7.5 C
United Kingdom
Sunday, March 8, 2026

More

    ਸੂਬਾ ਕੁਈਨਜ਼ਲੈਂਡ ‘ਚ ਵਿਦੇਸ਼ੀ ਯਾਤਰੀਆਂ ਲਈ ਅਲਹਿਦਗੀ ਖਰਚਾ ਲਾਜ਼ਮੀ : ਆਸਟ੍ਰੇਲੀਆ

    ਅਲਹਿਦਗੀ ਤਬਦੀਲੀਆਂ 1 ਜੁਲਾਈ ਤੋਂ ਲਾਗੂ ਹੋਣਗੀਆਂ
    ਹਰਜੀਤ ਲਸਾੜਾ, ਬ੍ਰਿਸਬੇਨ

    ਇੱਥੇ ਰਾਸ਼ਟਰੀ ਕੈਬਨਿਟ ਦੀ ਸਹਿਮਤੀ ਤੋਂ ਬਾਅਦ ਆਸਟ੍ਰੇਲੀਆ ਦਾ ਸੂਬਾ ਕੁਈਨਜ਼ਲੈਂਡ, ਕੋਵਿਡ-19 ਕਾਰਨ ਪਏ ਵਿੱਤੀ ਬੋਝ ਨੂੰ ਘਟਾਉਣ ਲਈ ਦਿੱਤੀ ਜਾ ਰਹੀ ਮਜ਼ੂਦਾ ਵਿੱਤੀ ਸਹਾਇਤਾ ਵਿਚ ਕਟੌਤੀ ਕਰਦਿਆਂ ਆਉਂਦੀ 1 ਜੁਲਾਈ ਤੋਂ ਅੰਤਰਰਾਸ਼ਟਰੀ ਯਾਤਰੀਆ ਤਰਫੋਂ ਦੋ ਹਫਤਿਆਂ ਦੇ ਲਾਜ਼ਮੀ ਅਲਹਿਦਗੀ (ਕੁਆਰੰਟੀਨ) ਦੇ ਲਈ ਹੋਟਲ ‘ਚ ਰਹਿਣ ਦੇ ਵਿਅਕਤੀਗਤ ਤੌਰ ‘ਤੇ 200 ਡਾਲਰ ਪ੍ਰਤੀ ਦਿਨ ਵਸੂਲੇਗਾ। ਮਸਲਨ 1 ਜੁਲਾਈ ਤੋਂ, ਵਿਅਕਤੀਗਤ ਯਾਤਰੀ ਲਗਭਗ 2800 ਡਾਲਰ ਦਾ ਭੁਗਤਾਨ ਕਰਨ ਦੀ ਉਮੀਦ ਕਰ ਸਕਦੇ ਹਨ ਜਦੋਂ ਕਿ ਜੋੜਿਆਂ ਨੂੰ 3700 ਡਾਲਰ ਤੱਕ ਦੀ ਅਦਾਇਗੀ ਕਰਨੀ ਪਵੇਗੀ। ਚਾਰ ਵਿਅਕਤੀਆਂ ਦੇ ਪਰਿਵਾਰ ਲਈ 4620 ਡਾਲਰ ਤੱਕ ਦਾ ਭੁਗਤਾਨ ਕਰਨਾ ਪਵੇਗਾ। ਇਸ ਨਾਲ ਸੂਬਾ ਕੁਈਨਜ਼ਲੈਂਡ ਰਕਮ ਵਸੂਲਣ ਵਾਲਾ ਆਸਟਰੇਲੀਆ ਦਾ ਪਹਿਲਾ ਰਾਜ ਹੋਵੇਗਾ। ਜਦੋਂ ਕਿ ਸੂਬਾ ਨਿਊ ਸਾਊਥ ਵੇਲਜ ਅਤੇ ਵਿਕਟੋਰੀਆ ਨੇ ਕੁਆਰੰਟੀਨ ਦੇ ਲਈ ਵਿੱਤੀ ਸਹਾਇਤਾ ‘ਚ ਕਟੌਤੀ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਹੈ। ਸੂਬਾ ਸਰਕਾਰ ਅਨੁਸਾਰ ਹੁਣ ਤੱਕ ਦੇ ਹੋਟਲ ਅਲਹਿਦਗੀ ਉਪਾਅ ‘ਤੇ 19 ਮਿਲੀਅਨ ਡਾਲਰ ਦੀ ਲਾਗਤ ਆਈ ਹੈ ਅਤੇ ਇਸ ਮਹੀਨੇ ਦੇ ਅੰਤ ਤੱਕ ਇਹ ਅੰਕੜਾ 24 ਮਿਲੀਅਨ ਡਾਲਰ ਨੂੰ ਪਾਰ ਕਰ ਜਾਏਗਾ। ਇਸ ਲਈ ਸੂਬਾ ਸਰਕਾਰ ਆਪਣੇ ਟੈਕਸ ਦਾਤਿਆਂ ‘ਤੇ ਹੋਰ ਜਿਆਦਾ ਬੋਝ ਨਾ ਪਾਉਂਦੀ ਹੋਈ ਇਹ ਕਦਮ ਚੁੱਕ ਰਹੀ ਹੈ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਉਹ ਹੋਟਲ, ਆਵਾਜਾਈ, ਲੌਜਿਸਟਿਕਸ, ਸੁਰੱਖਿਆ ਆਦਿ ਦੇ ਖਰਚਿਆਂ ਲਈ ਫੰਡ ਜਾਰੀ ਰੱਖੇਗੀ, ਜਿਨ੍ਹਾਂ ਨੂੰ ਵਿਅਕਤੀਆਂ ਦੁਆਰਾ ਅਦਾ ਕੀਤੇ ਜਾਣ ਵਾਲੇ ਖਰਚਿਆਂ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਹ ਤਬਦੀਲੀਆਂ 1 ਜੁਲਾਈ ਤੋਂ ਲਾਗੂ ਹੋਣਗੀਆਂ ਅਤੇ ਵਿਦੇਸ਼ਾਂ ਤੋਂ ਕੁਈਨਜ਼ਲੈਂਡ ਨੂੰ ਆਉਣ ਵਾਲੇ ਲੋਕਾਂ ਨੂੰ ਵਿੱਤੀ ਤੌਰ ‘ਤੇ ਪ੍ਰਭਾਵਿਤ ਕਰਨਗੀਆਂ। ਉੱਧਰ ਨਾਰਦਨ ਟੈਰੇਟਿਰੀ ਪ੍ਰਦੇਸ਼ ਵਲੋਂ ਲੋਕਾਂ ਨੂੰ ਆਪਣੀ ਸਹੂਲਤ ਅਨੁਸਾਰ ਆਪਣੇ ਘਰਾਂ ਜਾਂ ਹੋਟਲਾਂ ਵਿਚ ਰਹਿਣ ਦੀ ਆਗਿਆ ਦਿੱਤੀ ਗਈ ਹੈ। ਗੌਰਤਲਬ ਹੈ ਕਿ ਜਿਹੜਾ ਵਿਅਕਤੀ ਇੱਕ ਜੁਲਾਈ ਤੋਂ ਪਹਿਲਾਂ ਕੁਈਨਜ਼ਲੈਂਡ ਵਿੱਚ ਆਉਂਦਾ ਹੈ ਉਸ ਨੂੰ ਇਹ ਭੁਗਤਾਨ ਕਰਨ ਦੀ ਜ਼ਰੂਰਤ ਨਹੀਂ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!