9.6 C
United Kingdom
Monday, May 20, 2024

More

    ਕਹਾਣੀ- ਮੇਰਾ ਬਾਪੂ ਮੇਰਾ ਰੱਬ

    ਅੱਜ ਬਾਪੂ ਦੀ ਬਹੁਤ ਹੀ ਜ਼ਿਆਦਾ ਯਾਦ ਆ ਰਹੀ ਸੀ,ਬਾਪੂ ਦੀ ਘੂਰ ਨੂੰ ਕੰਨ ਤਰਸ ਰਹੇ ਸੀ,ਉਸ ਕੋਲ ਬੈਠਣ ਨੂੰ ਦਿਲ ਕਰ ਰਿਹਾ ਸੀ,ਮੈ ਬੈਠਾ ਵੀ ਸੀ ,ਪਰ ਬਾਪੂ ਦੀ ਲਾਸ਼ ਕੋਲ । ਉਸ ਕੋਲੋਂ ਕੋਈ ਸਲਾਹ ਲੈਣ ਲਈ ਦਿਲ ਬੇਤਾਬ ਸੀ,ਪਰ ਮੈਂ ਆਪਣੇ ਬਾਪੂ ਦੀ ਲਾਸ਼ ਕੋਲ਼ ਬੈਠਾ ਕੀਰਨੇ ਪਾ ਰਿਹਾ ਸੀ,ਬਾਪੂ ਕਿੱਥੇ ਚਲਾ ਗਿਆ,ਅਜੇ ਤਾਂ ਤੇਰੀ ਬਹੁਤ ਲੋੜ ਸੀ।
             ਮੈਂ ਬਾਪੂ ਨਾਲ ਕੀਤੀਆਂ ਗਈਆਂ ਆਪਣੀਆਂ  ਭੁੱਲਾਂ ਦੀ ਮਾਫ਼ੀ ਮੰਗ ਰਿਹਾ ਸੀ ਤੇ ਬਾਪੂ ਅਰਾਮ ਦੀ ਨੀਂਦ ਸੁੱਤਾ ਪਿਆ ਸੀ,ਮੇਰੇ ਸਾਕ ਸਬੰਧੀ ਮੈਂਨੂੰ ਦਿਲਾਸੇ ਦੇ ਰਹੇ ਸੀ ਪਰ ਮੇਰੇ ਤੇ ਕਿਸੇ ਵੀ ਦਿਲਾਸੇ ਦਾ ਕੋਈ ਵੀ ਅਸਰ ਨਹੀ ਸੀ ਹੋ ਰਿਹਾ ਸੀ।
            ਜਿਉਂਦੇ ਦੀ ਭਾਵੇਂ ਮੈਂਨੂੰ ਪ੍ਰਵਾਹ ਨਹੀਂ ਸੀ ਪਰ ਅੱਜ ਉਸਦੇ ਤੁਰ ਜਾਣ ਤੇ ਮੈਂਨੂੰ ਰੱਬ ਦੇ ਤੁਰ ਜਾਣ ਦਾ ਘਾਟਾ ਮਹਿਸੂਸ ਹੋ ਰਿਹਾ ਸੀ,ਬਾਪੂ ਵੱਲੋਂ ਕਹੀਆਂ ਗਈਆਂ ਗੱਲਾਂ ਅੱਜ ਮੇਰੇ ਦਿਮਾਗ ਵਿੱਚ ਘੁੰਮ ਰਹੀਆਂ ਸੀ ।
             ਅੱਜ ਬਾਪੂ ਦੀਆਂ ਝਿੜਕਾਂ ਸੁਣਨ ਨੂੰ ਦਿਲ ਕਰ ਰਿਹਾ ਸੀ,ਅੱਜ ਬਾਪੂ ਨਾਲ ਸਮਾਂ ਬਿਤਾਉਣ ਨੂੰ ਦਿਲ ਕਰ ਰਿਹਾ ਸੀ,ਪਰ ਮੇਰਾ ਬਾਪੂ ਦੁਨੀਆਂ ਨੂੰ ਅਲਵਿਦਾ ਆਖ ਗਿਆ ਸੀ।
           ਮੇਰੇ ਘਰਵਾਲੀ ਵਾਲੀ ਮੇਰੇ ਬੱਚੇ ਭੈਣਾਂ ,ਭਾਬੀਆਂ ,ਤਾਏ, ਚਾਚੇ,ਸਭ ਉਸ ਮਹਾਨ ਪੁਰਸ਼ ਦੀ ਚੰਗਿਆਈ ਨੂੰ ਰੋ ਰਹੇ ਸੀ ਤੇ ਮੈਂ ਆਪਣਾ ਕ਼ੀਮਤੀ ਹੀਰਾ ਮੇਰਾ ਰੱਬ ਗਵਾਈ ਬੈਠਾ ਸੀ,ਸੱਚਮੁੱਚ ਹੀ ਬਾਪੂ ਆਪਣੇ ਆਪ ਵਿੱਚ ਇੱਕ ਖਜ਼ਾਨਾ ਹੁੰਦਾ ਏ,ਭਾਵੇਂ ਜੇਬ ਤੋਂ ਖ਼ਾਲੀ ਵੀ ਹੋਵੇ ,ਪਰ ਬੱਚਿਆਂ ਅੱਗੇ ਕਦੇ ਆਪਣੇ ਆਪ ਨੂੰ ਖ਼ਾਲੀ ਨਹੀਂ ਸੀ ,ਕਦੇ ਹੋਣ ਦਿੱਤਾ।
              ਬਾਪੂ ਦੀਆਂ ਅੰਤਿਮ ਰਸਮਾਂ ਦੀ ਤਿਆਰੀ ਕਰ ਰਹੇ ਸੀ ਸਾਰੇ ਰਿਸ਼ਤੇਦਾਰ ਤੇ ਸਾਕ ਸਬੰਧੀ ਦੋ ਦੋ ਮੀਟਰ ਕੱਪੜਾ, ਲੋਈ, ਕੰਬਲ ਪਾਉਣ ਲਈ ਤਿਆਰ ਬਰ ਤਿਆਰ ਖੜੇ ਸੀ,ਤੇ ਮੇਰਾ ਦਿਮਾਗ ਕੰਮ ਨਹੀਂ ਸੀ ਕਰ ਰਿਹਾ ਸੀ,ਕੀ ਮੇਰੇ ਚੰਗੇ ਭਲੇ ਬਾਪੂ ਨੂੰ ਕੀ ਹੋ ਗਿਆ ਸੀ,ਹਰੇਕ ਦਾ ਸਲਾਹਕਾਰ ਅੱਜ ਇਕੱਲਾ ਕਿਵੇਂ ਜਾਣ ਦੀ ਸਲਾਹ ਬਣਾਕੇ ਬੈਠਾ ਸੀ।
              ਬਾਪੂ ਨੂੰ ਅਰਥੀ ਤੇ ਲਿਟਾਇਆ ਗਿਆ,ਕੱਪੜੇ ਤੇ ਪੱਗ ਬੰਨ੍ਹੀ ਵੇਖਕੇ ਇੰਝ ਲੱਗ ਰਿਹਾ ਸੀ,ਜਿਵੇਂ ਸੁੱਤਾ ਪਿਆ ਏ,ਜੇ ਅਵਾਜ਼ ਮਾਰਾ ਤੇ ਉੱਠ ਵੀ ਖੜੇਗਾ,ਮੈਂ ਬਾਪੂ ਨੂੰ ਜੱਫੀ ਪਾਕੇ ਉੱਚੀ ਉੱਚੀ ਰੋ ਰੋ ਕੇ ਇਹੋ ਆਖ ਰਿਹਾ ਸੀ,ਕੀ ਮੇਰੇ ਬਾਪੂ ਨੂੰ ਨਾ ਲੈਕੇ ਜਾਉ,ਬਾਪੂ ਤੂੰ ਵਾਪਸ ਆਹ ਜਾ।
              ਮੈਂ ਬਹੁਤ ਜ਼ਿਆਦਾ ਰੋ ਰਿਹਾ ਸੀ,ਅਚਾਨਕ ਮੈਂਨੂੰ ਮੇਰੇ ਬੇਬੇ ਨੇ ਮੇਰਾ ਮੋਢਾ ਫੜਦਿਆਂ ਕਿਹਾ ਜਿਤਿਆ ਕਿ ਹੋਇਆ…. ? ਜਿਤਿਆ ਕੋਈ ਸੁਪਨਾ ਵੇਖਿਆ ਮੈਂ ਇੱਕ ਦਮ ਉੱਠਿਆ ਤੇ ਕਿਹਾ ਬੇਬੇ ਬਾਪੂ …ਬਾਪੂ ਕਿੱਥੇ ਆ..? ਬਾਪੂ ….
           ਬੇਬੇ ਨੇ ਉਹ ਹੀ ਆਪਣੇ ਅੰਦਾਜ਼ ਵਿੱਚ ਕਿਹਾ ਇੱਥੇ ਹੀ ਹੋਣਾ ਡੰਗਰਾਂ ਦੇ ਵਾੜੇ ਹੋਰ ਉਹ ਨੇ ਅਮਰੀਕਾ ਜਾਣਾ,ਮੈ ਉੱਠਿਆ ਤੇ ਆਪਣੇ ਬਾਪੂ ਕੋਲ਼ ਵਾੜੇ ਵਿੱਚ ਗਿਆ ,ਬਾਪੂ ਨੂੰ ਮੱਝ ਦੀ ਕੱਟੀ ਦਾ ਰੱਸਾ ਖਿੱਚਦੇ ਵੇਖ ਮੇਰੀ ਜਾਨ ਵਿੱਚ ਜਾਨ ਪੈ ਗਈ ਸੀ।
         ਸ਼ੁਕਰ ਗੁਜ਼ਾਰ ਕੀਤਾ ਮੇਰੇ ਰੱਬ ਦਾ ਕੀ ਮੇਰਾ ਰੱਬ ਮੇਰਾ ਬਾਪੂ ਮੇਰੇ ਕੋਲ ਸੀ,ਬਾਪੂ ਨੂੰ ਜਾਕੇ ਇੱਕ ਦਮ ਘੁੱਟਕੇ ਆਪਾ ਵੀ ਜੱਫੀ ਪਾਈ ਤੇ ਕਿਹਾ ਬਾਪੂ ਕਿਵੇਂ ਆ।
    ਬਾਪੂ ਦਾ ਉਹ ਹੀ ਅੰਦਾਜ਼ ਕਿਉ ਕੈਨੇਡਾ ਤੋਂ ਆਇਆ ਜੋ ਪੁੱਛ ਰਿਹਾ,ਮੈਂ ਵੀ ਹੱਸਦੇ ਨੇ ਕਿਹਾ …!ਬਾਪੂ ਤੇਰੀਆਂ ਇਹਨਾਂ ਗੱਲਾਂ ਤੇ ਤਾਂ ਦਿਲ ਮਰਦੈ…!
           ਬਾਪੂ ਨੇ ਮੇਰੇ ਗੱਲ ਮੋੜਦਿਆਂ ਕਿਹਾ ..!ਜ਼ਿੱਦਣ ਬਾਪੂ ਮਰ ਗਿਆ ਨਾ,ਅੱਖਾਂ ਚ ਘਸੁੰਨ ਦੇ ਦੇ ਕੇ ਰੋਵੇਂਗਾ, ਮੈ ਬਾਪੂ ਨੂੰ ਫੇਰ ਘੁੱਟਕੇ ਜੱਫੀ ਜਾ ਪਾਈ ਤੇ ਕਿਹਾ …? ਬਾਪੂ ਇਹ ਮਰਨ ਮਰਾਉਣ ਦੀਆਂ ਗੱਲਾਂ ਨਾ ਕਰ ..!ਹੁਣੇ ਹੁਣੇ ਸੁਪਨੇ ਵਿੱਚ ਇਸ ਮਰਨ ਵਾਲੀ ਪੀੜਾ ਵਿੱਚੋ ਲੰਘਕੇ ਆਇਆ ਹਾਂ।
            ਅੱਜ ਸੁਰਜਣ ਨੂੰ ਵੀ ਜੀਤਾ ਬਦਲਿਆ ਬਦਲਿਆ ਲੱਗ ਰਿਹਾ ਸੀ,ਜਿਵੇਂ ਕੋਈ ਛੋਟਾ ਜਵਾਕ ਹੋਵੇ,ਪਰ ਜੀਤਾ ਭਾਵੇਂ ਜਵਾਨ ਹੋ ਚੁਕਾ ਸੀ,ਪਰ ਅੱਜ ਫ਼ੇਰ ਸੁਰਜਣ ਨੂੰ ਉਹ ਛੋਟਾ ਜੇਹਾ ਜਵਾਕ ਹੀ ਲੱਗ ਰਿਹਾ ਸੀ,
             ਜੀਤਾ ਦਿਲ ਹੀ ਦਿਲ ਆਖ ਰਿਹਾ ਸੀ ਕੀ ਬਾਪੂ ਤੂੰ ਤੇ ਮੇਰਾ ਰੱਬ ਇਹ …ਤੇਰੇ ਵਾਜੋ ਤਾਂ ਮੇਰਾ ਜਹਾਨ ਖ਼ਾਲੀ ਖ਼ਾਲੀ ਹੋ ਜਾਣਾ ਹੈ,ਜੀਤੇ ਨੇ ਸੋਚ ਲਿਆ ਸੀ,ਕੀ ਆਪਣੇ ਜਿਉਂਦੇ ਜੀਅ ਆਪਣੇ ਰੱਬ ਵਰਗੇ ਬਾਪੂ ਦਾ ਨਾ ਦਿਲ ਦੁਖਾਉਣ ਨਾ ਹੀ ਕਦੇ ਕੋਈ ਹੁਕਮ ਦੀ ਉਲੰਘਣਾ ਕਰਨੀ ਹੈ।ਬਾਪੂ ਤੇ ਬਾਪੂ ਹੀ ਹੁੰਦਾ ਤੇ ਆਪਣੇ ਰੱਬ ਦਾ ਦਿਲ ਨਹੀਂ ਦੁਖਾਉਣਾ।

        ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ।
       ਮੋਬਾਇਲ 98550 36444

    PUNJ DARYA

    Leave a Reply

    Latest Posts

    error: Content is protected !!