ਮਨਦੀਪ ਕੌਰ ਭੰਮਰਾ
ਉਹੀ ਰੰਗਤ ਉਹੀ ਤਾਸੀਰ ਅਤੇ ਉਹੀ ਖੁਸ਼ਬੋ ਹੋਵੇ,
ਮੇਰੀ ਪੁਸਤਕ ਦਾ ਹਰ ਅੱਖਰ ਹੀ ਨਿਆਜ਼ਬੋ ਹੋਵੇ,
ਜਜ਼ਬਾਤ ਦੇ ਰਉਂ ਵਿੱਚ ਤੁਰਦੀ ਹਰੇਕ ਨ਼ਜ਼ਮ ਮੇਰੀ,
ਬੁੱਧੀ ਦਾ ਪਰ ਉਸ ਵਿੱਚ ਸੁਮੇਲ ਅਤੇ ਜਲੌਅ ਹੋਵੇ!
ਸ਼ਬਦ-ਦਰ-ਸ਼ਬਦ ਦੀ ਪੌੜੀ ‘ਤੇ ਚੜ੍ਹ ਪਾਰ ਜਾਵਾਂ,
ਸੁਖਨ ਐਸੇ ਸਿਰਜਾਂ ਕਿ ਰੂਹਾਂ ਵਿੱਚ ਉਤਾਰ ਜਾਵਾਂ,
ਹਸਰਤਾਂ ਦੇ ਫੁੱਲ ਖਿੜ ਜਾਵਣ ਮਸਤਕ ਦੇ ਅੰਦਰ,
ਜਜ਼ਬਿਆਂ ਦੀ ਪੂਣੀ ਕੱਤਾਂ ਜਦੋਂ ਮੈਂ ਚਰਖਾ ਚਲਾਵਾਂ!
ਕਲਮ ਦੇ ਚਾਨਣ ਵਿੱਚ ਤੁਰਾਂ ਜਦ ਰਾਤ ਪਾਰ ਕਰਾਂ,
ਕਵਿਤਾ ਸਿਰਜਾਂ ਪ੍ਰੀਤ ਸੰਗ ਸ਼ਬਦ ਦੀ ਨਦੀ ਤਰਾਂ,
ਸਰਸਵਤੀ ਮਾਂ ਨੂੰ ਸਿਜਦੇ ਕਰਾਂ ਅਤੇ ਸਦਕੇ ਜਾਵਾਂ,
ਬੂੰਦ ਬਣ ਜਾਵਾਂ ਕਦੇ ਅਤੇ ਕਦੇ ਬੱਦਲ਼ੀ ਬਣ ਵਰ੍ਹਾਂ!
ਆਦਿ ਕਵੀ ਦੇ ਚਰਨਾਂ ਵਿੱਚ ਬੈਠਾਂ ਤੇ ਬਾਣੀ ਪੜ੍ਹਾਂ,
ਸ਼ਲੋਕਾਂ ਵਿੱਚੋਂ ਸ਼ਬਦਾਂ ਦੀ ਘਾੜਤ ਜਾਣਾਂ ਤੇ ਸਿੱਖਾਂ,
ਗੁਰੂ ਨਾਨਕ ਦੇ ਚਰਨ ਛੋਹਾਂ ਤੇ ਸਰੂਰ ਨਾਲ਼ ਭਰਾਂ,
ਗੁਰੂ ਗੋਬਿੰਦ ਸਿੰਘ ਨੂੰ ਧਿਆਵਾਂ ਤੇ ਕਵਿਤਾ ਕਹਾਂ!
ਚਰਨ ਬੰਦਨਾਂ ਮੇਰੀ ਸਤਿਗੁਰਾਂ ਦੇ ਸਾਹਵੇਂ ਅਰਜ਼,
ਭਰ ਦੇਣੀ ਮੇਰੀ ਸੁਰਤ ‘ਚ ਨਵੀਂ ਸੁਰ,ਲੈਅ,ਤਰਜ਼,
ਰੰਗਤ ਦੇ ਦੇਣੀ ਮੇਰੇ ਬੋਲਾਂ ਨੂੰ ਕਾਸ਼ਣੀ ਅਤੇ ਸੁਰਖ,
ਕਹਾਂ ਗਜ਼ਲ, ਕਵਿਤਾ,ਰੁਬਾਈ ਪੂਰਾ ਕਰਾਂ ਫ਼ਰਜ਼!
ਸੰਦਲੀ ਖੁਸ਼ਬੂ ਦੀਆਂ ਮਹਿਕਾਂ ਦੀ ਮੁਤਾਸਰ ਰਹਾਂ,
ਗਜ਼ਲ ਸਿੱਖ ਸਕਾਂ ਤੇ ਫਿਰ ਸ਼ੇਅਰ ਅਕਸਰ ਕਹਾਂ,
ਨਜ਼ਮ ਦੀ ਉਚਾਈ ਦਾ ਪੈਮਾਨਾ ਨਾਪਣਾ ਆ ਜਾਵੇ,
ਅਕਲ, ਸੂਝ ਊਣੀ ਹੈ ਸਿੱਖਣ ਲਈ ਅਵਸਰ ਕਰਾਂ!
ਨਾਮ ਪੁਸਤਕ ਦਾ ‘ਨਿਆਜ਼ਬੋ’ ਹੈ ਤੁਹਾਡੀ ਨਜ਼ਰ,
ਪਾਠਕ ਦੇ ਰੂਬਰੂ ਕਰਾਂ ਜੇ ਰੱਬੀ ਮਿਹਰ ਦੀ ਨਜ਼ਰ,
ਅਨੁਭਵ ਬਖਸ਼ੇ ਕੁਦਰਤ ਨੇ ਜੋ ਪਰੋਏ ਹਨ ਅੰਦਰ,
ਆਜਜ਼ੀ ਵਿੱਚ ਹੱਥ ਜੁੜੇ ਮੇਰੇ, ਖੁਦਾਈ ਦਾ ਮੰਜ਼ਰ!
ਮਨਦੀਪ ਕੌਰ ਭੰਮਰਾ