14.8 C
United Kingdom
Saturday, September 5, 2026

More

    ਰਹਿਮਤਾਂ/ਕਾਵਿ

    ਮਨਦੀਪ ਕੌਰ ਭੰਮਰਾ

    ਭਰਮਾਂ ਭੁਲੇਖਿਆਂ ਦੇ ਕਾਲ਼ੇ ਬੱਦਲ਼ਾਂ ਹੇਠ ਚਾਨਣ
    ਸਦਾ ਨਹੀਂ ਛੁਪਿਆ ਕਰਦਾ ਸੂਰਜ ਅਤੇ ਚਾਨਣ
    ਇਹ ਲੁਕਣਮੀਚੀ ਦੀ ਖੇਡ ਵਕਤੀ ਜਿਹੀ ਹੁੰਦੀ
    ਬਾਰੀਕ ਮੋਰੀਆਂ ਵਿੱਚੋਂ ਵੀ ਬਾਹਰ ਆਵੇ ਚਾਨਣ

    ਕਾਲ਼ੀਆਂ ਤਾਕਤਾਂ ਵੀ ਸੰਜੋਣ ਸੁਨਹਿਰੀ ਸੁਪਨੇ
    ਫਾਇਦੇ ਉਹਨਾਂ ‘ਚ ਹੁੰਦੇ ਉਹਨਾਂ ਦੇ ਹੀ ਲੁਕਵੇਂ
    ਲੋਕਤਾ ਦੇ ਵਿਰਦ ਨੂੰ ਨਾਂਹ ਹਰ ਕੋਈ ਗਾਂਵਦਾ
    ਸਹਿਣੇ ਪੈਂਦੇ ਹਨ ਬੋਲਾਂ ਰਾਹੀਂ ਛੱਡੇ ਤੀਰ ਚੁਭਵੇਂ

    ਕਾਲ਼ੀ ਰਾਤ ਤੋਂ ਬਾਅਦ ਸੂਹੀ ਸਵੇਰ ਦਾ ਚਾਨਣਾ
    ਅੰਮ੍ਰਿਤ ਵੇਲ਼ੇ ਦੀ ਲੋਅ ਨੂੰ ਚੰਗਾ ਹੁੰਦਾ ਸੰਭਾਲਣਾ
    ਨਵੀਆਂ ਕਰੂੰਬਲ਼ਾਂ ਦੀ ਕੋਮਲਤਾਈ ਨੂੰ ਸਮਝਣਾ
    ਤ੍ਰੇਲ-ਤੁਪਕਿਆਂ ਨੂੰ ਕੋਮਲ ਪਲਕਾਂ ਤੇ ਲਗਾਉਣਾ

    ਜੀਵਨ ਦੀ ਨੁਹਾਰ ਬਦਲਣ ਲਈ ਲੈਣੇ ਸੁਪਨੇ
    ਪਰਖੇ ਹੋਏ ਬੋਲਾਂ ਵਿੱਚ ਨਵੀਆਂ ਸੋਚਾਂ ਦੇ ਫੁਰਨੇ
    ਹਸਤੀ ਨੂੰ ਬੁਲੰਦ ਰੱਖਣਾ ਅਤੇ ਸਿਰ ਉੱਚੀ ਸੋਚ
    ਮਰਦ ਅੰਗਮੜੇ ਦੇ ਜੀਵਨ ਅੱਗੇ ਦੋ ਕਰ ਜੁੜਨੇ

    ਚੰਗਾ ਹੁੰਦਾ ਅਮਲਾਂ ਵਿੱਚ ਕਰਤਬ ਦਿਖਾਉਣਾ
    ਗ਼ਰੂਰ ਨਾਲ਼ ਭਰੇ ਹੋਏ ਚੰਗੇ ਗੀਤਾਂ ਨੂੰ ਗਾਉਣਾ
    ਸਰੂਰ ਸੰਗ ਝੂੰਮਣਾ ਤੇ ਸਰੋਤੇ ਝੂੰਮਣ ਲਾ ਦੇਣਾ
    ਮਹਾਨ ਹੁੰਦੇ ਜਾਂਦੇ ਉਹ ਅਤੇ ਉਨ੍ਹਾਂ ਦਾ ਜਿਉਣਾ

    ਰੋਹੀਆਂ,ਬੰਜਰਾਂ ਹਰਿਆਉਣ ਦੇ ਹੁੰਦੇ ਯਤਨ
    ਪੈਲ਼ੀਆਂ ਵਿੱਚ ਬੀਜੇ ਜਾਂਦੇ ਬੀਜਾਂ ਨਾਲ਼ ਰਤਨ
    ਪੋਹ ਦੀਆਂ ਕਕਰੀਲੀਆਂ ਰਾਤਾਂ ਵਿੱਚ ਘੁੰਮਣਾ
    ਪਰਦੇਸ ਗਿਆਂ ਬੜਾ ਯਾਦ ਆਵੇ ਫਿਰ ਵਤਨ

    ਮੁੱਕਦੀ ਗੱਲ ਕਿ ਜੀਵਨ ਦੀ ਜੁਗਤ ਤੇ ਹਿੰਮਤ
    ਘੜਨਹਾਰੇ ਘੜ੍ਹ ਦੇਵਣ ਜੇ ਬੰਦੇ ਦੀ ਕਿਸਮਤ
    ਸਾਦਗੀ ਸੰਗ ਜਿਉਣਾ ਰਹਿਮਤਾਂ ਦੀ ਬਾਰਿਸ਼
    ਮਨੁੱਖਤਾ ਦਾ ਜੀਣਾ ਹੀ ਫਿਰ ਹੋ ਸਕੇ ਬਹਿਸ਼ਤ

    -ਮਨਦੀਪ ਕੌਰ ਭੰਮਰਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!