ਕਾਂਡ 7

ਟਰੇਨ ਤੋਂ ਉੱਤਰ ਕੇ ਉਹਨਾਂ ਨੇ ਢਾਬੇ ਤੋਂ ਚਾਹ ਪੀਤੀ।
ਨੇਕੇ ਨੂੰ ਇਹ ਨਹੀਂ ਪਤਾ ਸੀ ਕਿ ਹੁਣ ਉਹਨਾਂ ਦੀ ਮੰਜ਼ਿਲ ਅੱਗੇ ਕਿਹੜੀ ਸੀ? ਉਹ ਕਿਤੇ ਹੱਥ ਨਾ ਅੜਦਾ ਦੇਖ ਕੇ ਅਥਾਹ ਉਦਾਸ ਅਤੇ ਨਿਰਾਸ਼ ਜਿਹਾ ਬੈਠਾ ਸੀ। ਘਰੋਂ ਪੈਰ ਪੁੱਟਣ ਦਾ ਪੰਗਾ ਤਾਂ ਉਹ ਲੈ ਬੈਠੇ ਸਨ, ਪਰ ਅੱਗੇ ਉਹਨਾਂ ਦੀ ਬਾਂਹ ਫ਼ੜਨ ਵਾਲ਼ਾ ਕੋਈ ਨਹੀਂ ਸੀ। ਖ਼ੁਦਗਰਜ਼, ਧੋਖੇਬਾਜ਼ ਅਤੇ ਮਤਲਬੀ ਦੁਨੀਆਂ ਨੇਕੇ ਨੂੰ ਅੰਦਰੇ-ਅੰਦਰ ਡਰਾ ਰਹੀ ਸੀ। ਵਿਆਹੀ-ਵਰੀ ਅਤੇ ਫ਼ਿਰ ਘਰੋਂ ਭੱਜੀ ਤੀਵੀਂ ਆਟੇ ਦੇ ਦੀਵੇ ਵਰਗੀ ਹੁੰਦੀ ਹੈ, ਅੰਦਰ ਚੂਹੇ ਅਤੇ ਬਾਹਰ ਕਾਂ ਨਹੀਂ ਛੱਡਦੇ…! ਸੋਚ-ਸੋਚ ਕੇ ਨੇਕੇ ਦੇ ਦਿਲ ਨੂੰ ਘੁਮੇਰ ਚੜ੍ਹੀ ਜਾ ਰਹੀ ਸੀ। ਮਾੜੀਆਂ ਸੋਚਾਂ ਕਾਰਨ ਚਾਹ ਦੀ ਇੱਕ-ਇੱਕ ਘੁੱਟ ਉਸ ਦੇ ਅੰਦਰ ਅੱਕ ਦਾ ਦੁੱਧ ਬਣ-ਬਣ ਉੱਤਰਦੀ ਸੀ। ਜੰਗੀਰੋ ਨੂੰ ਉਹ ਕਿਸੇ ਸ਼ਰਤ ‘ਤੇ ਛੱਡ ਨਹੀਂ ਸਕਦਾ ਸੀ। ਜੰਗੀਰੋ ਲਈ ਉਹ ਆਪਣਾ ਖ਼ੂਨ ਡੋਲ੍ਹਦਾ ਸਕਦਾ ਸੀ। ਮਰ ਵੀ ਸਕਦਾ ਸੀ।
-“ਕੀ ਸੋਚਣ ਡਿਹਾ ਏਂ ਭਾਅ…?” ਚਾਹ ਦੀ ਆਖਰੀ ਘੁੱਟ ਭਰ ਕੇ ਭਾਊ ਨੇ ਨੇਕੇ ਨੂੰ ਪੁੱਛਿਆ।
-“ਸੋਚਣਾ ਕੀ ਐ ਭਾਊ…? ਕਦੇ ਕਦੇ ਬੰਦਾ ਪੰਗਾ ਈ ਐਨਾਂ ਵੱਡਾ ਤੇ ਪੁੱਠਾ ਲੈ ਲੈਂਦੈ, ਬਈ ਓਸ ਦੇ ਅੱਗੇ ਖ਼ੂਹ ਤੇ ਪਿੱਛੇ ਖਾਤਾ ਹੁੰਦੈ..! ਉਹਨੂੰ ਇਹ ਨੀ ਪਤਾ ਲੱਗਦਾ ਕਿ ਉਹ ਖ਼ੂਹ ‘ਚ ਡਿੱਗੇ ਕਿ ਖਾਤੇ ‘ਚ…? ਤਬਾਹੀ ਦੋਨੀਂ ਪਾਸੀਂ ਈ ਹੋਣੀ ਹੁੰਦੀ ਐ..! ਛੁਟਕਾਰਾ ਕਿਸੇ ਪਾਸਿਓਂ ਵੀ ਨਹੀਂ ਹੁੰਦਾ…!” ਨੇਕਾ ਚਾਹ ਦੇ ਪੈਸੇ ਦਿੰਦਾ ਬੋਲਿਆ।
-“ਤੂੰ ਕੋਈ ਗੱਲ ਤਾਂ ਦੱਸ ਭਾਅ…! ਕੋਈ ਹੱਲ ਪਿਆ ਕੱਢਾਂਗੇ…? ਉੱਤਰਾਂ ਤੇ ਨਹੀਂ ਆਖਦੇ ਕਿ ਬੰਦਾ ਬੰਦੇ ਦੀ ਦਾਰੂ ਈ…?”
-“ਕਈ ਵਾਰੀ ਗੱਲ ਵੱਡੀ ਤੇ ਮੂੰਹ ਛੋਟਾ ਹੁੰਦੈ ਬਾਈ…! ਕੱਢਣੀ ਮੁਸ਼ਕਿਲ ਹੋ ਜਾਂਦੀ ਐ…!”
-“ਕਮਾਲ ਦੀ ਗੱਲ ਈ ਭਾਅ…! ਉੱਤਰਾਂ ਆਖਦੇ ਨਹੀਂ ਜੇ ਹੁੰਦੇ, ਕਿ ਜਿਨ੍ਹਾਂ ਨੇ ਸੁੱਥਣਾਂ ਸਮਾਈਆਂ ਨੇ, ਤੇ ਦੂਸਰੇ ਕੰਮ ਲਈ ਜੁਗਾੜ ਪਹਿਲਾਂ ਪਏ ਰੱਖੇ ਹੁੰਦੇ ਈ…!” ਭਾਊ ਹੱਸ ਪਿਆ। ਹੱਸਦੇ ਭਾਊ ਦੀਆਂ
ਨਿੱਕੀਆਂ ਅਤੇ ਬਰੀਕ ਅੱਖਾਂ ਅੰਦਰ ਵੜ ਗਈਆਂ।
-“ਸਾਨੂੰ ਇੱਕ ਕਮਰਾ ਕਿਰਾਏ ‘ਤੇ ਚਾਹੀਦੈ ਭਾਊ…!”
-“ਮੈਂ ਕਰਦੈਂ ਪਤਾ…! ਗੱਲ ਕਿਹੜੀ ਐ ਭਾਅ..! ਨ੍ਹੋ ਚਿੰਤਾ…! ਧਾਡੇ ਕਮਰੇ ਦਾ ਪ੍ਰਬੰਧ ਮੈਂ ਕਰ ਕੇ ਦਿੰਨਾਂ…!” ਤੇ ਭਾਊ ਤੁਰ ਗਿਆ।
ਜੰਗੀਰੋ ਦੂਰ ਮੂੰਹ ਢਕੀ ਬੈਠੀ ਉਹਨਾਂ ਦਾ ਪ੍ਰਤੀਕਰਮ ਜਾਂਚ ਰਹੀ ਸੀ। ਪਤਾ ਨਹੀਂ ਉਸ ਅੰਦਰ ਕਿਹੜਾ ਤੂਫ਼ਾਨ ਹਰਕਤ ਕਰ ਰਿਹਾ ਸੀ? ਆਪਣੇ ਖ਼ਿਆਲਾਂ ਨਾਲ਼ ਹੇਠ-ਉੱਪਰ ਹੁੰਦੀ ਉਹ ਡੂੰਘੀਆਂ ਸੋਚਾਂ ਵਿਚ ਡੁੱਬੀ ਹੋਈ ਸੀ। …ਤੈਨੂੰ ਸਾਰੀ ਉਮਰ ਨੇਕੇ ਜਿੰਨੀ ਮੁਹੱਬਤ ਕਿਸੇ ਨੇ ਨਹੀਂ ਕੀਤੀ ਤੇ ਨਾ ਹੀ ਕੋਈ ਕਰ ਸਕੇ, ਜੰਗੀਰੋ…! ਤੈਨੂੰ ਸਾਰੀ ਦੁਨੀਆਂ ਨੇ ਟੁੱਕ ‘ਤੇ ਡੇਲਾ ਈ ਸਮਝਿਐ…! ਜੀਹਦੇ ਵੀ ਲੋਟ ਆਈ, ਸਾਰੀ ਦੁਨੀਆਂ ਨੇ ਤੈਥੋਂ ਆਪਣਾ ਮਤਲਬ ਕੱਢਿਐ, ਕਿਸੇ ਆਰਜੀ ਸੰਦ ਵਾਂਗੂੰ ਵਰਤਿਆ ਤੇ ਗਿਣ-ਗਿਣ ਬਦਲੇ ਈ ਲਏ ਐ…! ਜੇ ਕਿਸੇ ਨੇ ਤੈਨੂੰ ਸੱਚੀ ਤੇ ਨਿਰ-ਸੁਆਰਥ ਮੁਹੱਬਤ ਕੀਤੀ, ਤੇਰੀ ਕਦਰ ਪਾਈ, ਤੈਨੂੰ ਜਿਉਣ ਦਾ ਵੱਲ ਸਿਖਾਇਆ, ਤਾਂ ਉਹ ਕਰਮਾਂ ਆਲ਼ਾ ਨੇਕਾ ਹੀ ਸੀ…! ਨੇਕੇ ਨੇ ਕਦੇ ਤੇਰੇ ਮੱਥੇ ਦਾ ਮੁੜ੍ਹਕਾ ਨਹੀਂ ਸਹਾਰਿਆ, ਜੰਗੀਰੋ…! ਹੁਣ ਜੇ ਘਰੋਂ ਪੈਰ ਪੱਟ ਕੇ ਬਦਨਾਮੀ ਖੱਟੀ ਈ ਐ, ਤਾਂ ਆਪਣੀ ਮੁਹੱਬਤ ਨੂੰ ਸਿਰੇ ਤੱਕ ਨਿਭਾਅ ਦੇਵੀਂ, ਤੇ ਕਦੇ ਆਪਣੇ ਨੇਕੇ ਨੂੰ ਪਿੱਛਾ ਨਾ ਦੇਈਂ…! ਕਹਿੰਦੇ ਜੇ ਸੱਚਾ ਪਿਆਰ ਕਰਨ ਵਾਲ਼ੇ ਨਾਲ਼ ਧੋਖਾ ਕਰੀਏ ਤਾਂ ਦੋਹੀਂ ਜਹਾਨੀ ਢੋਈ ਨੀ ਮਿਲ਼ਦੀ…! ਸਿਆਣੇ ਐਵੇਂ ਨਹੀਂ ਆਖ ਗਏ, ਇਹਨਾਂ ਗੱਲਾਂ ‘ਚ ਸਿਆਣਿਆਂ ਦੀ ਜ਼ਿੰਦਗੀ ਦਾ ਤਜ਼ਰਬਾ ਬੋਲਦੈ…! ਨਾਲ਼ੇ ਨੇਕੇ ਨੇ ਤੇਰੇ ਨਾਲ਼ ਕਿਹੜਾ ਕੋਈ ਵਲ਼-ਫ਼ੇਰ ਕੀਤੈ…? ਜਿੰਨੀ ਕੁ ਜੋਕਰਾ ਸੀ, ਜਿਉਣ ਜੋਕਰੇ ਨੇ ਖ਼ੂਨ ਡੋਲ੍ਹਿਐ ਆਪਣਾ..! ਨੇਕਾ ਲੋਕਾਂ ਵਾਂਗੂੰ ਧੋਖੇਬਾਜ਼ ਤੇ ਮਤਲਬਖੋਰ ਨਹੀਂ, ਜਾਨ ਹੂਲਣ ਤੱਕ ਜਾਂਦੈ…! ਇਹਦੇ ਕਿਹੜਾ ਵਿਚਾਰੇ ਦੇ ਟਰੱਕ ਚੱਲਦੇ ਐ…? ਮਾੜਾ ਮੋਟਾ ਭੇਡਾਂ ਬੱਕਰੀਆਂ ਦਾ ਧੰਦਾ ਵੇਚ ਵੱਟ ਕੇ ਮੇਰੇ ਨਾਲ਼ ਤੁਰ ਪਿਆ…! ਕਰੂ ਕੋਈ ਐਡੀ ਕੁਰਬਾਨੀ…? ਨਹੀਂ ਅਗਲਾ ਪੰਜੀ ਦੀ ਚੀਜ਼ ‘ਤੇ ਰੇੜਕਾ ਪਾ ਕੇ ਬੈਠ ਜਾਂਦੈ…! ਐਡੇ-ਐਡੇ ਜਿਗਰੇ ਸੱਚੀ ਮੁਹੱਬਤ ਕਰਨ ਵਾਲ਼ੇ ਨੇਕੇ ਦੇ ਹੀ ਹੋ ਸਕਦੇ ਐ, ਜੰਗੀਰੋ…! ਇਸ ਕਲਯੁੱਗ ਦੇ ਜ਼ਮਾਨੇ ‘ਚ ਜੇ ਕੋਈ ਦਰਵੇਸ਼ ਜਾਂ ਦੇਵਤਾ ਸੁਭਾਅ ਬੰਦਾ ਐ, ਤਾਂ ਉਹ ਤੇਰਾ ਨੇਕੈ…! ਤੂੰ ਤਾਂ ਓਸ ਦਾ ਦੇਣ ਸਾਰੀ ਜ਼ਿੰਦਗੀ ਨਹੀਂ ਦੇ ਸਕਦੀ, ਜਿਸ ਨੇ ਤੈਨੂੰ ਜਿਉਣ ਦਾ ਮਕਸਦ ਤੇ ਆਹਰ ਦਿੱਤੈ…! …ਤੇ ਤੈਨੂੰ ਜਿਉਣ ਦਾ ਵੱਲ ਸਿਖਾਇਐ…!
-“ਕੀ ਸੋਚੀ ਜਾਨੀ ਐਂ…?” ਅਚਾਨਕ ਨੇਕੇ ਨੇ ਆ ਕੇ ਪੁੱਛਿਆ ਤਾਂ ਜੰਗੀਰੋ ਨੂੰ ਉਸ ਦਾ ਬੇਥਾਹ ਮੋਹ ਆਇਆ। ਉਸ ਦਾ ਦਿਲ ਕੀਤਾ ਕਿ ਸੱਤਯੁਗੀ ਨੇਕੇ ਨੂੰ ਸਾਰੀ ਦੁਨੀਆਂ ਸਾਹਮਣੇ ਗਲਵਕੜੀ ਵਿਚ ਘੁੱਟ ਨਵੇ ਅਤੇ ਉਸ ਉੱਪਰੋਂ ਆਪਣੀ ਜਾਨ ਨਿਸ਼ਾਵਰ ਕਰ ਦੇਵੇ! ਡੌਂਡੀ ਪਿੱਟ ਦੇਵੇ ਕਿ ਮੈਂ ਨੇਕੇ ਦੀ ਆਂ, ਕਰ ਲਓ ਜੀਹਨੇ ਕੁਛ ਕਰਨੈ…!
-“ਸੋਚਣਾ ਮੈਂ ਕੀ ਐ…? ਊਂਈਂ ਬੈਠੀ ਆਂ…!”
-“ਕੋਈ ਗੱਲ ਤਾਂ ਜ਼ਰੂਰ ਐ…!” ਨੇਕਾ ਮੁਸਕਰਾ ਰਿਹਾ ਸੀ।
-“ਬੈਠ ਮੇਰੇ ਕੋਲ਼…!”
ਨੇਕਾ ਬੈਠ ਗਿਆ।
-“ਮੈਂ ਸੋਚਦੀ ਸੀ, ਕਿ ਜੇ ਮੈਨੂੰ ਕੁਛ ਹੋ ਗਿਆ, ਤੂੰ ਕੋਈ ਨਾ ਕੋਈ ਜੰਗੀਰੋ ਪੈਦਾ ਕਰ ਲਵੇਂਗਾ, ਪਰ ਰੱਬ ਨਾ ਕਰੇ, ਜੇ ਤੈਨੂੰ ਕੁਛ ਹੋ ਗਿਆ, ਮੇਰੇ ਤੋਂ ਕੋਈ ਨੇਕਾ ਨੀ ਪੈਦਾ ਹੋਣਾ, ਮੇਰਾ ਕੋਈ ਟਿਕਾਣਾ ਨਹੀਂ ਰਹਿਣਾ, ਜਾਣੀਦੀ ਸਾਰੀ ਦੁਨੀਆਂ ਮੈਨੂੰ ਘਰੂਟੀਂ ਖਾਣ ਆਊਗੀ…! ਤੇਰੇ ਬਿਨਾਂ ਕਿਸੇ ਨੂੰ ਅੰਗ ਲਾਵਾਂ, ਨਰਕਾਂ ਨੂੰ ਜਾਂਵਾਂ…!” ਜੰਗੀਰੋ ਡੁਸਕ ਪਈ।
-“ਕੀ ਕਹੀ ਜਾਨੀ ਐਂ…?”
-“………………।”
-“ਕਮਲ਼ ਨੀ ਮਾਰੀਦਾ ਹੁੰਦਾ…! ਰੱਬ Ḕਤੇ ਭਰੋਸਾ ਰੱਖੀਦੈ…!”
-“ਰੱਬ ਕਿਸੇ ਨੇ ਅੱਖੀਂ ਦੇਖਿਐ…? ਰੱਬ ਵੀ ਬੰਦਿਆਂ ਵਿਚ ਦੀ ਆਉਂਦੈ…! ਆਹ ਕੰਨਾਂ ਦੀਆਂ ਵਾਲ਼ੀਆਂ ਫ਼ੜ ਲੈ…!”
-“ਕੋਈ ਨਾ, ਰੱਖ ਕੋਲ਼ੇ…!”
-“ਕੰਮ ਆਉਣਗੀਆਂ…!”
-“ਜੇ ਲੋੜ ਪਈ, ਮੰਗ ਲਊਂਗਾ…!”
ਜੰਗੀਰੋ ਨੇ ਵਾਲ਼ੀਆਂ ਫ਼ਿਰ ਗੀਝੇ ਵਿਚ ਪਾ ਲਈਆਂ।
ਭਾਊ ਆ ਗਿਆ।
-“ਮਕਾਨ ਮਾਲਕ ਨਾਲ ਮੇਰੀ ਹੋ ਗਈ ਗੱਲ ਭਾਅ…! ਉਹ ਕਹਿੰਦਾ ਭੇਜ ਦਿਓ…! ਕਿਰਾਇਆ ਵੀ ਕੋਈ ਬਹੁਤਾ ਨੀ…!”
-“ਚੱਲ, ਰਹਿਣ ਦਾ ਤਾਂ ਜੁਗਾੜ ਬਣ ਗਿਆ, ਜੰਗੀਰੋ! ਰੱਬ ਨੇ ਇੱਕ ਕੰਮ ਤਾਂ ਸਿੱਧਾ ਕੀਤਾ, ਬਾਕੀ ਦੇ ਵੀ ਹੋ ਜਾਣਗੇ!” ਇੱਕ ਵੱਡੀ ਆਸ ਨੇ ਨੇਕੇ ਦਾ ਡੋਲਦਾ-ਥਿੜਕਦਾ ਦਿਲ ਸਥਿਰ ਕਰ ਦਿੱਤਾ ਸੀ। ਉਨ੍ਹਾਂ ਨੇ ਬੰਨ੍ਹੇ ਕੱਪੜੇ ਨਾਲ਼ ਚੁੱਕ ਲਏ ਅਤੇ ਭਾਊ ਨਾਲ਼ ਤੁਰ ਪਏ। ਭਾਊ ਉਹਨਾਂ ਡੁੱਬਦਿਆਂ ਲਈ ਤਿਣਕਾ ਸਹਾਰਾ ਬਣ ਕੇ ਬਹੁੜਿਆ ਸੀ।
-“ਕਿਹਾ ਨੀ ਸੀ…? ਰੱਬ ਕਿਸੇ ਨੇ ਅੱਖੀਂ ਥੋੜ੍ਹੋ ਦੇਖਿਐ…? ਰੱਬ ਬੰਦਿਆਂ ਵਿਚ ਦੀ ਬਹੁੜਦੈ…! ਗਵੱਈਏ ਐਵੇਂ ਨੀ ਗਾਉਂਦੇ ਹੁੰਦੇ, ਜੀਹਦਾ ਕੋਈ ਨੀ ਹੁੰਦਾ ਜੀ, ਉਹਦਾ ਸਤਿਗੁਰੂ ਪਿਆਰਾ ਜੀ…! ਭਾਊ ਰੱਬ ਨੇ ਸਾਡੀ ਮੱਦਦ ਲਈ ਈ ਭੇਜਿਐ…!” ਜੰਗੀਰੋ ਉਹਨਾਂ ਨਾਲ਼ ਤੁਰੀ ਜਾਂਦੀ ਸੋਚ ਰਹੀ ਸੀ।
ਸ਼ਹਿਰ ਦੇ ਬਾਹਰ-ਬਾਹਰ ਮਜਦੂਰ ਏਰੀਏ ਵਿਚ ਉਹਨਾਂ ਨੂੰ ਇੱਕ ਰਹਾਇਸ਼ੀ ਕਮਰਾ ਕਿਰਾਏ ‘ਤੇ ਮਿਲ਼ ਗਿਆ।
ਭਾਊ ਨੇ ਹਿੰਮਤ ਕਰ ਕੇ ਨੇਕੇ ਨੂੰ ਖੇਤਾਂ ਵਿਚ ਆਲੂ ਪੁੱਟਣ ਦਾ ਕੰਮ ਲੈ ਦਿੱਤਾ। ਭਾਊ ਸੱਚ ਹੀ ਉਹਨਾਂ
ਲਈ ਕੋਈ ਦੇਵਤਾ ਬਣ ਕੇ ਪ੍ਰਗਟ ਹੋਇਆ ਸੀ।
ਨੇਕਾ ਸਵੇਰੇ ਕੰਮ ‘ਤੇ ਚਲਿਆ ਜਾਂਦਾ ਅਤੇ ਸ਼ਾਮ ਨੂੰ ਆਉਂਦਾ। ਜੰਗੀਰੋ ਨੂੰ ਕੋਈ ਕੰਮ ਅਜੇ ਨਹੀਂ ਮਿਲ਼ਿਆ ਸੀ। ਪਰ ਨੇਕੇ ਦੇ ਕੰਮ ਨਾਲ਼ ਉਹਨਾਂ ਦਾ ਖ਼ਰਚਾ-ਬਰਚਾ ਵਧੀਆ ਤੁਰਿਆ ਜਾਂਦਾ ਸੀ।
ਦਿਨ ਸੌਖੇ ਲੰਘ ਰਹੇ ਸਨ।
ਜਿੱਥੇ ਜੰਗੀਰੋ ਅਤੇ ਨੇਕੇ ਨੇ ਕਮਰਾ ਕਿਰਾਏ ‘ਤੇ ਲਿਆ, ਓਥੇ ਪੰਛੀਆਂ ਦੀ ਪੂਰੀ ਭਰਮਾਰ ਸੀ।
ਸਵੇਰੇ-ਸਵੇਰੇ ਪੰਛੀ ਡਾਰ ਬਣਾ ਕੇ ਉਹਨਾਂ ਦੇ ਕੋਠੇ ‘ਤੇ ਆ ਉਤਰਦੇ ਅਤੇ ਖੁਸ਼ੀ ਵਿਚ ਚੜਚੋਲ੍ਹੜ ਪਾਉਣ ਲੱਗ ਜਾਂਦੇ। ਉਹਨਾਂ ਦੀ ਇਹ ਚੜਚੋਲ੍ਹੜ ਜੰਗੀਰੋ ਨੂੰ ਬੜੀ ਚੰਗੀ-ਚੰਗੀ ਲੱਗਦੀ।
ਇੱਕ ਦਿਨ ਸਵੇਰੇ ਕੰਮ ‘ਤੇ ਜਾਂਦੇ ਨੇਕੇ ਨੂੰ ਜੰਗੀਰੋ ਨੇ ਅੱਗੇ ਹੋ ਕੇ ਰੋਕ ਲਿਆ।
-“ਕੀ ਗੱਲ ਹੋਗੀ…? ਰਾਹ ਕਾਹਤੋਂ ਰੋਕ ਲਿਆ…? ਮੈਨੂੰ ਤਾਂ ਅੱਗੇ ਈ ਕੁਵੇਲ਼ਾ ਹੋਇਆ ਪਿਐ…!”
-“ਇੱਕ ਗੱਲ ਆਖਾਂ…?”
-“ਸੌ ਆਖ਼…!”
-“ਮੰਨੇਂਗਾ…?”
-“ਸਦਕੇ ਜਾਵਾਂ ਤੇਰੇ…! ਤੇਰੀ ਖ਼ਾਤਰ ਸਾਰੀ ਦੁਨੀਆਂ ਨਾਲ਼ ਵੈਰ ਸਹੇੜ ਲਿਆ, ਤੇਰੀ ਗੱਲ ਨੀ ਮੰਨੂੰਗਾ ਤਾਂ ਹੋਰ ਕੀਹਦੀ ਮੰਨੂੰਗਾ…? ਕਮਲ਼ੀ…!”
ਜੰਗੀਰੋ ਨੇ ਉਸ ਨੂੰ ਗਲਵਕੜੀ ਵਿਚ ਲੈ ਲਿਆ।
-“ਤੂੰ ਗੱਲ ਮੂੰਹੋਂ ਕੱਢ, ਮੈਂ ਮੰਨੂੰਗਾ…!”
-“ਆਪਣੇ ਕੋਠੇ ‘ਤੇ ਕਿੰਨੇ ਸਾਰੇ ਚਿੜੀਆਂ-ਜਨੌਰ ਆ ਬਹਿੰਦੇ ਐ, ਪਤਾ ਨੀ ਕਿਹੜੇ ਭੇਸ ‘ਚ ਕੌਣ ਤੁਰਿਆ ਫ਼ਿਰਦੈ, ਅੱਜ ਆਉਂਦਾ ਹੋਇਆ ਬਾਜਰੇ ਦੇ ਦਾਣੇ ਲੈ ਆਈਂ, ਚੱਲ ਓਹ ਜਾਣੇ, ਜਿਹੜਾ ਮਾੜਾ-ਮੋਟਾ ਦਾਨ ਹੁੰਦੈ, ਓਹੀ ਵਾਹ ਭਲੀ ਐ…! ਆਪਣੇ ਘਰੇ ਤਾਂ ਕਣਕ ਵੀ ਹੈਨੀ, ਨਹੀਂ ਮੈਂ ਤੈਨੂੰ ਜਮਾਂ ਨੀ ਸੀ ਆਖਦੀ…!”
-“ਓਹ ਤੇਰਾ ਭਲਾ ਹੋ’ਜੇ…! ਅਖੇ ਪੱਟਿਆ ਪਹਾੜ ਤੇ ਨਿਕਲ਼ਿਆ ਚੂਹਾ…! ਲੈ ਆਊਂਗਾ, ਹੁਣ ਮੈਨੂੰ ਕੁਵੇਲ਼ਾ ਨਾ ਕਰ…!” ਤੇ ਨੇਕਾ ਚੱਕਵੇਂ ਪੈਰੀਂ ਤੁਰ ਗਿਆ।
ਜੰਗੀਰੋ ਕੋਲ਼ ਕੰਮ ਤਾਂ ਅਜੇ ਕੋਈ ਹੈ ਨਹੀਂ ਸੀ।
ਸਵੇਰੇ ਉਹ ਨੇਕੇ ਨੂੰ ਚਾਰ ਰੋਟੀਆਂ ਪਕਾ ਕੇ ਨਾਲ਼ ਬੰਨ੍ਹ ਦਿੰਦੀ ਅਤੇ ਦੋ ਆਪਣੇ ਲਈ ਲਾਹ ਕੇ ਰੱਖ ਲੈਂਦੀ। ਹੁਣ ਉਸ ਨੂੰ ਕੋਠੇ ਦੀ ਛੱਤ ‘ਤੇ ਉੱਤਰਦੇ ਪੰਛੀ ਚੰਗੇ-ਚੰਗੇ ਅਤੇ ਪਿਆਰੇ-ਪਿਆਰੇ ਲੱਗਣ ਲੱਗ ਪਏ ਸਨ। ਉਹ ਪੰਛੀਆਂ ਨੂੰ ਚੋਲ੍ਹ-ਮੋਲ੍ਹ ਕਰਦਿਆਂ ਨੂੰ ਬੜੀ ਹਸਰਤ ਨਾਲ਼ ਦੇਖਦੀ।
ਆਥਣ ਨੂੰ ਨੇਕਾ ਹੋਰ ਨਿੱਕ-ਸੁੱਕ ਦੇ ਨਾਲ਼ ਪੰਛੀਆਂ ਲਈ ਬਾਜਰੇ ਦੇ ਦਾਣੇ ਵੀ ਲੈ ਆਇਆ।
ਦਾਣੇ ਦੇਖ ਕੇ ਜੰਗੀਰੋ ਤੋਰੀ ਦੇ ਫ਼ੁੱਲ ਵਾਂਗ ਖਿੜ ਗਈ।
-“ਹਰ ਕੋਈ ਆਪਣੀ ਕਿਸਮਤ ਖਾਂਦੈ…!” ਉਹ ਦਾਣੇ ਇੱਕ ਖੂੰਜੇ ਰੱਖਦੀ ਆਖ ਰਹੀ ਸੀ।
ਉਸ ਦਿਨ ਤੋਂ ਜੰਗੀਰੋ ਨੇ ਛੱਤ ‘ਤੇ ਆਉਂਦੇ ਪੰਛੀਆਂ ਨੂੰ ਦਾਣੇ ਪਾਉਣੇ ਸ਼ੁਰੂ ਕਰ ਦਿੱਤੇ। ਪੰਛੀ ਵੀ ਉਸ ਨੂੰ ਮੋਹ ਜਿਹਾ ਕਰਨ ਲੱਗ ਪਏ। ਸਵੇਰੇ ਚਿੜੀਆਂ ਡਾਰਾਂ ਬੰਨ੍ਹ ਕੇ ਆ ਉੱਤਰਦੀਆਂ ਅਤੇ ਦਾਣਾ ਚੁਗ ਕੇ ਉਡ ਜਾਂਦੀਆਂ। ਉਹਨਾਂ ਨੂੰ ਦਾਣਾ ਚੁਗਦੇ ਦੇਖ ਕੇ ਜੰਗੀਰੋ ਦਾ ਮਨ ਤਸੱਲੀ ਅਤੇ ਸੰਤੁਸ਼ਟੀ ਨਾਲ਼ ਨੱਕੋ-ਨੱਕ ਭਰ ਜਾਂਦਾ। ਉਹ ਉਹਨਾਂ ਨਾਲ਼ ਗੱਲਾਂ ਕਰਦੀ, ਕਮਲ਼ਿਆਂ ਵਾਂਗ ਸੁਆਲ ਪੁੱਛਦੀ। ਜਦ ਪੰਛੀ ‘ਚੀਂ-ਚੀਂ’ ਕਰਦੇ ਤਾਂ ਜੰਗੀਰੋ ਨੂੰ ਉਹ ਕਦੇ ਦੁਖ-ਸੁਖ ਕਰਦੇ ਲੱਗਦੇ ਅਤੇ ਕਦੇ ਅਸੀਸਾਂ ਦਿੰਦੇ ਜਾਪਦੇ!
ਹੁਣ ਉਸ ਨੇ ਆਪਣੇ ਆਪ ਨੂੰ ਕਦੇ ਇਕੱਲੀ ਨਹੀਂ ਮਹਿਸੂਸ ਕੀਤਾ ਸੀ।
ਉਹ ਉਹਨਾਂ ਵਿਚ ਪਰਚ ਜਿਹੀ ਗਈ ਸੀ।
ਕੁਝ ਦਿਨ ਪਾ ਕੇ ਉਹਨਾਂ ਦੇ ਕੋਠੇ ਦੀ ਛੱਤ ‘ਤੇ ਦੋ ਮੁਰਗਾਬੀਆਂ ਨੇ ਆਉਣਾ ਸ਼ੁਰੂ ਕਰ ਦਿੱਤਾ।
ਮੁਰਗਾਬੀਆਂ ਜੰਗੀਰੋ ਨੂੰ ਚਿੜੀਆਂ ਨਾਲ਼ੋਂ ਸਾਊ ਲੱਗਦੀਆਂ। ਚਿੜੀਆਂ ਧੂਤਕੜਾ ਪਾਉਂਦੀਆਂ, ਜਦ ਕਿ ਮੁਰਗਾਬੀਆਂ ਆਪਣਾ ਖਾਣਾ-ਦਾਣਾ ਖਾ ਕੇ ਚੁੱਪ-ਚਾਪ ਬੈਠੀਆਂ ਖੰਭ ਝਿਣਕਦੀਆਂ ਰਹਿੰਦੀਆਂ।
ਜਦ ਚਿੜੀਆਂ ਦਾਣਾ ਚੁਗ ਕੇ ਉਡ ਜਾਂਦੀਆਂ ਤਾਂ ਉਹਨਾਂ ਦੇ ਜਾਣ ਤੋਂ ਬਾਅਦ ਮੁਰਗਾਬੀਆਂ ਆ ਉੱਤਰਦੀਆਂ। ਜੰਗੀਰੋ ਉਹਨਾਂ ਲਈ ਪਾਣੀ ਹੱਥ ਦੀਆਂ ਰੋਟੀਆਂ ਲਾਹ ਕੇ ਰੱਖ ਲੈਂਦੀ ਅਤੇ ਨਿੱਕੀਆਂ-ਨਿੱਕੀਆਂ ਬੁਰਕੀਆਂ ਬਣਾ ਕੇ ਪਾਉਣ ਲੱਗ ਪਈ। ਉਹ ਵੀ ਰੋਟੀਆਂ ਦੇ ਟੁਕੜੇ ਖਾ ਕੇ ਖੰਭ ਜਿਹੇ ਖਿਲਾਰ ਕੇ ਬੈਠੇ ਰਹਿੰਦੇ ਅਤੇ ਅਰਾਮ ਕਰ ਕੇ ਉੱਡ ਜਾਂਦੇ। ਜਦ ਉਹ ਅਰਾਮ ਕਰ ਰਹੇ ਹੁੰਦੇ ਤਾਂ ਜੰਗੀਰੋ ਕੁੱਤੇ-ਬਿੱਲੇ ਦੀ ਬਿੜਕ ਰੱਖਦੀ ਕਿ ਕਿਤੇ ਉਹਨਾਂ ਨੂੰ ਊਂਘਦਿਆਂ ਨੂੰ ਚੁੱਕ ਕੇ ਨਾ ਲੈ ਜਾਵੇ। ਜਦ ਮੁਰਗਾਬੀਆਂ ਅਰਾਮ ਕਰ ਕੇ ਉੱਡ ਜਾਂਦੀਆਂ ਤਾਂ ਉਹਨਾਂ ਦੇ ਜਾਣ ਤੋਂ ਬਾਅਦ ਜੰਗੀਰੋ ਰੋਟੀ ਖਾਂਦੀ। ਉਸ ਦੀ ਆਤਮਾਂ ਬੜੀ ਸਕੂਨ ਵਿਚ ਸੀ। ਪੰਛੀ ਉਸ ਦਾ ਪ੍ਰੀਵਾਰ ਬਣ ਗਏ ਸਨ।
-“ਜੇ ਲੋਕ ਪਿਆਰ ਨੂੰ ਐਨੀ ਨਫ਼ਰਤ ਕਰਦੇ ਐ, ਤਾਂ ਰੱਬ ਨੇ ਪਿਆਰ ਬਣਾਇਆ ਕਿਉਂ…?” ਉਹ ਪੰਛੀਆਂ ਨੂੰ ਇੱਕ-ਦੂਜੇ ਨੂੰ ਪਿਆਰ ਦੀਆਂ ਠੁੰਗਾਂ ਮਾਰਦਿਆਂ ਨੂੰ ਦੇਖ ਕੇ ਆਪਣੇ ਆਪ ਨੂੰ ਸੁਆਲ ਕਰਦੀ!
-“ਜੇ ਅੱਜ ਰੱਬ ਪ੍ਰਗਟ ਹੋ ਜਾਵੇ, ਤੇ ਮੈਨੂੰ ਪੁੱਛੇ, ਕਿ ਅੱਜ ਦੋ ਗੱਲਾਂ ‘ਚੋਂ ਇੱਕ ਗੱਲ ਚੁਣ ਲੈ, ਜਾਂ ਤਾਂ ਸਾਰੇ ਜਹਾਨ ਦੀਆਂ ਖ਼ੁਸ਼ੀਆਂ ਲੈ-ਲਾ ਤੇ ਨੇਕੇ ਨੂੰ ਤਿਆਗ ਦੇਹ, ਤੇ ਜਾਂ ਸਾਰੀਆਂ ਖ਼ੁਸ਼ੀਆਂ ਨੂੰ ਲੱਤ ਮਾਰ ਤੇ ਆਪਣੇ ਨੇਕੇ ਨੂੰ ਰੱਖ ਲੈ, ਮੈਂ ਤਾਂ ਰੱਬ ਜੀ ਨੂੰ ਕਹੂੰ ਬਈ ਮੈਨੂੰ ਤਾਂ ‘ਕੱਲਾ ਨੇਕਾ ਈ ਦੇ-ਦੇ, ਆਬਦੀਆਂ ਖੁਸ਼ੀਆਂ ਆਬਦੇ ਕੋਲ਼ ਈ ਰੱਖ਼…!” ਉਹ ਆਪਣੇ ਆਪ ਨਾਲ਼ ਗੱਲਾਂ ਕਰਦੀ ਕਮਲ਼ਿਆਂ ਵਾਂਗ ਹੱਸ ਪੈਂਦੀ ਅਤੇ ਫ਼ਿਰ ਡਰ ਕੇ ਜਿਹੇ ਆਸੇ-ਪਾਸੇ ਦੇਖਦੀ ਕਿ ਕਿਸੇ ਨੇ ਸੁਣ ਤਾਂ ਨਹੀਂ ਲਿਆ? ਜਦ ਆਸੇ-ਪਾਸੇ ਕੋਈ ਨਜ਼ਰ ਨਾ ਆਉਂਦਾ ਤਾਂ ਉਹ ਹੋਰ ਵੀ ਉਚੀ-ਉਚੀ ਹੱਸ ਪੈਂਦੀ।
ਰਾਤ ਨੂੰ ਜੰਗੀਰੋ ਪੰਛੀਆਂ ਦਾ ਸਾਰਾ ਬ੍ਰਿਤਾਂਤ ਨੇਕੇ ਨੂੰ ਸੁਣਾਉਂਦੀ।
-“ਹੁਣ ਤਾਂ ਆਪਣੀ ਛੱਤ ‘ਤੇ ਮੁਰਗਾਬੀਆਂ ਵੀ ਆਉਣ ਲੱਗ ਪਈਆਂ, ਜਦੋਂ ਚਿੜੀਆਂ ਚੋਗ ਚੁਗ ਕੇ ਉੱਡ ਜਾਂਦੀਐਂ ਤਾਂ ਮੁਰਗਾਬੀਆਂ ਆ ਉੱਤਰਦੀਐਂ, ਸੱਚ ਜਾਣੀ, ਮੇਰਾ ਤਾਂ ਬਲ੍ਹਾਈ ਜੀਅ ਖ਼ੁਸ਼ ਹੁੰਦੈ…!” ਉਸ ਨੇ ਬੜੀ ਉੱਤਸੁਕਤਾ ਨਾਲ਼ ਦੱਸਿਆ ਸੀ।
-“ਫ਼ੇਰ ਤਾਂ ਤੇਰਾ ਆਰ-ਪ੍ਰੀਵਾਰ ਬਾਹਵਾ ਵੱਡਾ ਹੋ ਗਿਆ…!”
-“ਵਸਦੇ ਘਰਾਂ ‘ਚ ਈ ਚਿੜੀ-ਜਨੌਰ ਆਉਂਦੈ, ਮੈਨੂੰ ਤਾਂ ਹੁਣ ਓਹੀ ਆਪਣਾ ਆਰ-ਪ੍ਰੀਵਾਰ ਲੱਗਦੈ…!”
-“ਚੰਗੈ, ਤੇਰਾ ਜੀਅ ਲੱਗਿਆ ਹੋਇਐ…!”
-“ਜਨੌਰ ਬੰਦੇ ਨਾਲ਼ੋਂ ਫ਼ੇਰ ਵੀ ਚੰਗੇ ਐ, ਨਾ ਕਿਸੇ ਦੀ ਨਿੰਦਿਆ, ਨਾ ਚੁਗਲੀ…! ਆਪਣੇ ਆਪ ‘ਚ ਮਸਤ…!”
-“ਮੈਂ ਕਈ ਆਰੀ ਸੋਚਦਾ ਹੁੰਨੈ…!”
-“ਕੀ….?”
-“ਆਹੀ, ਬਈ ਬੰਦੇ ਨੂੰ ਚੁਰਾਸੀ ਲੱਖ ਜੂਨੀ ਦਾ ਸਰਦਾਰ ਮੰਨਿਆਂ ਗਿਐ, ਤੇ ਬੰਦੇ ਅਰਗਾ ਦੁਸ਼ਟ ਤੇ ਬੇਈਮਾਨ ਕੋਈ ਵੀ ਹੈਨੀ…!”
-“………..।” ਜੰਗੀਰੋ ਚੁੱਪ ਚਾਪ ਸੁਣ ਰਹੀ ਸੀ।
-“ਪੰਛੀਆਂ ਤੇ ਜਾਨਵਰਾਂ ਦਾ ਕੋਈ ਦੀਨ ਇਮਾਨ ਤਾਂ ਹੈ, ਬੰਦੇ ਦਾ ਤਾਂ ਨਾ ਕੋਈ ਦੀਨ, ਤੇ ਨਾ ਇਮਾਨ…! ਹੋਰ ਤਾਂ ਹੋਰ, ਇਹਨੇ ਤਾਂ ਭੋਲੇ-ਭਾਲ਼ੇ ਜਾਨਵਰਾਂ ਨੂੰ ਵੀ ਨਸ਼ੇ ਕਰਨ ਲਾ ਲਿਆ…! ਸੁਣਿਆਂ ਨੀ ਬਈ ਮੁਗਲ ਰਾਜੇ ਹਾਥੀਆਂ ਨੂੰ ਦਾਰੂ ਪਿਆ ਕੇ ਜੰਗ ‘ਚ ਵਾੜਦੇ ਸੀ ਬਈ ਦੁਸ਼ਮਣ ਦੀ ਵਿਰੋਧੀ ਫ਼ੌਜ ਦਾ ਨਛਕਾਨ ਕਰੂਗਾ…!”
-“ਤੇ ਹੋਰ…! ਕਿੱਡਾ ਬੇਈਮਾਨ ਐਂ…!”
-“ਸਰਕਸ ‘ਚ ਨੀ ਦੇਖਿਆ…? ਕਿਮੇ ਜਾਨਵਰਾਂ ਤੋਂ ਨਾਚ ਕਰਵਾਈ ਜਾਂਦੇ ਐ…! ਕਦੇ ਕਿਸੇ ਨੇ ਦੇਖਿਐ ਬਈ ਫ਼ਲਾਨੇ ਥਾਂ ਜਾਨਵਰ ਨੇ ਖੁਰਨੀ ਖਾਤਰ ਆਬਦਾ ਬੱਚਾ ਮਾਰ’ਤਾ…? ਜਾਂ ਜਿਸ ਕਿੱਲੇ ਨਾਲ਼ ਉਹ ਬੱਝਿਆ ਸੀ, ਓਸ ਕਿੱਲੇ ਦੀ ਖਾਤਰ ਮਾਂ ਮਾਰਤੀ…?”
-“ਕਦੇ ਵੀ ਨੀ…!”
-“ਤੇ ਆਹ ‘ਖਬਾਰਾਂ ਆਲ਼ੇ ਨਿੱਤ ਖ਼ਬਰਾਂ ਦਿੰਦੇ ਐ, ਫ਼ਲਾਨੀ ਥਾਂ ਪੈਲ਼ੀ ਖਾਤਰ ਭਰਾ ਨੇ ਭਰਾ ਵੱਢ ਧਰਿਆ, ਫ਼ਲਾਨੀ ਥਾਂ ਬੋਟਾਂ ਕਰ ਕੇ ਬੰਦਾ ਮਾਰ ਦਿੱਤਾ…! ਪੁੱਤ ਨੇ ਪਿਉ ਝਟਕਾ’ਤਾ, ਤੇ ਨਸ਼ੇ ਵਾਸਤੇ ਪੈਸੇ ਨਾ ਦੇਣ ਕਰਕੇ ਪੁੱਤ ਨੇ ਮਾਂ ਮਾਰਤੀ…!”
-“ਬੰਦਾ ਹੈ ਈ ਪਾਪੀ ਐ…!”
-“ਤੂੰ ਹੋਰ ਦੇਖ ਲੈ, ਕਦੇ ਪੰਛੀਆਂ ਦੇ ਆਲ੍ਹਣੇ ‘ਚ ਬਾਜਰਾ ਜਾਂ ਕਣਕ ਜਮ੍ਹਾਂ ਪਈ ਦੇਖੀ ਐ…? ਸ਼ੇਰ ਦੇ ਘੋਰਨੇ ‘ਚ ਮਾਸ ਜਮ੍ਹਾਂ ਦੇਖਿਐ..? ਇਹ ਤਾਂ ਬੰਦੇ ਨੂੰ ਈ ਤਮਾਂ ਐਂ ਜਮ੍ਹਾਂ ਕਰਨ ਦੀ, ਗਾਉਣ ਆਲ਼ੇ ਗਾਉਂਦੇ ਨੀ ਹੁੰਦੇ, ਪੱਲੇ ਰਿਜਕ ਨਾ ਬੰਨ੍ਹਦੇ, ਪੰਛੀ ਤੇ ਦਰਵੇਸ਼…! ਇੱਕ ਗੱਲ ਹੋਰ ਵੀ ਐ…!”
-“………….।” ਜੰਗੀਰੋ ਨੇ ਚੁੱਪ ਅੱਖਾਂ ਉੱਪਰ ਚੁੱਕੀਆਂ।
-“ਕਦੇ ਕਿਸੇ ਨੇ ਸੁਣਿਐਂ ਬਈ ਫ਼ਲਾਣੇ ਮੁਲਕ ‘ਚ ਐਨੇ ਪੰਛੀ ਭੁੱਖੇ ਮਰਗੇ…? ਨਾਲ਼ੇ ਇਹਨਾਂ ਦੇ ਬਾਪੂ ਦੇ ਕੋਈ ਟਰੱਕ ਨੀ ਚੱਲਦੇ…! ਕਦੇ ਸੁਣਿਐਂ ਬਈ ਐਨੇ ਪੰਛੀਆਂ ਨੇ ਐਨੇ ਪੰਛੀ ਲੁੱਟ ਲਏ…? ਜਾਂ ਕਦੇ ਸੁਣਿਐਂ ਬਈ ਔਥੇ ਐਨੇ ਜਾਨਵਰ ਧਰਨਾ ਦੇਈ ਬੈਠੇ ਐ…? ਜਦੋਂ ਵੀ ਕੋਈ ਖ਼ਬਰ ਸੁਣਾਂਗੇ, ਬੰਦੇ ਦੀ ਈ ਸੁਣਾਂਗੇ…! ਬੰਦਾ ਸਾਲ਼ਾ ਕਦੇ ਕਾਲ਼ੇ ਕੱਛਿਆਂ ਆਲ਼ਾ ਬਣ ਲੁੱਟਣ ਤੁਰ ਪੈਂਦੈ ਤੇ ਕਦੇ ਮੰਤਰੀ ਬਣ ਕੇ…!”
-“ਬੰਦਾ ਪਾਪੀ ਐ, ਤੇ ਭੀੜ੍ਹਾਂ ਵੀ ਏਸੇ ‘ਤੇ ਈ ਪੈਂਦੀਐਂ…!”
-“ਜਾਨਵਰ ਸਰਿਸ਼ਟੀ ਚਲਾਉਣ ਵਾਸਤੇ ਭੋਗ-ਵਿਲਾਸ ਕਰਦੇ ਐ, ਤੇ ਬੰਦਾ ਸਾਲ਼ਾ ਸਾਰੀ ਦਿਹਾੜੀ ਹਲ਼ਕਿਆ ਫ਼ਿਰਦਾ ਰਹਿੰਦੈ…!”
-“ਤੇ ਤੂੰ ਕਿਹੜਾ ਘੱਟ ਐਂ…?” ਚੁੰਨੀ ਦਾ ਲੜ ਮੂੰਹ ਵਿਚ ਲੈ ਜੰਗੀਰੋ ਹੱਸ ਪਈ।
-“ਤੇ ਮੈਂ ਵੀ ਤਾਂ ਬੰਦਿਆਂ ਦੀ ਜਾਤ ‘ਚ ਈ ਆਉਂਨੈ..! ਮੈਂ ਕੋਈ ਜਾਨਵਰ-ਜਨੌਰ ਜਾਂ ਦੇਬਤਾ ਥੋੜੋ ਐਂ…? ਸਾਲ਼ੀ ਕਮਲ਼ੀ…!”
ਜੰਗੀਰੋ ਨੇ ਨੇਕੇ ਨੂੰ ਗਲ਼ਵਕੜੀ ਪਾ ਲਈ।
-“ਜਦੋਂ ਤੂੰ ਮੈਨੂੰ ਪਿਆਰ ਨਾਲ਼ ਗਾਲ਼ ਜੀ ਕੱਢਦੈਂ ਨ੍ਹਾਂ, ਸਹੁੰ ਭਰਾਵਾਂ ਦੀ, ਮੈਨੂੰ ਬੜਾ ਚੰਗਾ ਲੱਗਦੈਂ…!”
ਪਰ ਉਸ ਨੇ ਜੰਗੀਰੋ ਦੀ ਗੱਲ ਵੱਲ ਬਹੁਤਾ ਕੋਈ ਧਿਆਨ ਨਾ ਦਿੱਤਾ।
-“ਜਾਨਵਰਾਂ ਦੇ ਆਬਦੇ ਕਾਇਦੇ ਕਾਨੂੰਨ ਐਂ, ਬੰਦਾ ਤਾਂ ਕੰਜਰ ਕਿਸੇ ਵੀ ਅਸੂਲ ‘ਤੇ ਨੀ ਖੜ੍ਹਦਾ…!”
ਜੰਗੀਰੋ ਦੀਆਂ ਸੁਆਲੀਆ ਨਜ਼ਰਾਂ ਨੇਕੇ ਨੂੰ ਬੜੀ ਹਸਰਤ ਨਾਲ਼ ਦੇਖ ਰਹੀਆਂ ਸਨ।
-“ਗਾਂ ਭੁੱਖੀ ਮਰ ਜਾਊਗੀ, ਪਰ ਮਾਸ ਨੀ ਖਾਂਦੀ…!”
-“ਨਹੀਂ ਖਾਂਦੀ…! ਗਊ ਮਾਤਾ…!”
-“ਸ਼ੇਰ ਮਰਨੀ ਮਰ ਜਾਊ, ਘਾਹ ਨੀ ਖਾਂਦਾ, ਉਹਦੀ ਖ਼ੁਰਾਕ ਮਾਸ ਐ…!”
-“ਹਾਂ…!”
-“ਕੁੱਤਾ ਰੋਟੀ ਪਾ ਦਿਓ, ਉਹ ਖਾ ਲੈਂਦੈ, ਮਾਸ ਪਾ ਦਿਓ, ਓਹ ਖਾ ਲੈਂਦੈ…!”
-“ਉਹ ਵੀ ਖਸਮਾਂ ਨੂੰ ਖਾਣਾਂ ਬੰਦੇ ਵਰਗਾ ਬਲੱਜ ਈ ਐ…!”
-“ਪਰ ਕੁੱਤਾ ਮੱਛੀ ਨੀ ਖਾਂਦਾ…!”
-“ਅੱਛਾ ਜੀ…?”
-“ਹਾਂ ਜੀ…! ਪਰ ਬੰਦਾ ਦੇਖ ਲੈ, ਮੱਛੀ ਫ਼ੜਾ ਦਿਓ, ਓਹ ਛਕ ਜਾਊ, ਮਾਸ ਫ਼ੜਾ ਦਿਓ, ਓਹ ਚਰ ਜਾਊ, ਰੋਟੀ ਦੇ ਦਿਓ, ਓਹ ਚੱਬ ਜਾਊ, ਪੱਠੇ ਪਾ ਦਿਓ, ਉਹ ਨੀ ਛੱਡਦਾ…!”
-“ਪੱਠੇ…?”
-“ਓਏ ਆਹ ਛੋਛੇਬਾਜ ਸਲਾਦ ਜਿਆ ਨੀ ਖਾਂਦੇ…?”
-“ਆਹੋ…!”
-“ਤੇ ਓਹ ਪੱਠੇ ਈ ਤਾਂ ਹੈਗੇ, ਹੋਰ ਉਹ ਕੀ ਐ…?”
-“ਲੈ…! ਬੂਹ ਮੈਂ ਮਰਗੀ…! ਮੇਰੇ ਤਾਂ ਡਮਾਕ ‘ਚ ਨੀ ਸੀ ਗੱਲ..!” ਜੰਗੀਰੋ ਹੱਸ ਪਈ।
-“ਮਤਬਲ ਬੰਦੇ ਦਾ ਕੋਈ ਅਸੂਲ ਨੀ, ਜੰਗੀਰੋ…! ਜਾਨਵਰ ਭੁੱਖ ਲੱਗੀ ਤੋਂ ਆਬਦੇ ਪੇਟ ਵਾਸਤੇ ਸ਼ਿਕਾਰ ਕਰੂ…! ਪਰ ਬੰਦਾ…? ਬੰਦਾ ਸਾਲ਼ਾ ਜਾਨਵਰ ਮਾਰ-ਮਾਰ ਫ਼ਰਿੱਜ ‘ਚ ਈ ਲਾਈ ਜਾਊਗਾ…!”
-“ਕਿੱਡੀ ਨੀਤ ਮਾੜੀ ਐ ਥੇਹ ਹੋਣੇ ਦੀ…!”
-“ਫ਼ੇਰ ਹੋਰ ਦੇਖ਼…!” ਉਸ ਨੇ ਕੁਛ ਯਾਦ ਆਉਣ ਵਾਲ਼ਿਆਂ ਵਾਂਗ ਕਿਹਾ।
-“………….।” ਜੰਗੀਰੋ ਉਭੜਵਾਹਿਆਂ ਵਾਂਗ ਉਸ ਵੱਲ ਝਾਕੀ।
-“ਜਦੋਂ ਕਿਸੇ ਦੀ ਸਿਫ਼ਤ ਵੀ ਕਰਨੀ ਐਂ ਤਾਂ ਪਸ਼ੂ-ਪੰਛੀਆਂ ਨਾਲ ਜੋੜ ਕੇ ਕਰੂ…! ਫ਼ਲਾਨੀ ਦੀ ‘ਵਾਜ ਕੋਇਲ ਅਰਗੀ ਐ, ਫ਼ਲਾਨੀ ਦੀ ਚਾਲ ਸਿੰਧ ਦੀ ਘੋੜੀ ਅਰਗੀ ਐ, ਫ਼ਲਾਨੇ ਦੀ ਨਾਸ ਕੁੱਤੇ ਅਰਗੀ ਐ, ਫ਼ਲਾਨੀ ਦੀ ਤੋਰ ਸੱਪਣੀ ਅਰਗੀ ਐ, ਫ਼ਲਾਨੇ ਛੜੇ ਦੀ ਅੱਖ ਇੱਲ੍ਹ ਅਰਗੀ ਐ…!”
ਜੰਗੀਰੋ ਹੱਸੀ ਜਾ ਰਹੀ ਸੀ।
-“ਜੇ ਕਿਸੇ ਨੂੰ ਗਾਲ੍ਹ ਵੀ ਕੱਢਣੀ ਐਂ ਤਾਂ ਵੀ ਜਾਨਵਰਾਂ ਵਿਚ ਦੀ ਕੱਢਣਗੇ…! ਫ਼ਲਾਨਾ ਬੜਾ ਕੁੱਤਾ ਬੰਦੈ, ਫ਼ਲਾਨਾ ਸੂਰ ਮਾਂਗੂੰ ਚਰਦੈ, ਫ਼ਲਾਨਾ ਕੁੱਤੇ ਮਾਂਗੂੰ ਭੌਂਕਦੈਂ, ਫ਼ਲਾਨੀ ਮੱਝ ਅਰਗੀ ਐ, ਦੱਸੋ ਬੰਦੇ ਕੋਲ਼ੇ ਆਬਦਾ ਕੀ ਐ…? ਕਾਹਦਾ ਚੁਰਾਸੀ ਲੱਖ ਜੂਨ ਦਾ ਸਰਦਾਰ ਐ ਬੰਦਾ…?”
-“ਸੁਆਹ ਤੇ ਨਾਲ਼ੇ ਖੇਹ ਸੱਤਾਂ ਚੁੱਲ੍ਹਿਆਂ ਦੀ…!” ਜੰਗੀਰੋ ਨੇ ਬੁੱਲ੍ਹ ਟੇਰੇ।
………..ਮਹੀਨੇ ਕੁ ਬਾਅਦ ਦੋ ਮੁਰਗਾਬੀਆਂ ਦੀ ਜਗਾਹ ਸਿਰਫ਼ ਇੱਕ ਮੁਰਗਾਬੀ ਨੇ ਹੀ ਛੱਤ ‘ਤੇ ਆਉਣਾ ਸ਼ੁਰੂ ਕਰ ਦਿੱਤਾ।
ਜੰਗੀਰੋ ਨੂੰ ਹੈਰਾਨੀ ਜਿਹੀ ਹੋਈ ਅਤੇ ਉਸ ਦੇ ਮਨ ਨੂੰ ਖੋਹ ਜਿਹੀ ਪਈ। ਜੇ ਮੁਰਗਾਬੀ ਬੋਲਦੀ ਜਾਂ ਸਮਝਦੀ ਹੁੰਦੀ ਤਾਂ ਜੰਗੀਰੋ ਫੱਟ ਦੇਣੇ ਪੁੱਛ ਲੈਂਦੀ। ਪਰ ਕਿਸੇ ਭਾਣੇ ਬਾਰੇ ਸੋਚ ਕੇ ਉਹ ਡਰ ਜਿਹੀ ਵੀ ਗਈ ਸੀ ਅਤੇ ਉਦਾਸ ਵੀ ਹੋ ਗਈ ਸੀ।
ਉਸ ਨੇ ਪਕਾਈਆਂ ਦੋਨੋਂ ਰੋਟੀਆਂ ਇੱਕ ਨੂੰ ਹੀ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਪਰ ਦੂਜੀ ਮੁਰਗਾਬੀ ਦਾ ਉਸ ਨੂੰ ਹੇਜ ਜਿਹਾ ਆ ਰਿਹਾ ਸੀ। ਕਿਤੇ ਦੂਜੀ ਨੂੰ ਕੋਈ ਹੀਮ-ਕੀਮ ਤਾਂ ਨੀ ਹੋ ਗਈ…? ਕਿਸੇ ਦੁਸ਼ਟ ਸ਼ਿਕਾਰੀ ਨੇ ਤਾਂ ਨੀ ਮਾਰ ਦਿੱਤੀ…? ਉਹ ਸੋਚਦੀ। ਪਰ ਆਪਣੇ ਆਪ ਹੀ ਦਿਲ ਨੂੰ ਧਰਵਾਸ ਜਿਹਾ ਦੇ ਲੈਂਦੀ। ….ਹੋ ਸਕਦੈ ਬਿਮਾਰ-ਠਮਾਰ ਹੋਗੀ ਹੋਵੇ…? …ਬਿਮਾਰੀਆਂ-ਠਮਾਰੀਆਂ ਵੀ ਝੱਟ ਆ ਲੱਗਦੀਐਂ…! ਬੰਦੇ ਨੂੰ ਆ ਲੱਗਦੀਐਂ, ਨਾਲ਼ੇ ਗਰਮੀ-ਸਰਦੀ ‘ਚ ਘਰੇ ਰਹਿੰਦੈ, ਇਹ ਜਾਨਵਰ ਤਾਂ ਵਿਚਾਰੇ ਰੱਬ ਆਸਰੇ ਬਾਹਰ ਈ ਰਹਿੰਦੇ ਐ, ਮੀਂਹ ਜਾਵੇ, ਚਾਹੇ ‘ਨ੍ਹੇਰੀ ਜਾਵੇ…! ਇਹਨਾਂ ਦਾ ਤਾਂ ਰੱਬ ਈ ਰਾਖੈ…!
-“ਸਭ ਨੂੰ ਤੰਦਰੁਸਤੀਆਂ ਤੇ ਲੰਮੀਆਂ ਉਮਰਾਂ ਈ ਦੇਈਂ, ਮੇਰੇ ਦਾਤਾ…!” ਉਸ ਨੇ ਬਲ਼ਦੀ ਚਿਤਾ ਵਾਂਗ ਹਾਉਕਾ ਲਿਆ। ਦੂਜੀ ਮੁਰਗਾਬੀ ਉਸ ਦੇ ਦਿਲ-ਦਿਮਾਗ ਤੋਂ ਨਹੀਂ ਉੱਤਰ ਰਹੀ ਸੀ।
ਜਦ ਆਥਣੇ ਨੇਕਾ ਘਰ ਆਇਆ ਤਾਂ ਉਸ ਨੇ ਰੋਟੀ ਖੁਆਉਣ ਤੋਂ ਬਾਅਦ ਉਸ ਨਾਲ਼ ਆਪਣੇ ਮਨ ਦੀ ਉਦਾਸੀ ਸਾਂਝੀ ਕੀਤੀ।
-“ਤੈਨੂੰ ਇੱਕ ਗੱਲ ਦੱਸਾਂ…?”
-“ਦੱਸ…?”
-“ਕਈ ਦਿਨ ਹੋਗੇ, ਆਪਣੀ ਛੱਤ ‘ਤੇ ਅੱਗੇ ਦੋ ਮੁਰਗਾਬੀਆਂ ਆਉਂਦੀਆਂ ਹੁੰਦੀਆਂ ਸੀ…!”
-“ਫ਼ੇਰ…?” ਉਹ ਪੱਗ ਲਾਹ ਕੇ ਪਰਨਾ ਬੰਨ੍ਹਦਾ ਪੁੱਛ ਰਿਹਾ ਸੀ।
-“ਤੇ ਹੁਣ ਕਈ ਦਿਨਾਂ ਦੀ ਇੱਕ ਈ ਆਉਂਦੀ ਐ…! ਕਿਤੇ ਦੂਜੀ ਨੂੰ ਕੁਛ ਹੋ ਤਾਂ ਨੀ ਗਿਆ ਹੋਊ…?” ਮੁਰਗਾਬੀ ਦੇ ਵੈਰਾਗ ਵਿਚ ਉਸ ਦਾ ਦੁਖੀ ਮਨ ਭਰ ਆਇਆ।
-“ਤੂੰ ਤਾਂ ਜਮਾਂ ਈ ਕਮਲ਼ੀ ਐਂ…!” ਨੇਕੇ ਨੇ ਜੰਗੀਰੋ ਨੂੰ ਆਪਣੇ ਨਾਲ਼ ਘੁੱਟ ਲਿਆ।
-“……………….।” ਭਰੇ ਗਲ਼ੇ ਕਾਰਨ ਜੰਗੀਰੋ ਤੋਂ ਬੋਲਿਆ ਨਹੀਂ ਜਾ ਰਿਹਾ ਸੀ।
-“ਕਮਲ਼ ਨੀ ਮਾਰੀਦਾ ਹੁੰਦਾ…! ਹੋ ਸਕਦੈ ਉਹਨਾਂ ਦੇ ਘਰ ਕੋਈ ਨਵਾਂ ਜੀਅ ਆਉਣ ਆਲ਼ਾ ਹੋਵੇ…?”
ਸੁਣ ਕੇ ਜੰਗੀਰੋ ਦੀ ਉਦਾਸੀ ਟੁੱਟ ਗਈ ਅਤੇ ਮਨ ਫ਼ੁੱਲ ਵਾਂਗ ਟਹਿਕ ਉਠਿਆ।
ਉਸ ਨੇ ਆਪਣੀਆਂ ਨਮ ਅੱਖਾਂ ਪੂੰਝ ਲਈਆਂ ਅਤੇ ਕਿਸੇ ਖ਼ੁਸ਼ੀ ਨਾਲ਼ ਸਿੱਧੀ ਹੋ ਕੇ ਬੈਠ ਗਈ।
…..ਦੋ ਕੁ ਹਫ਼ਤੇ ਬਾਅਦ ਜੰਗੀਰੋ ਅਜੇ ਰੋਟੀਆਂ ਚੂਰ ਕੇ ਹੀ ਹਟੀ ਸੀ ਕਿ ਉਹਨਾਂ ਦੇ ਕੋਠੇ ‘ਤੇ ਚਾਰ ਮੁਰਗਾਬੀਆਂ ਆ ਬੈਠੀਆਂ। ਦੋ ਪਹਿਲਾਂ ਵਾਲ਼ੀਆਂ ਅਤੇ ਨਾਲ਼ ਉਹਨਾਂ ਦੇ ਦੋ ਨਿੱਕੇ-ਨਿੱਕੇ, ਮਾਸੂਮ ਜਿਹੇ ਬੱਚੇ! ਖ਼ੁਸ਼ੀ ਵਿਚ ਜੰਗੀਰੋ ਦੀ ਚੀਕ ਨਿਕਲਣ ਵਾਲ਼ੀ ਹੋ ਗਈ ਅਤੇ ਭੱਜ ਕੇ ਅੰਦਰੋਂ ਗੁੜ ਦੀਆਂ ਡਲੀਆਂ ਕੱਢ ਲਿਆਈ।
-“ਆਓ….! ਆਓ ਰੱਬ ਦੇ ਜੀਓ…!! ਆਓ, ਜੀ ਆਇਆ ਨੂੰ…! ਸਾਡੇ ਨਵੇਂ ਸੱਜਣ ਘਰ ਆਏ, ਸੋਨਾਲੀ ਦੇ ਨੈਣ ਭਲੇ…!” ਉਹ ਗੁੜ ਦੀਆਂ ਡਲ਼ੀਆਂ ਕੋਠੇ ‘ਤੇ ਸੁੱਟਦੀ ਗਾ ਰਹੀ ਸੀ, “ਕੱਲ੍ਹ ਤੋਂ ਦੋ ਨੀ, ਤਿੰਨ ਰੋਟੀਆਂ ਲਾਹਿਆ ਕਰੂੰਗੀ ਥੋਡੇ ਵਾਸਤੇ…! ਜੀ ਆਇਆਂ ਨੂੰ…! ਨਾਲ਼ੇ ਵਧਾਈਆਂ ਥੋਨੂੰ…! ਲੱਖ ਲੱਖ ਵਧਾਈਆਂ…! ਜੇ ਮੇਰੇ ਵੱਸ ਹੁੰਦਾ, ਥੋਨੂੰ ਸਾਰਿਆਂ ਨੂੰ ਜੱਫ਼ੀ ਪਾਉਂਦੀ ਅੱਜ਼…! ਜੇ ਮੈਂ ਜੱਫ਼ੀ ਪਾਉਣ ਲੱਗੀ ਤਾਂ ਤੁਸੀਂ ਉੱਡ ਜਾਣੈ…!” ਖ਼ੁਸ਼ੀ ਵਿਚ ਉਸ ਦੀਆਂ ਅੱਖਾਂ ‘ਤ੍ਰਿੱਪ-ਤ੍ਰਿੱਪ’ ਚੋਈ ਜਾ ਰਹੀਆਂ ਸਨ। ਗੰਗਾ ਜਮਨਾ ਬਣੀਆਂ ਅੱਖਾਂ ਨੂੰ ਉਸ ਨੇ ਮੈਲ਼ੀ ਚੁੰਨੀ ਨਾਲ਼ ਪੂੰਝ ਲਿਆ।
-“ਦੇਖੋ ਮੈਂ ਥੋਨੂੰ ਕਿੰਨਾਂ ਮੋਹ ਕਰਦੀ ਐਂ…! ਥੋਨੂੰ ਵੀ ਮੇਰਾ ਮੋਹ ਆਉਂਦੈ…? ਆਉਂਦਾ ਹੀ ਹੋਊਗਾ, ਜਿਹੜੇ ਪਤਾ ਨੀ ਕਿਹੜੇ ਦਿੱਲੀ ਦੱਖਣ ਤੋਂ ਮੇਰੇ ਕੋਠੇ ਦੀ ਛੱਤ ‘ਤੇ ਆਉਨੇ ਐਂ…! ਹੋਰ ਲੋਕਾਂ ਦੀਆਂ ਛੱਤਾਂ ਥੋੜੀਐਂ…? ਜੇ ਤੁਸੀਂ ਮੈਨੂੰ ਮੋਹ ਕਰਦੇ ਐਂ, ਤਾਂ ਹੀ ਮੇਰੀ ਛੱਤ ‘ਤੇ ਆਉਨੇ ਐਂ, ਕਿਸੇ ਹੋਰ ਦੇ ਨੀ ਜਾ ਵੜਦੇ…? ਮੇਰੇ ਵੀ ਥੋਡੇ ਮਾਂਗੂੰ ਬੱਚੇ ਹੈਗੇ ਐ, ਪਰ ਮੇਰਾ ਮੋਹ ਨੀ ਸੀ ਕਰਦੇ ਉਹ…!” ਉਸ ਦਾ ਮਨ ਫ਼ਿਰ ਭਰ ਆਇਆ, “ਬੰਦਾ ਹੈਨੀ ਕਿਸੇ ਕਰਮ ਦਾ..! ਲਾਲਚੀ ਐ…! ਮਤਬਲਖੋਰ ਐ…! ਬੱਸ, ਮਤਬਲ ਕੱਢਿਆ, ਤੇ ਪਾਸੇ…! ਬਾਹਲ਼ਾ ਈ ਲਹੂ ਪੀਣੈਂ ਬੰਦਾ ਤਾਂ…! ਸੌ ਪਾਪੀ ਦਾ ਇੱਕ ਪਾਪੀ…!”
ਕਿੰਨਾਂ ਚਿਰ ਉਹ ਵਿਹੜੇ ‘ਚ ਬੈਠੀ ਉਹਨਾਂ ਨੂੰ ਕੋਠੇ ਦੀ ਛੱਤ ‘ਤੇ ਬੈਠੀ ਕਿਸੇ ਰੀਝ ਨਾਲ਼ ਦੇਖਦੀ ਰਹੀ।
ਕਮਲ਼ਿਆਂ ਵਾਂਗ ਗੱਲਾਂ ਕਰਦੀ ਰਹੀ।
ਆਥਣ ਨੂੰ ਜਦ ਨੇਕਾ ਬਾਹਰੋਂ ਆਇਆ ਤਾਂ ਜੰਗੀਰੋ ਉਸ ਨੂੰ ਕੁਝ ਜ਼ਿਆਦਾ ਹੀ ਖ਼ੁਸ਼ ਲੱਗੀ।
-“ਕੀ ਗੱਲ਼…? ਅੱਜ ਬਹੁਤਾ ਈ ਬਾਗੋ-ਬਾਗ ਐਂ…? ਬਚ ਕੇ ਮੋੜ ਤੋਂ…!”
-“ਤੇਰੀ ਗੱਲ ਸੱਚੀ ਸੀ…!”
-“ਕਿਹੜੀ…?”
-“ਅੱਜ ਆਪਣੇ ਘਰੇ ਇੱਕ ਦੀ ਥਾਂ, ਚਾਰ ਮੁਰਗਾਬੀਆਂ ਆਈਆਂ…! ਦੋ ਦੇ ਨਾਲ਼ ਉਹਨਾਂ ਦੇ ਦੋ ਬੱਚੇ…! ਤੇ ਮੈਂ ਉਹਨਾਂ ਨੂੰ ਗੁੜ ਦੀਆਂ ਡਲ਼ੀਆਂ ਪਾਈਆਂ, ਗੀਤ ਵੀ ਗਾਏ, ਜਿਹੜੇ ਬੁੜ੍ਹੀਆਂ ਬਰਾਤ ਆਈ ਤੋਂ ਵਿਆਹ ‘ਤੇ ਗਾਉਂਦੀਆਂ ਹੁੰਦੀਐਂ…!”
-“ਚੰਗਾ ਕੀਤਾ…! ਜਿਹੜਾ ਜੀਅ ਆਉਂਦੈ, ਆਬਦੀ ਕਿਸਮਤ ਖਾਂਦੈ…! ਇਹ ਲੈਣ-ਦੇਣ ਦੇ ਸਰਬੰਧ ਐ ਜੰਗੀਰੋ, ਨਹੀਂ ਕਿੰਨੀ ਦੁਨੀਆਂ ਪਰੇ ਤੋਂ ਪਰੇ ਪਈ ਐ…! ਅੱਜ ਖੇਤ ਆਲ਼ਿਆਂ ਦਾ ਪਾੜ੍ਹਾ ਵੀ ਰੱਬ ਦੀਆਂ ਗੱਲਾਂ ਕਰਦਾ ਸੀ…!”
-“ਕੀ ਕਹਿੰਦਾ…?”
-“ਉਹਦਾ ਭਰਾ ਐ ਕਾਮਰੇਟ, ਓਹਦੇ ਨਾਲ਼ ਗੱਲਾਂ ਕਰਦਾ ਸੀ, ਕਹਿੰਦਾ ਐਨੀ ਸਾਇੰਸ ਵਧ ਗਈ ਐ, ਦੁਨੀਆਂ ਭਰ ਦੇ ਡਾਕਟਰ ਜਾਂ ਸਾਇੰਸਦਾਨ ਖ਼ੂਨ ਦੇ ਦੋ ਤੁਪਕੇ ਨੀ ਬਣਾ ਸਕੇ, ਜਾਂ ਡੁਪਲੀਕੇਟ ਖ਼ੂਨ ਤੱਕ ਨੀ ਤਿਆਰ ਕਰ ਸਕੇ..! ਜਦੋਂ ਲੋੜ ਪੈਂਦੀ ਐ, ਬੰਦੇ ਦੇ ਵਿਚੋਂ ਖ਼ੂਨ ਕੱਢ ਕੇ ਬੰਦੇ ਨੂੰ ਦੇਣਾ ਪੈਂਦੈ, ਦੱਸੋ ਕੁਦਰਤ ਵੱਡੀ ਐ ਕਿ ਸਾਇੰਸਦਾਨ…? ਵਾਹਵਾ ਇੱਟ-ਖੜੱਕਾ ਚੱਲਿਆ ਓਹਨਾਂ ਦਾ ਗੱਲੀਂ-ਬਾਤੀਂ…!”
-“ਗੱਲ ਤਾਂ ਪਾੜ੍ਹੇ ਦੀ ਸਹੀ ਐ…! ਸਾਇੰਸ ਆਲ਼ੇ ਰੱਬ ਦੀ ਰੀਸ ਕਿੱਥੋਂ ਕਰ ਲੈਣਗੇ…? ਅਜੇ ਤੱਕ ਕਿਸੇ ਨੂੰ ਮੋਹ ਕਰਨ ਆਲ਼ੀ, ਜਾਂ ਮੋਹ ਤੋੜ ਦੇਣ ਆਲ਼ੀ ਗੋਲ਼ੀ ਜਾਂ ਕੈਪਸੂਲ ਕਿਹੜਾ ਤਿਆਰ ਕਰ ਸਕੇ ਐ, ਉਹ ਵੀ ਰੱਬ ਵੱਲੋਂ ਈ ਆਉਂਦੈ…? ਤੇ ਟੁੱਟਦਾ ਵੀ ਰੱਬ ਵੱਲੋਂ ਈ ਐ…!”
-“ਕੋਈ ਡਾਕਦਾਰ ਕਿਸੇ ਦੀ ਅੱਖ ਬਣਾ ਕੇ ਦਿਸਣ ਲਾ ਦੇਵੇ, ਉਹਨੂੰ ਰੱਬ ਵਰਗਾ ਈ ਦੱਸਣਗੇ, ਤੇ ਸੌ-ਸੌ ਧੰਨਵਾਦ ਕਰਨਗੇ, ਉਹਦੇ ਪੈਰਾਂ Ḕਚ ਲਿਟਣ ਤੱਕ ਜਾਣਗੇ, ਤੇ ਜਿਹੜੇ ਰੱਬ ਨੇ ਅੱਖਾਂ ਬਖ਼ਸ਼ੀਐਂ, ਉਹਦਾ ਕਦੇ ਵੀ ਸ਼ੁਕਰਾਨਾ ਨੀ ਕਰਦੇ…!”
-“ਨਾਲ਼ੇ ਡਾਕਦਾਰ ਤਾਂ ਪੈਂਸੇ ਲੈਂਦੈ, ਤੇ ਰੱਬ ਨੇ ਦਿੱਤਾ ਸਾਰਾ ਕੁਛ ਮੁਖ਼ਤ ਐ, ਫ਼ੇਰ ਵੀ ਬੰਦਾ ਉਹਦਾ ਧੰਨਵਾਦ ਨੀ ਕਰਦਾ, ਆਫ਼ਰਿਆ ਈ ਤੁਰਿਆ ਫ਼ਿਰਦਾ ਰਹਿੰਦੈ…! ਅਫ਼ਰੇਵੇਂ ‘ਚ ਸਾਹ ਨੀ ਆਉਂਦਾ…!”
ਦੋਨੋ ਹੱਸ ਪਏ।
-“ਇੱਕ ਗੱਲ ਦੱਸਾਂ…?” ਜੰਗੀਰੋ ਉਸ ਦੇ ਮੋਢੇ ‘ਤੇ ਸਿਰ ਰੱਖੀ ਪੁੱਛ ਰਹੀ ਸੀ।
-“ਦੱਸ….!”
-“ਲੋਕਾਂ ਤੋਂ ਸੁਣਦੇ ਆਉਂਦੇ ਸੀ, ਬਈ ਪਿਆਰ ਅੰਨ੍ਹਾਂ ਹੁੰਦੈ, ਮੈਂ ਇਹਨਾਂ ਗੱਲਾਂ ਨੂੰ ਸ਼ੋਸ਼ੇ ਜੇ ਮੰਨਦੀ ਹੁੰਦੀ ਸੀ ਬਈ ਲੋਕ ਟੈਲੀਵੀਯਨ ਦੇਖ ਕੇ ਕਮਲ਼ੇ ਹੋਏ ਫ਼ਿਰਦੇ ਐ, ਪਰ ਹੁਣ ਪਤਾ ਲੱਗਦੈ ਬਈ ਮੋਹ-ਪਿਆਰ ਸੱਚੀਂ ਅੰਨ੍ਹਾਂ ਹੁੰਦੈ…!”
-“ਤੇ ਜਿਹੜਾ ਪਿਆਰ ਕਰਦੈ, ਓਹ ਕਦੇ ਬੁੱਢਾ ਨੀ ਹੁੰਦਾ…!” ਨੇਕਾ ਹੱਸ ਪਿਆ।
-“ਮੈਂ ਸੋਚਦੀ ਹੁੰਦੀ ਸੀ ਬਈ ਪਾੜ੍ਹੇ-ਪਾੜ੍ਹੀਆਂ ਕਮਲ਼ ਕੁੱਟਦੇ ਨੇ, ਪਰ ਹੁਣ ਓਹੀ ਕਮਲ਼ਪੁਣਾ ਮੈਨੂੰ ਆਪਣੇ ‘ਚ ਵੜ ਗਿਆ ਲੱਗਦੈ, ਮੋਹ ਪਿਆਰ ਕੀ ਐ, ਹੁਣ ਪਤਾ ਲੱਗਿਐ, ਰੱਬ ਤੈਨੂੰ ਰਾਜੀ ਰੱਖੇ, ਤੇਰੇ ਬਿਨਾਂ ਕਿਸੇ ਨੇ ਮੋਹ ਨੀ ਸੀ ਕੀਤਾ, ਸਿਰਫ਼ ਖੱਲ ਈ ਚੂੰਡੀ ਐ ਮੇਰੀ…!”