
ਅਸ਼ੋਕ ਵਰਮਾ
ਬਠਿੰਡਾ 16 ਜੂਨ ।ਬਠਿੰਡੇ ਜ਼ਿਲੇ ਦੇ ਛੋਟੇ ਜਿਹੇ ਪਿੰਡ ਵਿੱਚ ਸਥਾਪਤ ਸਮਾਰਟ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਿੱਚ 100 ਨਵੇਂ ਬੱਚਿਆਂ ਦਾ ਦਾਖਿਲਾ ਕਰਕੇ ਪੂਰੇ ਪੰਜਾਬ ਵਿੱਚ ਨਵਾਂ ਕੀਰਤੀਮਾਨ ਸਥਾਪਿਤ ਕਰਨ ਵਾਲੇ ਅਧਿਆਪਕ ਰਜਿੰਦਰ ਸਿੰਘ ਨੂੰ ਜਿਲਾ ਬਠਿੰਡਾ ਦਾ ਅੰਬੈਸਡਰ ਆਫ ਇੰਨਰੋਲਮੈਂਟ ਬਣਾਇਆ ਹੈ। ਇਸ ਸਕੂਲ ’ਚੋਂ 75 ਫੀਸਦੀ ਸਕੂਲ ਬੱਚੇ ਬਾਹਰਲੇ ਵੱਡੇ ਵੱਡੇ ਪਿੰਡਾਂ ਤੋਂ ਸਕੂਲ ਵਿੱਚ ਦਾਖਲ ਕੀਤੇ ਗਏ ਹਨ। ਦੱਸਣਯੋਗ ਹੈ ਕਿ ਪੰਜਾਬ ਵਿੱਚ ਸਿੱਖਿਆ ਵਿਭਾਗ ਵੱਲੋਂ ਦਾਖ਼ਿਲਾ ਮੁਹਿੰਮ ਚਲਾ ਕੇ ਵੱਡੀ ਪੱਧਰ ਤੇ ਦਾਖਲੇ ਕਰਨ ਲਈ ਮੁਕਾਬਲਾ ਸ਼ੁਰੂ ਕੀਤਾ ਹੋਇਆ ਹੈ,ਜਿਸ ਤਹਿਤ ਪ੍ਰਾਇਮਰੀ , ਮਿਡਲ , ਹਾਈ ਤੇ ਸੈਕੰਡਰੀ ਸਕੂਲਾਂ ਵਿੱਚ ਬੱਚਿਆਂ ਦੇ ਵੱਡੀ ਪੱਧਰ ਤੇ ਦਾਖਲੇ ਕੀਤੇ ਜਾ ਰਹੇ ਹਨ। ਇਸ ਮੁਹਿੰਮ ਦੇ ਬਾਵਜੂਦ ਵੱਡੇ ਵੱਡੇ ਪਿੰਡਾਂ ਦੇ ਵੱਡੇ ਵੱਡੇ ਸਕੂਲ ਵੀ ਦਾਖਲਿਆਂ ਵਿੱਚ 10 ਤੋ 20 ਫੀਸਦੀ ਵਾਧਾ ਕਰਨ ਵਿੱਚ ਵੀ ਬੜੀ ਮੁਸ਼ਕਿਲ ਨਾਲ ਸਫਲ ਹੋ ਸਕੇ ਹਨ ਜਦੋ ਕਿ ਕਾਫੀ ਸਕੂਲਾਂ ਵਿੱਚ ਦਾਖਲਾ ਵਧਣ ਦੀ ਬਜਾਏ ਉਲਟਾ ਘਟਿਆ ਵੀ ਹੈ ।
ਕਰੀਬ 500 ਵੋਟਾਂ ਵਾਲੇ ਪਿੰਡ ਕੋਠੇ ਇੰਦਰ ਸਿੰਘ ਵਾਲਾ ਬਲਾਕ ਗੋਨਿਆਣਾ ਦੇ ਆਪਣੇ ਸਿਰਫ਼ 55 ਬੱਚੇ ਹਨ ਜਦੋਂਕਿ ਬਾਕੀ 148 ਬੱਚੇ ਬਾਹਰਲੇ 11 ਪਿੰਡਾਂ ਤੋਂ ਹਨ ਜਿੰਨਾਂ ਨੇ ਨਵੇ ਸੈਸ਼ਨ 2020-21 ਦੌਰਾਨ ਵੱਡੇ ਵੱਡੇ ਨਾਮਵਰ ਸਕੂਲਾਂ ਨੂੰ ਅਲਵਿਦਾ ਕਹਿ ਕੇ ਇਸ ਸਕੂਲ ਨੂੰ ਪਹਿਲੀ ਪਸੰਦ ਵਜੋ ਚੁਣਿਆ ਹੈ। ਸਮਾਰਟ ਜੀ.ਪੀ.ਐਸ. ਕੋਠੇ ਇੰਦਰ ਸਿੰਘ ਵਾਲੇ ਵਿੱਚ ਪਿਛਲੇ 5 ਸਾਲ ਤੋਂ ਤਾਇਨਾਤ ਅਤੇ ਸਕੂਲ ਦੀ ਦਾਖਲਾ ਮੁਹਿੰਮ ਦੇ ਇੰਚਾਰਜ ਅਧਿਆਪਕ ਰਾਜਿੰਦਰ ਸਿੰਘ ਨੇ ਦੱਸਿਆ ਕਿ ਸਿਰਫ਼ ਇਸ ਸਾਲ ਹੀ ਨਹੀਂ ਪਿਛਲੇ ਸੈਸ਼ਨ 2019-20 ’ਚ ਵੀ ਇਸ ਸਕੂਲ ਨੇ ਸਿੱਖਿਆ ਵਿਭਾਗ ਪੰਜਾਬ ਦੀ ਦਾਖਲਾ ਮੁਹਿੰਮ ਈਚ ਵਨ ਬਰਿੰਗ ਵਨ ਤਹਿਤ 200 ਫੀਸਦੀ ਦਾਖਲੇ ਕਰਕੇ ਰਿਕਾਰਡ ਕਾਇਮ ਕੀਤਾ ਸੀ । ਇਸ ਸੈਸ਼ਨ ਦੌਰਾਨ ਬਾਹਰਲੇ ਵੱਡੀ ਆਬਾਦੀ ਵਾਲੇ ਪਿੰਡਾਂ ਮਹਿਮਾ ਸਰਜਾ, ਮਹਿਮਾ ਸਵਾਈ, ਮਹਿਮਾ ਸਰਕਾਰੀ, ਬਲਾਹੜ ਮਹਿਮਾ , ਦਾਨ ਸਿੰਘ ਵਾਲਾ, ਗੰਗਾ ਅਬਲੂ, ਆਕਲੀਆ ਕਲਾਂ , ਆਕਲੀਆ ਖ਼ੁਰਦ, ਕੋਠੇ ਨੱਥਾ ਸਿੰਘ ਵਾਲੇ, ਬਲਾਹੜ ਵਿੰਝੂ ਤੋ ਇਲਾਵਾ ਪਿੰਡ ਚੰਦ ਭਾਨ (ਫਰੀਦਕੋਟ) ਦੇ ਬੱਚਿਆਂ ਨੇ ਵੀ ਇਸ ਸਕੂਲ ਵਿੱਚ ਦਾਖ਼ਲਾ ਲਿਆ ਹੈ।
ਸਕੂਲ ਦੇ ਨਵ ਨਿਯੁਕਤ ਹੈੱਡ ਟੀਚਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਕਰੀਬ 35 ਬੱਚਿਆਂ ਦਾ ਦਾਖਲਾ ਸਕੂਲ ਵਿੱਚ ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਹੀ ਹੋ ਚੁੱੱਕਾ ਸੀ । ਉਨਾਂ ਕਿਹਾ ਕਿ ਦਾਖ਼ਲਿਆਂ ਵਿੱਚ ਅਹਿਮ ਯੋਗਦਾਨ ਅਧਿਆਪਕ ਰਾਜਿੰਦਰ ਸਿੰਘ ਦਾ ਹੈ ਜਦੋ ਂਕਿ ਅਧਿਆਪਕ ਰਸਦੀਪ ਸਿੰਘ ਅਤੇ ਜਗਮੇਲ ਸਿੰਘ ਵੀ ਉਨਾਂ ਦਾ ਸਹਿਯੋਗ ਕਰ ਰਹੇ ਹਨ। ਓਧਰ ਜ਼ਿਲਾ ਸਿੱਖਿਆ ਅਫ਼ਸਰ (ਐ) ਬਠਿੰਡਾ ਹਰਦੀਪ ਸਿੰਘ ਤੱਗੜ , ਉੱਪ ਜ਼ਿਲਾ ਸਿੱਖਿਆ ਅਫ਼ਸਰਾਂ ਬਲਜੀਤ ਸਿੰਘ ਸੰਦੋਹਾ ਤੇ ਸ਼ਿਵਪਾਲ ਗੋਇਲ ਨੇ ਦੱਸਿਆ ਕਿ ਰਜਿਦਰ ਸਿੰਘ ਨੂੰ ਜ਼ਿਲਾ ਪੱਧਰ ਤੇ ਅੰਬੈਸਡਰ ਆਫ਼ ਇੰਨਰੋਲਮੈਂਟ ਨਿਯੁਕਤ ਕਰਕੇ ਪੂਰੇ ਬਠਿੰਡਾ ਜ਼ਿਲੇ ਵਿੱਚ ਬੱਚਿਆਂ ਦੀ ਗਿਣਤੀ ਹੋਰ ਵਧਾਉਣ ਦੀ ਜਿੰਮੇਵਾਰੀ ਦਿੱਤੀ ਗਈ ਹੈ। ਉਨਾਂ ਪਿੱਛੇ ਚੱਲ ਰਹੇ ਸਕੂਲਾਂ ਨੂੰ ਵੀ ਕੋਠੇ ਇੰਦਰ ਸਿੰਘ ਸਕੂਲ ਅਤੇ ਅਧਿਆਪਕ ਰਾਜਿੰਦਰ ਸਿੰਘ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣ ਲਈ ਵੀ ਆਖਿਆ ਹੈ। ਬਲਾਕ ਪ੍ਰਾਇਮਰੀ ਅਫਸਰ ਗੋਨਿਆਣਾ ਭਾਲਾ ਰਾਮ, ਜ਼ਿਲਾ ਕੁਆਰਡੀਨੇਟਰ ਰਣਜੀਤ ਸਿੰਘ ਮਾਨ , ਬਲਾਕ ਮਾਸਟਰ ਟ੍ਰੇਨਰ ਵਿਕਰਮਜੀਤ ਸਿੰਘ , ਸੀ.ਐਚ.ਟੀ ਅੰਗਰੇਜ਼ ਸਿੰਘ ਨੇ ਰਾਜਿੰਦਰ ਸਿੰਘ ਨੂੰ ਇਸ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ ਹਨ।