13.7 C
United Kingdom
Monday, June 22, 2026

More

    ਮੌਸਮ ਦੀ ਪਲੇਠੀ ਬਾਰਸ਼ ਨੇ ਧੋਤੇ ਬਠਿੰਡਾ ’ਚ ਵਿਕਾਸ ਦੇ ਦਾਅਵੇ

    ਅਸ਼ੋਕ ਵਰਮਾ
    ਬਠਿੰਡਾ,25 ਜੂਨ ।  ਬਠਿੰਡਾ ਸ਼ਹਿਰ ‘ਚ ਅੱਜ ਸਵੇਰ ਵਕਤ ਪਈ ਬਾਰਸ਼ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਵਿਕਾਸ ਦੀ ਪੋਲ ਖੋਹਲ ਕੇ ਰੱਖ ਦਿੱਤੀ ਹੈ। ਸ਼ਹਿਰ ਦੇ ਦਰਜਨਾਂ ਇਲਾਕਿਆਂ ’ਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ ਹਾਲਾਂਕਿ ਬਾਅਦ ’ਚ ਤਿੱਖੀ ਧੁੱਪ ਨਿਕਲ ਆਈ ਪਰ ਧਰਤੀ ਚੋਂ ਨਿੱਕਲੀ ਹੁੰਮਸ  ਨੇ ਆਮ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਅੱਜ ਬਠਿੰਡਾ ’ਚ 33 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ ਹੈ ਜਦੋਂਕਿ ਤਿੰਨ ਕਿੱਲੋਮੀਟਰ ਪ੍ਰੀ ਘੰਟਾ ਦੀ ਰਫਤਾਰ ਨਾਲ ਹਵਾ ਚੱਲੀ। ਮੌਸਮ ਵਿਭਾਗ ਅਨੁਸਾਰ ਅੱਜ ਵੱਧ ਤੋਂ ਵੱਧ ਤਾਪਮਾਨ 31 .5 ਡਿਗਰੀ ਰਿਕਾਰਡ ਕੀਤਾ ਗਿਆ ਜਦੋਂਕਿ ਪਿਛਲੇ ਹਫਤੇ ਇਹ ਅੰਕੜਾ 43.5 ਡਿਗਰੀ ਰਿਹਾ ਹੈ। ਲਾਈਨੋਪਰ ਇਲਾਕੇ ਦੇ ਪ੍ਰਤਾਪ ਨਗਰ ਅਤੇ ਪਰਸ ਰਾਮ ਨਗਰ ਆਦਿ ’ਚ ਤਾਂ ਬੇਲਗਾਮ ਹੋਏ ਪਾਣੀ ਨੇ ਫਿਰਕੀ ਘੁਮਾ ਦਿੱਤੀ ਹੈ।
    ਅੱਜ ਬਾਰਸ਼ ਮਗਰੋਂ ਤਾਪਮਾਨ ਯਕਦਮ ਹੇਠਾਂ ਆ ਗਿਆ, ਜਿਸ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਠੰਢਾ ਹੋਣ ਦਾ ਬੱਚਿਆਂ ਨੇ ਸੜਕਾਂ ਤੇ ਆ ਕੇ ਆਨੰਦ ਮਾਣਿਆ । ਜਿੰਨਾਂ ਥਾਵਾਂ ਤੇ ਸੀਵਰੇਜ਼ ਪ੍ਰਬੰਧਾਂ ਦਾ ਮਾੜਾ ਹਾਲ ਹੈ ਉੱਥੇ ਤਾਂ ਚਿੱਕੜ ਦਾ ਦਰਿਆ ਬਣਿਆ ਹੋਇਆ ਸੀ ।  ਪਰਸ ਰਾਮ ਨਗਰ ਦੇ ਨੌਜਵਾਨ ਆਗੂ ਸੰਜੀਵ ਸੋਨੀ ਨੇ ਕਿਹਾ ਕਿ ਉਹ ਲੰਮੇ ਸਮੇ ਤੋਂ ਇਸ ਸਮੱਸਿਆ ਬਾਰੇ ਅਧਿਕਾਰੀਆਂ ਨੂੰ ਜਾਣੂੰ ਕਰਵਾ ਚੁੱਕੇ ਹਨ ਪਰ ਮਸਲਾ ਹੱਲ ਨਹੀਂ ਹੋਇਆ ਹੈ। ਉਨਾਂ ਦੱਸਿਆ ਕਿ ਡੇਢ ਕਿੱਲੋਮੀਟਰ ’ਚ ਪਾਣੀ ਖਲੋਤਾ ਹੋਣ ਕਾਰਨ ਅੱਜ ਕਾਰੋਬਾਰ ਠੱਪ ਰਿਹਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਪਹਿਲੀ ਜੋਰਦਾਰ ਵਰਖਾ ਨੇ ਹੀ ਅੱਜ ਪ੍ਰਸ਼ਾਸ਼ਨ ਦੇ ਹੜ ਰੋਕੂ ਇੰਤਜਾਮਾਂ ਦੀ ਪੋਲ ਖੋਲ ਦਿੱਤੀ ਹੈ ਅਤੇ ਨਗਰ ਨਿਗਮ ਬਠਿੰਡਾ ਦੇ ਨਿਕਾਸੀ ਪ੍ਰਬੰਧ ਵੀ ਧਰੇ-ਧਰਾਏ ਰਹਿ ਗਏ ਹਨ।
                                       ਸ਼ਹਿਰ ਦੀ ਬੀਬੀ ਵਾਲਾ ਰੋਡ, ਪਾਵਰ ਹਾਊਸ ਰੋਡ,ਮਾਲ ਰੋਡ ਅਤੇ ਸਿਰਕੀ ਬਜ਼ਾਰ ਸਮੇਤ ਹੋਰ ਵੀ ਵੱਡੀ ਗਿਣਤੀ ਮੁਹੱਲਿਆਂ ’ਚ ਬਾਰਸ਼ ਕਾਰਨ ਹਾਲਾਤ ਖਰਾਬ ਹੋ ਗਏ ਹਨ।  ਦੂਜੇ ਪਾਸੇ ਬਾਰਸ਼ ਨਾਲ ਕਿਸਾਨਾਂ ਨੂੰ ਸੁੱਖ ਦਾ ਸਾਹ ਆਇਆ ਹੈ ਖਾਸ ਤੌਰ ਤੇ ਗਰਮੀ ਦੇ ਮੌਸਮ ‘ਚ ਝੋਨਾ ਲਾ ਰਹੇ ਮਜਦੂਰ ਕਾਫੀ ਰਾਹਤ ਮਹਿਸੂ ਕਰ ਰਹੇ ਹਨ। ਮਾਹਿਰਾਂ ਦੇ ਦੱਸਣ ਅਨੁਸਾਰ ਝੋਨੇ ਦੇ ਖੇਤਾਂ ਲਈ ਇਹ ਬਾਰਸ਼ ਅੰਮਿ੍ਰਤ ਵਾਂਗ ਹੈ ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਅਜਿਹੇ ਠੰਢੇ ਮੌਸਮ ਵਿੱਚ ਲੱਗਣਸਾਰ ਹੀ ਝੋਨੇ ਨੇ ਜੜ ਫੜਨੀ ਸ਼ੁਰੂ ਕਰ ਦੇਣੀ ਹੈ। ਪਾਵਰਕੌਮ ਨੂੰ ਵੀ ਇਸ ਬਾਰਸ਼ ਨੇ ਅੰਸ਼ਕ ਰੂਪ ‘ਚ ਢਾਰਸ ਦਿੱਤੀ ਹੈ। ਘਰੇਲੂ ਅਤੇ  ਖੇਤੀ ਲੋੜਾਂ ਵਾਸਤੇ ਬਿਜਲੀ ਦੀ ਮੰਗ ਘਟੀ ਹੈ ।  ਝੋਨੇ ਦੀ ਲੁਆਈ ਜੋਰਾਂ ਤੇ ਹੋਣ ਕਰਕੇ ਕਈ ਦਿਨਾਂ ਤੋਂ ਖੇਤੀ ਖੇਤਰ ਵਿੱਚ ਬਿਜਲੀ ਦੀ ਮੰਗ ਕਾਫੀ ਵਧ ਗਈ ਸੀ।

                                     ਬਾਰਸ਼ ਕਾਰਨ ਕਮਰੇ ਦੀ ਛੱਤ ਡਿੱਗੀ
    ਬਠਿੰਡਾ ’ਚ ਹੋਈ ਤੇਜ ਬਾਰਸ਼ ਕਾਰਨ ਸ਼ਹਿਰ ਦੇ ਗੋਪਾਲ ਨਗਰ ਦੀ ਗਲੀ ਨੰਬਰ 8 ਵਿੱਚ ਇੱਕ ਕਮਰੇ ਦੀ ਛੱਤ ਡਿੱਗ ਗਈ ਜਿਸ ਕਾਰਨ ਦੋ ਵਿਅਕਤੀ  ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦਿਆਂ ਸਹਾਰਾ ਜਨ ਸੇਵਾ ਦੇ ਵਲੰਟੀਅਰ ਜੱਗਾ ਸਿੰਘ ਅਤੇ ਮਨੀਕਰਨ ਸ਼ਰਮਾ ਮੌਕੇ ਤੇ ਪਹੁੰਚੇ ਅਤੇ ਰਾਹਤ ਕਾਰਜ ਸ਼ੁਰੂ ਕੀਤੇ।  ਸਹਾਰਾ ਵਰਕਰਾਂ ਨੇ ਜਖਮੀਆਂ ਨੂੰ ਫੌਰੀ ਤੌਰ ਤੇ ਇਲਾਜ ਲਈ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ ਗਿਆ। ਜਖਮੀਆਂ ਦੀ ਪਛਾਣ ਸੰਤੋਖ ਸਿੰਘ , ਸੁਖਬੀਰ ਕੌਰ ਅਤੇ  ਚੰਨਾ ਰਾਮ ਵਜੋਂ ਹੋਈ ਹੈ।
                                 ਸਬਜੀ ਮੰਡੀ ’ਚ ਲੱਖਾਂ ਦਾ ਨੁਕਸਾਨ
    ਬਾਰਸ਼ ਕਾਰਨ ਸਬਜੀ ਮੰਡੀ ’ਚ ਅੱਜ ਆੜਤੀਆਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਜਾਣਕਾਰੀ ਅਨੁਸਾਰ ਸਬਜੀ ਮੰਡੀ ’ਚ ਜੋ ਨਵੇਂ ਸ਼ੈਡ ਪਾਏ ਗਏ ਸਨ ਉਨਾਂ ਚੋਂ ਪਾਣੀ ਚੋਣ ਲੱਗ ਪਿਆ। ਇਸ ਦੇ ਸਿੱਟੇ ਵਜੋਂ ਆਲੂ,ਲਸਣ ਅਤੇ ਹੋਰ ਵੀ ਕਈ ਤਰਾਂ ਦੀਆਂ ਸਬਜੀਆਂ ਖਰਾਬ ਹੋ ਗਈਆਂ। ਆੜਤੀਆਂ ਨੇ ਦੱਸਿਆ ਕਿ ਉਨਾਂ ਨੂੰ ਤਾਂ ਪਹਿਲੇ ਮੀਂਹ ਨੇ ਹੀ ਸੱਟ ਮਾਰ ਦਿੱਤੀ ਹੈ। ਕੁੱਝ ਲੋਕਾਂ ਨੇ ਸ਼ੈਡ ਪਾਉਣ ’ਚ ਕਥਿਤ ਘਪੇ ਦੀ ਸ਼ੰਕਾ ਵੀ ਜਤਾਈ ਹੈ।
                                     ਨਗਰ ਨਿਗਮ ਦੇ ਦਾਅਵੇ ਖੋਖਲੇ
    ਜੁਆਇੰਟ ਐਕਸ਼ਨ ਕਮੇਟੀ ਬਠਿੰਡਾ ਦੇ ਕਨਵੀਨਰ ਐਮਐਮ ਬਹਿਲ ਦਾ ਕਹਿਣਾ ਸੀ ਕਿ ਅਧਿਕਾਰੀ ਜੋ ਮਰਜੀ ਕਹਿਣ ਨਗਰ ਨਿਗਮ ਵੱਲੋਂ ਖਰਚੇ ਜਾ ਰਹੇ ਕਰੋੜਾਂ ਰੁਪਏ ਸ਼ਹਿਰ ਵਾਸੀਆਂ ਨੂੰ ਰਾਸ ਨਹੀਂ ਆ ਰਹੇ ਹ।ਨ  ਉਨਾਂ ਆਖਿਆ ਕਿ ਹੁਣ ਤਾਂ ਹਲਕੇ ਫੁਲਕੇ ਮੀਂਹ ਦਾ ਰੁਕ ਰਿਹਾ ਪਾਣੀ ਸਰਕਾਰ  ਦੇ ਵਿਕਾਸ ਦੇ ਦਾਅਵਿਆਂ ਨੂੰ ਖੋਖਲੇ ਸਾਬਤ ਕਰ ਰਿਹਾ ਹੈ ਜਦੋਂਕਿ ਭਾਰੀ ਬਾਰਸ਼ਾਂ ਤਾਂ ਹੜਾਂ ਵਰਗੇ ਹਾਲਾਤ ਪੈਦਾ ਕਰ ਦਿੰਦੀਆਂ ਹਨ ਜੋਕਿ ਚਿੰਤਾਜਨਕ ਹੈ।
                  ਨਵੀਂ ਲਾਈਨ ਪੈਣ ਮਗਰੋਂ ਸਮੱਸਿਆ ਹੱਲ
    ਨਗਰ ਨਿਗਮ ਦੇ ਕਾਰਜਕਾਰੀ ਇੰਜਨੀਅਰ ਕਿਸ਼ੋਰ ਬਾਂਸਲ ਦਾ ਕਹਿਣਾ ਸੀ ਕਿ ਸਲੈਜ ਕੈਰੀਅਰ ਦੀ  ਸਮਰੱਥਾ ਘੱਟ ਹੋਣ ਕਰਕੇ ਨਿਕਾਸੀ ਲਈ ਸਾਰੀਆਂ ਮੋਟਰਾਂ ਨਹੀਂ ਚਲਾਈਆਂ ਜਾ ਸਕਦੀਆਂ ਹਨ। ਉਨਾਂ ਆਖਿਆ ਕਿ ਸਲੈਜ ਕੈਰੀਅਰ ਦੇ ਨਾਲ ਨਵੀਂ ਪਾਈਪ ਲਾਈਨ ਪਾਈ ਜਾ ਰਹੀ ਹੈ ਜਿਸ ਤੋਂ ਬਾਅਦ ਪਾਣੀ ਕੱਢਣ ਦਾ ਸਮਾਂ ਘਟ ਜਾਏਗਾ। ਉਨਾਂ ਆਖਿਆ ਕਿ ਸ਼ਹਿਰ ਦੀ ਭੁਗੋਲਿਕ ਸਥਿਤੀ ਅਜਿਹੀ ਹੈ ਕਿ ਸਾਰਾ ਪਾਣੀ ਮੋਟਰਾਂ ਨਾਲ ਕੱਢਣਾ ਪੈਂਦਾ ਹੈ ਜੋਕਿ ਅੱਜ ਵੀ ਚਲਾਈਆਂ ਜਾ ਰਹੀਆਂ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!