19.8 C
United Kingdom
Monday, June 22, 2026

More

    ਬੀਕੇਯੂ ਉਗਰਾਹਾਂ ਵੱਲੋਂ ਥਰਮਲ ਮਾਮਲੇ ‘ਤੇ ਸੰਘਰਸ਼ ’ਚ ਕੁੱਦਣ ਦਾ ਐਲਾਨ

    ਅਸ਼ੋਕ ਵਰਮਾ
    ਬਠਿੰਡਾ 24 ਜੂਨ ।ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਨੂੰ ਬੰਦ ਕਰਕੇ ਪੁੱਡਾ ਹਵਾਲੇ ਕਰਨ ਦੇ ਫੈਸਲੇ ਦਾ ਸਖਤ ਵਿਰੋਧ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਰੁਜ਼ਗਾਰ ਉਜਾੜੇ ਦਾ ਸ਼ਿਕਾਰ ਹੋ ਰਹੇ ਮੁਲਾਜ਼ਮਾਂ ਦੇ ਸੰਘਰਸ਼ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਅੱਜ ਇੱਥੇ ਜਾਰੀ ਕੀਤੇ ਸਾਂਝੇ ਪ੍ਰੈਸ ਬਿਆਨ ਰਾਹੀਂ ਕਾਂਗਰਸੀ ਕੈਪਟਨ ਸਰਕਾਰ ਉੱਤੇ ਸਮੂਹ ਪੰਜਾਬ ਵਾਸੀਆਂ ਨਾਲ ਧੋ੍ਰਹ ਕਮਾਉਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ਮੌਕੇ ਤਾਂ ਮਨਪ੍ਰੀਤ ਬਾਦਲ ਨੇ ਅਕਾਲੀ-ਭਾਜਪਾ ਦੀ ਇਸ ਤਜਵੀਜ਼ ਦੇ ਵਿਰੋਧ ਰਾਹੀਂ ਵੋਟਾਂ ਬਟੋਰੀਆਂ ਸਨ ਪਰ ਹੁਣ ਸਰਕਾਰ ਨੇ ਉਸੇ ਤਜਵੀਜ਼ ਨੂੰ ਫੈਸਲਾ ਬਨਾਉਣ ਦੀ ਮੋਹਰ ਲਾ ਦਿੱਤੀ ਹੈ।
                           ਇਸ ਫੈਸਲੇ ਨੂੰ ਸਰਾਸਰ ਗਲਤ ਸਾਬਤ ਕਰਨ ਲਈ ਤੱਥ ਪੇਸ਼ ਕਰਦੇ ਹੋਏ ਕਿਸਾਨ ਆਗੂਆਂ ਨੇ ਦੱਸਿਆ ਹੈ ਕਿ 2014 ’ਚ ਸਰਕਾਰੀ ਖਜ਼ਾਨੇ ’ਚੋਂ 716 ਕਰੋੜ ਰੁਪਏ ਖਰਚ ਕੇ ਇਸ ਥਰਮਲ ਪਲਾਂਟ ਦੇ ਕੀਤੇ ਗਏ ਨਵੀਨੀਕਰਨ ਦੀ ਮਿਆਦ ਵਿੱਚੋਂ ਅਜੇ ਸਿਰਫ 9 ਫੀਸਦੀ ਹੀ ਲੰਘੀ ਹੈ 91 ਫੀਸਦੀ ਬਾਕੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇੱਥੇ ਪੈਦਾ ਹੋ ਰਹੀ ਰੋਜ਼ਾਨਾ 400 ਮੈਗਾਵਾਟ ਬਿਜਲੀ ਸਿਰਫ 4.50 ਰੁਪਏ ਪ੍ਰਤੀ ਯੂਨਿਟ ਪੈਂਦੀ ਹੈ। ਜਦੋਂ ਕਿ ਨਿੱਜੀ ਖੇਤਰ ਦੀਆਂ ਸੂਰਜੀ ਊਰਜਾ ਕੰਪਨੀਆਂ ਨਾਲ  ਕੀਤੇ ਖਰੀਦ ਸਮਝੌਤਿਆਂ ਤਹਿਤ ਇਹ 18 ਰੁਪਏ ਪ੍ਰਤੀ ਯੂਨਿਟ ਜਾਂ ਇਸਤੋਂ ਵੱਧ ਪੈ ਜਾਂਦੀ ਹੈ। ਉਨਾਂ ਕਿਹਾ ਕਿ ਵਿੱਤ ਮੰਤਰੀ ਵੱਲੋਂ ਥਰਮਲ ਪਲਾਂਟ ’ਚ ਪੈਦਾ ਹੁੰਦੀ ਬਿਜਲੀ ਬਹੁਤ ਮਹਿੰਗੀ ਅਤੇ ਨਿੱਜੀ ਕੰਪਨੀਆਂ ’ਚੋਂ ਖਰੀਦੀ ਬਿਜਲੀ ਬਹੁਤ ਸਸਤੀ ਹੋਣ ਦੇ ਗੁੰਮਰਾਹਕੁੰਨ ਅੰਕੜੇੇ ਪੇਸ਼ ਕੀਤੇ ਜਾ ਰਹੇ ਹਨ।
                            ਉਨਾਂ ਆਖਿਆ ਕਿ ਕਰੀਬ 2300 ਮੁਲਾਜ਼ਮਾਂ ਦਾ ਰੁਜ਼ਗਾਰ ਖੋਹਿਆ ਜਾ ਰਿਹਾ ਹੈ ਜਿਹੜੇ ਲਗਭਗ ਸਾਰੇ ਹੀ ਗਰੀਬ ਕਿਸਾਨ ਮਜ਼ਦੂਰ ਜਾਂ ਹੋਰ ਕਿਰਤੀ ਪਰਿਵਾਰਾਂ ਦੇ ਜੰਮਪਲ ਹਨ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਹੈ ਕਿ ਕਰੋਨਾ ਸੰਕਟ ਦੀ ਆੜ ਹੇਠ ਕਾਰਪੋਰੇਟ ਪੱਖੀ ਨਿੱਜੀਕਰਨ ਦੀਆਂ ਨੀਤੀਆਂ ਨੂੰ ਚੱਕਵੇਂ ਪੈਰੀਂ ਲਾਗੂ ਕਰ ਰਹੀ ਕੇਂਦਰੀ ਭਾਜਪਾ ਹਕੂਮਤ ਨਾਲੋਂ ਮੂਹਰੇ ਨਿਕਲਣ ਦੀ ਦੌੜ ’ਚ ਕੈਪਟਨ ਸਰਕਾਰ ਵੱਲੋਂ ਸਾਮਰਾਜੀ ਹਮਾਇਤੀ ਹੋਣ ਦਾ ਸਬੂਤ ਦਿੱਤਾ ਜਾ ਰਿਹਾ ਹੈ। ਅੰਤ ’ਚ ਆਗੂਆਂ ਨੇ ਐਲਾਨ ਕੀਤਾ ਹੈ ਕਿ ਜਥੇਬੰਦੀ ਵੱਲੋਂ ਅਪਣਾਈ ਹੋਈ ਨਿੱਜੀਕਰਨ ਵਿਰੋਧੀ ਸਖਤ ਜਾਨ ਸੰਘਰਸ਼ਾਂ ਦੀ ਨੀਤੀ ਤਹਿਤ ਇਸ ਮੁੱਦੇ ਉੱਤੇ ਵੀ ਹਰ ਪੱਧਰ ਦੇ ਸੰਘਰਸ਼ਾਂ ਵਿੱਚ ਜੀ-ਜਾਨ ਨਾਲ ਕੁੱਦਿਆ ਜਾਵੇਗਾ। ਉਨਾਂ ਕਿਹਾ ਕਿ ਪਹਿਲਾਂ ਹੀ ਐਲਾਨੇ ਹੋਏ 30 ਜੂਨ ਨੂੰ ਜ਼ਿਲਾ/ਸਬਡਵੀਜਨ ਦਫਤਰਾਂ ਅੱਗੇ ਲਾਏ ਜਾ ਰਹੇ ਧਰਨਿਆਂ ਵਿੱਚ ਵੀ ਇਹ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ।  

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!