ਅਸ਼ੋਕ ਵਰਮਾ
ਬਠਿੰਡਾ, 27 ਜੂਨ। ਦਿਹਾਤੀ ਮਜਦੂਰ ਸਭਾ ਦੇ ਆਗੂ ਮਿੱਠੂ ਸਿੰਘ ਘੁੱਦਾ ਦੀ ਅਗਵਾਈ ਹੇਠ ਔਰਤਾਂ ਦੇ ਕਰਜੇ ਨੂੰ ਲੈ ਕੇ ਮੀਟਿੰਗ ਕੀਤੀ ਗਈ ਜਿਸ ’ਚ ਬੀਕੇਯੂ ਕ੍ਰਾਂਤੀਕਾਰੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਜਮਹੂਰੀ ਕਿਸਾਨ ਸਭਾ ਅਤੇ ਕਿਰਤੀ ਕਿਸਾਨ ਯੂਨੀਅਨ ਸ਼ਾਮਲ ਸਨ। ਮਿੱਠੂ ਸਿੰਘ ਘੁੱਦਾ ਨੇ ਕਿਹਾ ਕਿ ਪ੍ਰਾਈਵੇਟ ਬੈਂਕ ਅਤੇ ਕੰਪਨੀਆਂ ਕਰਜੇ ਬਦਲੇ ਔਰਤਾਂ ਨੂੰ ਧਮਕਾ ਕੇ ਕਿਸ਼ਤਾਂ ਵਾਪਸ ਕਰਨ ਲਈ ਦਬਾਅ ਪਾ ਰਹੀਆਂ ਹਨ ਪਰ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਇਸ ਮਸਲੇ ਤੇ ਚੁੱਪ ਬੈਠਾ ਹੈ । ਉਨਾਂ ਕਿਹਾ ਕਿ ਸਮੁੱਚੀ ਔਰਤ ਕਰਜ਼ੇ ਦੇ ਜਾਲ ਵਿੱਚ ਫਸ ਚੁੱਕੀ ਹੈ ਅਤੇ ਕਰਜ਼ੇ ਕਾਰਨ ਔਰਤਾਂ ਮਾਨਸਿਕ ਰੋਗਾਂ ਦੇ ਸ਼ਿਕਾਰ ਹੋ ਕੇ ਖੁਦਕੁਸ਼ੀ ਦੇ ਰਾਹ ਪੈ ਗਈਆਂ ਹਨ। ਆਗੂ ਬਲਵੰਤ ਮਹਿਰਾਜ ਨੇ ਦੱਸਿਆ ਕਿ ਪਿੰਡਾਂ ਦੀਆਂ ਔਰਤਾਂ ਨੂੰ ਆਪਣਾ ਚੁੱਲਾ ਚਲਾਉਣਾ ਵੀ ਔਖਾ ਹੋਇਆ ਪਿਆ ਹੈ। ਪਿਛਲੇ ਚਾਰ ਮਹੀਨਿਆਂ ਤੋਂ ਕੰਮ ਕਾਰ ਬੰਦ ਹੋਣ ਕਰਕੇ ਕਿਸੇ ਪਾਸਿਉਂ ਵੀ ਪੈਸਾ ਨਹੀਂ ਆ ਰਿਹਾ ਉੱਤੋਂ ਪ੍ਰਾਈਵੇਟ ਕੰਪਨੀਆਂ ਕਰਜਾ ਵਾਪਸ ਕਰਨ ਲਈ ਦਬਾਅ ਪਾ ਰਹੀਆਂ ਹਨ।
ਉਨਾਂ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਔਰਤਾਂ ਦੇ ਕਰਜ਼ੇ ਵੱਲ ਧਿਆਨ ਨਾ ਦਿੱਤਾ ਤਾਂ ਉਹ ਆਉਣ ਵਾਲੇ ਦਿਨਾਂ ਚ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਸਹਿਮਤੀ ਨਾਲ ਫੈਸਲਾ ਕੀਤਾ ਕਿ ਔਰਤਾਂ ਦੇ ਕਰਜੇ ਮਾਫੀ ਨੂੰ ਲੈ ਕੇ 17 ਜੁਲਾਈ ਨੂੰ ਔਰਤ ਕਰਜਾ ਮੁਕਤੀ ਕਾਨਫਰੰਸ ਕੀਤੀ ਜਾਵੇਗੀ ਜਿਸ ਦੀ ਤਿਆਰੀ ਦੇ ਵਜੋਂ ਪੋਸਟਰਾਂ ਰਾਹੀਂ ਤਿਆਰੀ ਮੁਹਿੰਮ ਚਲਾਈ ਜਾਏਗੀ ਅਤੇ ਔਰਤਾਂ ਮੀਟਿੰਗਾਂ ਤੋਂ ਇਲਾਵਾ ਝੰਡਾ ਮਾਰਚ ਅਤੇ ਰੈਲੀਆਂ ਕੀਤੀਆਂ ਜਾਣਗੀਆਂ। ਅੱਜ ਦੀ ਮੀਟਿੰਗ ਨੇ ਨਿਖੇਧੀ ਮਤਾ ਪਾਸ ਕਰਦਿਆਂ ਥਰਮਲ ਨੂੰ ਵੇਚਣ ਖਿਲਾਫ ਸੰਘਰਸ਼ ਕਰਨ ਦਾ ਐਲਾਨ ਵੀ ਕੀਤਾ। ਇਸ ਦੇ ਨਾਲ ਹੀ ਮੋਗਾ ਮੱਛੀ ਮਾਰਕੀਟ ਦੇ ਮਾਮਲੇ ’ਚ ਕਿਰਤੀ ਕਿਸਾਨ ਯੂਨੀਅਨ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਦੀ ਗਿ੍ਫਤਾਰੀ ਦੀ ਸਖਤ ਸਬਦਾਂ ਚ ਨਿਖੇਧੀ ਕੀਤੀ ਗਈ। ਇਸ ਮੌਕੇ ਦਰਸ਼ਨ ਸਿੰਘ ਫੁੱਲੋ ਮਿੱਠੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਦੇ ਸੂਬਾ ਆਗੂ ਸੁਖਪਾਲ ਸਿੰਘ ਖਿਆਲੀਵਾਲਾ, ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਪ੍ਰਕਾਸ਼ ਸਿੰਘ ਨੰਦਗੜ, ਬੀਕੇਯੂ ਕ੍ਰਾਂਤੀਕਾਰੀ ਦੇ ਅਮਰੀਕ ਸਿੰਘ ਮਹਿਰਾਜ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਪਿੰਡ ਮੀਤ ਪ੍ਰਧਾਨ ਬੰਤ ਸਿੰਘ ਖਾਲਸਾ ਹਾਜਰ ਸਨ।