7.5 C
United Kingdom
Sunday, March 8, 2026

More

    ਮੇਰਿਆ ਬਾਬਲਾ

    ਰਜਨੀ ਵਾਲੀਆ, ਕਪੂਰਥਲਾ

    ਵੇ ਪਹਿਲਾਂ ਕਰਤੀ ਧੀ ਪਰਾਈ,
    ਮੇਰਿਆ ਬਾਬਲਾ |
    ਫੇਰ ਤੈਨੂੰ ਸੁੱਤਿਆਂ ਜਾਗ ਨਾ ਆਈ,
    ਮੇਰਿਆ ਬਾਬਲਾ |

    ਵੇ ਫੜਕੇ ਹੱਥ ਖਿਡਾਇਆ ਜਿਨੂੰ,
    ਧੀ ਓ ਡੋਲੀ ਪਾਉਣੀਂ ਪੈ ਗਈ |
    ਤੂੰ ਜੀਹਦੇ ਲਈ ਹੌਕਾ ਭਰਿਆ,
    ਓ ਹੌਕਾ ਹੌਕਾ ਹੋ ਕੇ ਰਹਿ ਗਈ |
    ਅੱਜ ਹੰਝੂਆਂ ਛਹਿਬਰ ਲਾਈ |
    ਮੇਰਿਆ ਬਾਬਲਾ

    ਮੈਂ ਖੇਡੀ ਸੀ ਜਿੰਨਾਂ ਦੇ ਨਾਲ,
    ਓ ਮੇਰੇ ਨਿੱਕੇ-ਨਿੱਕੇ ਖਿਡੌਣੇਂ |
    ਜਦ ਤੂੰ ਜਾਣਾਂ ਸੀ ਦੁਨੀਆਂ ਤੋਂ,
    ਹੱਸਦਿਆਂ ਨੂੰ ਪੈ ਗਏ ਰੋਣੇਂ |
    ਰੂਹ ਰੋ-ਰੋ ਪਾਵੇ ਦੁਹਾਈ |
    ਮੇਰਿਆ ਬਾਬਲਾ

    ਲੈ ਕੇ ਜਿਹੜੀ ਬੱਸ ਤੇ ਮੈਨੂੰ,
    ਜਾਂਦਾ ਹੁੰਦਾ ਸੀ ਤੂੰ ਪੜਨੇਂ |
    ਪੜੀ ਲਿਖੀ ਮੈਂ ਮਿਹਨਤ ਕਰ-ਕਰ,
    ਸੀ਼ਟ ਤੇ ਚੰਗੇ ਨੰਬਰ ਚੜਨੇਂ |
    ਮੈਂ ਅੱਜ ਓਸੇ ਈ ਬੱਸ ਤੇ ਆਈ |
    ਮੇਰਿਆ ਬਾਬਲਾ

    ਸੀ ਤੈਨੂੰ ਪਤਾ ਤੂੰ ਤੁਰ ਜਾਣਾਂ,
    ਰਜਨੀ ਦੇ ਨਾਲ ਗੱਲ ਕਰਾਦੋ |
    ਦੁਨੀਆਂ ਤੋਂ ਹੁਣ ਰੁਖਸਤੀ ਮੇਰੀ,
    ਏ ਮੇਰੀ ਤਾਂ ਰੀਝ ਪੁਗਾਦੋ |
    ਤੇਰੀ ਗੱਲ ਨਾ ਕਿਸੇ ਕਰਾਈ |
    ਮੇਰਿਆ ਬਾਬਲਾ

    ਤੈਨੂੰ ਮੇਰੀ ਫਿਕਰ ਸੀ ਡਾਢੀ,
    ਏਸੇ ਲਈ ਮੇਰਾ ਹੇਜ ਸੀ ਕਰਦਾ |
    ਸੀ ਮੇਰਾ ਬਾਬਲਾ ਰਾਹ ਦਸੇਰਾ,
    ਮੇਰੇ ਕਦਮੀਂ ਕਦਮ ਸੀ ਧਰਦਾ |
    ਅੰਬਰੀਂ ਭਰਦੈ ਚੰਨ ਗਵਾਈ |
    ਮੇਰਿਆ ਬਾਬਲਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!