭਾਗ ਦੇ ਸਾਰੇ ਕਰਮਚਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੰਦਿਆਂ ਕਿਹਾ ਕਿ ਮਿਸ਼ਨ ਫਤਿਹ ਤਹਿਤ ਡੋਰ ਟੂ ਡੋਰ ਮੁਹਿੰਮ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਆਦਾ ਤੋਂ ਜ਼ਿਆਦਾ ਏਰੀਆ ਕਵਰ ਕੀਤਾ ਜਾਵੇ। ਉਨਾਂ ਕਿਹਾ ਕਿ ਇਸ ਮੁਹਿੰਮ ਤਹਿਤ ਹਰ ਘਰ ਕਵਰ ਹੋਣਾ ਲਾਜ਼ਮੀ ਹੈ ਤਾਂ ਜੋ ਲੋਕ ਕੋਰੋਨਾ ਦੀ ਭਿਆਨਕ ਬਿਮਾਰੀ ਤੋਂ ਬਚਾਅ ਸਬੰਧੀ ਵਰਤੀਆਂ ਜਾ ਸਕਣ ਵਾਲੀਆਂ ਸਾਵਧਾਨੀਆਂ ਤੋਂ ਜਾਣੂ ਹੋ ਸਕਣ।
ਉਨਾਂ ਦੱਸਿਆ ਕਿ ਵਿਭਾਗ ਵੱਲੋਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ, ਕੌਂਸਲਰ ਸਾਹਿਬਾਨ, ਪ੍ਰਚਾਰ ਵਹੀਕਲ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ, ਤਾਂ ਜੋ ਲੋਕ ਕੋਵਿਡ-19 ਦੇ ਖਤਰੇ ਤੋਂ ਲਾਪਰਵਾਹ ਨਾ ਹੋਣ, ਬਲਕਿ ਸੁਚੇਤ ਹੋ ਕੇ ਇਸ ਦਾ ਟਾਕਰਾ ਕਰਨ। ਕਮਿਸ਼ਨਰ ਮੈਡਮ ਮਿਤਲ ਨੇ ਦੱਸਿਆ ਕਿ ਸਾਡੀ ਕੋਸ਼ਿਸ਼ ਹੈ ਕਿ ਸ਼ਹਿਰ ਦੇ ਹਰ ਵਾਸੀ ਕੋਲ ਇਹ ਸੁਨੇਹਾ ਜ਼ਰੂਰ ਦੁਹਰਾ ਦਿੱਤਾ ਜਾਵੇ ਕਿ ਕੋਵਿਡ ਤੋਂ ਬਚਾਅ ਲਈ ਮੂੰਹ ਉਤੇ ਮਾਸਕ, ਆਪਸੀ ਦੂਰੀ ਅਤੇ ਹੱਥਾਂ ਦੀ ਸਫਾਈ ਸਭ ਤੋਂ ਮਹੱਤਵਪੂਰਨ ਹੈ ਤੇ ਇਸ ਤੋਂ ਬਿਨਾਂ ਗੁਜ਼ਾਰਾ ਨਹੀਂ। ਉਨਾਂ ਕਿਹਾ ਕਿ ਸਰਕਾਰ ਦੀਆਂ ਛੋਟਾਂ ਕੇਵਲ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਹਨ, ਨਾਕਿ ਸੜਕਾਂ ਉਤੇ ਲਾਪਰਵਾਹੀ ਨਾਲ ਘੁੰਮਣ-ਫਿਰਨ ਲਈ।
ਇਸੇ ਦੌਰਾਨ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਰਜਤ ਉਬਰਾਏ ਨੇ ਦੱਸਿਆ ਕਿ ਵਿਭਾਗ ਵੱਲੋਂ ਸਾਰੀਆਂ ਨਗਰ ਕੌਂਸਲਾਂ ਵਿਚ ਪ੍ਰਚਾਰ ਵਹੀਕਲਾਂ ਨਾਲ ਅੱਜ ਪ੍ਰਚਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਾਰੇ ਕੌਂਸਲਰ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਸਿਹਤ ਵਿਭਾਗ ਦਾ ਸੁਨੇਹਾ ਦੇਣ ਲਈ ਆਪਣੇ ਇਲਾਕੇ ਦੇ ਸਾਰੇ ਘਰਾਂ ਤੱਕ ਪਹੁੰਚ ਕਰਨ। ਉਨਾਂ ਕਿਹਾ ਕਿ ਭਾਵੇਂ ਲੋਕਾਂ ਨੂੰ ਹਰੇਕ ਸਾਵਧਾਨੀ ਯਾਦ ਹੈ, ਪਰ ਸਾਡੀ ਕੋਸ਼ਿਸ਼ ਸੰਭਾਵੀ ਖਤਰੇ ਤੋਂ ਜਾਣੂੰ ਕਰਵਾ ਕੇ ਲੋਕਾਂ ਨੂੰ ਸਿਹਤ-ਸੁਰੱਖਿਆ ਪ੍ਰਤੀ ਚੌਕਸ ਕਰਨ ਦੀ ਹੈ।