3.5 C
United Kingdom
Sunday, March 8, 2026

More

    ਪਰਚਮ/ਕਾਵਿ

    ਮਨਦੀਪ ਕੌਰ ਭੰਮਰਾ
    ਆਜ਼ਾਦੀ ਦੇ ਪਰਵਾਨੇ ਸਨ ਸਭ ਮਹਾਨ ਸੂਰਮੇ
    ਮਾਵਾਂ ਚਾਵਾਂ ਨਾਲ਼ ਪਾਲ਼ੇ ਹੋਣੇ ਪੁੱਤ ਖੁਆ ਚੂਰਮੇ
    ਗੁੜ੍ਹਤੀ ਵਿੱਚ ਦਿੱਤਾ ਹੋਣਾ ਮਿੱਠਾ ਮਿੱਠਾ ਸ਼ਹਿਦ
    ਬਚਪਨ ਵਿੱਚ ਹੀ ਖਾਧੇ ਹੋਣੇ ਉਨ੍ਹਾਂ ਖੀਰ ਖੁਰਮੇ

    ਹੋਸ਼ ਸੰਭਾਲ਼ੀ ਜਦ ਗੁਲਾਮੀ ਦੀਆਂ ਜੂਲ਼ਾਂ ਦੇਖਕੇ
    ਧਾਰ ਲਿਆ ਮਨੀਂ ਲੋਕਾਈ ਦੀਆਂ ਸੂਲ਼ਾਂ ਵੇਖਕੇ
    ਖੋਹ ਲਾਂਗੇ ਆਜ਼ਾਦੀ ਵਾਲ਼ਾ ਹੱਕ ਜਾਨਾਂ ਦੇਕੇ ਵੀ
    ਚੁੰਮ ਹੀ ਲਿਆ ਰੱਸਾ ਫਾਂਸੀ ਵਾਲ਼ਾ ਤਿੰਨ੍ਹਾਂ ਹੱਸਕੇ

    ਰਾਜਗੁਰੂ ਸੁਖਦੇਵ ਭਗਤ ਸਿੰਘ ਜਿਹੇ ਯੋਧਿਆਂ
    ਸਬਕ ਸਿਖਾਉਣ ਲਈ ਬੱਸ ਸਾਂਡਰਸ ਸੋਧਿਆ
    ਅਣਖ ਨਾਲ਼ ਜਿਉਣਾ ਸਾਰਿਆਂ ਦਾ ਹੱਕ ਹੁੰਦਾ
    ਜੂਝ ਗਈ ਸੀ ਜਵਾਨੀ ਲਾਲਚ ਨਾ ਅਹੁੱਦਿਆਂ

    ਸ਼ਹੀਦੀਆਂ ਦਾ ਦੌਰ ਮੁੜ ਕਦੀ ਨਾ ਆਵੇ ਵਤਨ
    ਚਾਹੁੰਦੇ ਨਹੀਂ ਅਸੀਂ ਕਿ ਗੁਆਚਣ ਲਾਲ ਰਤਨ
    ਵਕਤ ਦੀ ਧਾਰਾ ਉਹੀ ਮੋੜ ਸਕਦੇ ਹੁੰਦੇ ਹਮੇਸ਼ਾ
    ਸੀਨਿਆਂ ਵਿੱਚ ਜਿੰਨ੍ਹਾਂ ਦੇ ਲਹਿਲਹਾਉਂਦੇ ਯਤਨ

    ਆਜ਼ਾਦੀ ਦੇ ਸਭ ਯੋਧੇ ਪਰਵਾਨਿਆਂ ਨੂੰ ਸਲਾਮ
    ਉਹਨਾਂ ਦੇ ਲਈ ਲਿਖ ਰਹੀ ਹਾਂ ਅੱਜ ਮੈਂ ਕਲਾਮ
    ਬਹੁਤ ਤੁੱਛ ਜਿਹੀ ਭੇਟ ਵੀ ਨਹੀਂ ਬਣੀ ਹਾਸਿਲ
    ਬੇਹੱਦ ਉੱਚਾ ਤੁਹਾਡਾ ਸਭਨਾਂ ਦਾ ਹਰ ਮੁਕਾਮ

    ਨੌਜੁਆਨੋ ਵਿਚਾਰੋ ਤੇ ਨਵੇਂ ਪੰਧ ਉਸਾਰਨੇ ਸਿੱਖੋ
    ਕਲਮਾਂ ਸੰਗ ਬੁੱਧੀ ਭਰੇ ਜਜ਼ਬਾਤ ਨਿਖਾਰ ਲਿਖੋ
    ਕਰੋ ਨਾ ਗੱਲਾਂ ਸੂਝਬੂਝ ਤੇ ਦਲੀਲ ਤੋਂ ਸੱਖਣੀਆਂ
    ਦੁਨੀਆਂ ਨਵੀਂ ਬਣਾਓ ਤੇ ਉਸ ਵਿੱਚ ਕਦਮ ਰੱਖੋ

    ਲਹਿਰਾਉਣਾ ਅਸੀਂ ਨਵੀਆਂ ਸੋਚਾਂ ਦਾ ਪਰਚਮ
    ਅਸਾਡੇ ਲਹੂ ਵਿੱਚ ਤੜਪਦੀ ਤਾਂਘ ਰਹੇ ਹਰਦਮ
    ਪੁਚਾ ਦੇਣਾ ਨੀਲੇ ਅੰਬਰਾਂ ਤੀਕ ਸੋਚਾਂ ਦਾ ਗੁੰਬਦ
    ਹਿੰਮਤ ਭਰ ਜਾਵੇ ‘ਤੇ ਅਸੀਂ ਕਰੀਏ ਮਹਾਨ ਕੰਮ

    -ਮਨਦੀਪ ਕੌਰ ਭੰਮਰਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!