
ਮਾਮਲਾ ਡੋਪ ਟੈਸਟਾਂ ਆਦਿ ’ਚ ਫਰਜੀਵਾੜੇ ਦਾ
ਅਸ਼ੋਕ ਵਰਮਾ
ਮਾਨਸਾ, 16 ਜੂਨ: ਫਰਜੀ ਅੰਗਹੀਣ ਸਰਟੀਫਿਕੇਟ, ਝੂਠੀਆਂ ਡੋਪ ਟੈਸਟ ਰਿਪੋਰਟਾਂ ਅਤੇ ਐਮ.ਐਲ.ਆਰ. ਵਿੱਚ ਹੇਰਾਫੇਰੀ ਕਰਕੇ ਮੋਟੀ ਰਕਮ ਵਸੂਲਣ ਦੇ ਮਾਮਲੇ ’ਚ ਅੱਜ ਵਿਜੀਲੈਂਸ ਨੇ ਹਿਸਤ ਵਿਭਾਗ ਦੇ ਤਿੰਨ ਮੁਲਾਜਮਾਂ ਨੂੰ ਰੰਗੇ ਹੱਥੀ ਕਾਬੂ ਕੀਤਾ ਹੈ। ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਬਠਿੰਡਾ ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਵਿਜੀਲੈਂਸ ਦੀ ਟੀਮ ਨੇ ਲੈਬ ਟੈਕਨੀਸ਼ੀਅਨ ਵਿਜੇ ਕੁਮਾਰ, ਫਾਰਮਾਸਿਸਟ ਦਰਸ਼ਨ ਸਿੰਘ ਅਤੇ ਐਫ.ਐਲ.ਓ. ਤੇਜਿੰਦਰਪਾਲ ਸ਼ਰਮਾ ਨੰੂ ਗਿ੍ਰਫ਼ਤਾਰ ਕੀਤਾ ਹੈ। ਉਨਾਂ ਦੱਸਿਆ ਕਿ ਇਨਾਂ ਵਿਰੁੱਧ ਅਧੀਨ ਧਾਰਾ 420, 465, 467, 468, 120-ਬੀ ਆਈ.ਪੀ.ਸੀ. 7, 13 (1) (ਏ) ਪੀ.ਸੀ.ਐਕਟ 1988 ਐਜ ਅਮੈਂਡਿਡ ਬਾਏ ਪੀ.ਸੀ. ਐਕਟ 2018 ਤਹਿਤ ਮੁੱਕਦਮਾ ਦਰਜ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਹ ਲੋਕਾਂ ਨੰੂ ਫਰਜ਼ੀ ਅੰਗਹੀਣ ਸਰਟੀਫਿਕੇਟ ਜਾਰੀ ਕਰਵਾਉਣ, ਝੂਠੀਆਂ ਡੋਪ ਟੈਸਟ ਰਿਪੋਰਟਾਂ ਜਾਰੀ ਕਰਨ ਅਤੇ ਐਮ.ਐਲ. ਆਰਜ ਵਿੱਚ ਹੇਰਾਫੇਰੀ ਕਰਕੇ ਸੱਟਾਂ ਦੀ ਕਿਸਮ ਵਿੱਚ ਬਦਲਾਅ ਕਰਕੇ ਰਿਸ਼ਵਤ ਵਜੋਂ ਮੋਟੀ ਰਕਮ ਵਸੂਲ ਕਰਦੇ ਸਨ।
ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਇਨਾਂ ਕਰਮਚਾਰੀਆਂ ਨੇ ਕੁੱਝ ਪ੍ਰਾਈਵੇਟ ਹਸਪਤਾਲਾਂ ਦੇ ਮਾਲਕਾਂ, ਡਾਕਟਰਾਂ ਅਤੇ ਸਰਕਾਰੀ ਡਾਕਟਰਾਂ ਨਾਲ ਤਾਲਮੇਲ ਬਣਾਇਆ ਹੋਇਆ ਸੀ ਜੋ ਮਰੀਜ਼ ਸਿਵਲ ਹਸਪਤਾਲ ਮਾਨਸਾ ਵਿਖੇ ਇਲਾਜ ਲਈ ਆਉਂਦੇ ਸਨ। ਉਨਾਂ ਵਿੱਚੋਂ ਕੁਝ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਲਈ ਰੈਫਰ ਕਰਵਾ ਦਿੰਦੇ ਸਨ ਅਤੇ ਇਸ ਦੇ ਇਵਜ ਵਿੱਚ ਪ੍ਰਾਈਵੇਟ ਹਸਪਤਾਲਾਂ ਦੇ ਮਾਲਕਾਂ ਪਾਸੋਂ ਰਿਸ਼ਵਤ ਹਾਸਿਲ ਕਰਕੇ ਆਪਸ ਵਿੱਚ ਵੰਡ ਲੈਂਦੇ ਸਨ। ਸ਼੍ਰੀ ਵਿਰਕ ਨੇ ਦੱਸਿਆ ਕਿ ਇਨਾਂ ਵੱਲੋਂ ਕੁਝ ਚਹੇਤੇ ਡਾਕਟਰਾਂ ਨਾਲ ਮਿਲ ਕੇ ਆਯੂਸ਼ਮਾਨ ਭਾਰਤ ਜਨ ਸਵਾਸਥ ਯੋਜਨਾ ਤਹਿਤ ਜੋ ਮਰੀਜਾਂ ਦੇ ਕੇਸ ਸਿਵਲ ਹਸਪਤਾਲ ਮਾਨਸਾ ਵਿੱਚੋਂ ਪ੍ਰਾਈਵੇਟ ਹਸਪਤਾਲਾਂ ਨੂੰ ਇਲਾਜ਼ ਲਈ ਰੈਫਰ ਕੀਤੇ ਜਾਂਦੇ ਸਨ, ਉਨਾਂ ਕੇਸਾਂ ਵਿੱਚੋ ਵੀ ਵੱਡੇ ਪੱਧਰ ’ਤੇ ਰਿਸ਼ਵਤ ਹਾਸਲ ਕੀਤੀ ਜਾਂਦੀ ਸੀ।
ਉਨਾਂ ਦੱਸਿਆ ਕਿ ਸਿਵਲ ਹਸਪਤਾਲ ਮਾਨਸਾ ਵਿੱਚ ਡੋਪ ਟੈਸਟ ਕਰਵਾਉਣ ਲਈ ਆਉਣ ਵਾਲਿਆਂ ਵਿੱਚੋਂ ਜਿਨਾਂ ਦੇ ਨਤੀਜੇ ਪਾਜ਼ਿਟੀਵ ਆਉਂਦੇ ਸਨ, ਉਨਾਂ ਕੋਲੋਂ ਕਰੀਬ 10ਹਜਾਰ ਰੁਪਏ ਪ੍ਰਤੀ ਵਿਅਕਤੀ ਰਿਸ਼ਵਤ ਵਜੋਂ ਹਾਸਲ ਕਰਕੇ ਡੋਪ ਟੈਸਟ ਦਾ ਨਤੀਜਾ ਬਦਲ ਕੇ ਨੈਗੇਟਿਵ ਕਰ ਦਿੱਤਾ ਜਾਂਦਾ ਸੀ।ਉਨਾਂ ਦੱਸਿਆ ਕਿ ਇਸ ਤਰਾਂ ਨਾਲ ਕਈ ਨਸ਼ੇੜੀ ਵਿਅਕਤੀ ਵੀ ਅਸਲਾ ਲਾਇਸੰਸ ਬਣਵਾਉਣ ਅਤੇ ਰੀਨਿਊ ਕਰਵਾਉਣ ਵਿੱਚ ਸਫ਼ਲ ਹੋ ਜਾਂਦੇ ਸਨ। ਉਨਾਂ ਦੱਸਿਆ ਕਿ ਸਿਵਲ ਅਤੇ ਪੰਜਾਬ ਪੁਲਿਸ ਵਿੱਚ ਨੌਕਰੀ ਕਰਦੇ ਕਈ ਅਧਿਕਾਰੀ ਤੇ ਕਰਮਚਾਰੀ ਜੋ ਨਸ਼ਿਆਂ ਦੇ ਆਦੀ ਹੋ ਚੁੱਕੇ ਸਨ, ਉਹ ਵੀ ਰਿਸ਼ਵਤ ਦੇ ਕੇ ਡੋਪ ਟੈਸਟ ਵਿੱਚ ਪਾਸ ਹੋ ਜਾਂਦੇ ਸਨ। ਇਸ ਤੋਂ ਇਲਾਵਾ ਇਨਾਂ ਵੱਲੋਂ ਲੜਾਈ-ਝਗੜੇ ਕਾਰਨ ਹਸਪਤਾਲ ਵਿੱਚ ਦਾਖਲ ਹੋਣ ਵਾਲੇ ਲੋਕਾਂ ਪਾਸੋਂ ਡਾਕਟਰਾਂ ਦੀ ਮਿਲੀਭੁਗਤ ਨਾਲ ਰਿਸ਼ਵਤ ਹਾਸਲ ਕਰਕੇ ਸੱਟ ਦੀ ਕਿਸਮ ਵੀ ਬਦਲ ਦਿੱਤੀ ਜਾਂਦੀ ਸੀ।