ਮੋਗਾ (ਪੰਜ ਦਰਿਆ ਬਿਊਰੋ)
ਪੰਜਾਬ ਤੋਂ ਹਿਮਾਚਲ ਤੱਕ ਫੈਲ ਚੁੱਕੇ ਰੇਤਾ ਦੇ ਕਾਲੇ ਕਾਰੋਬਾਰ ਨੂੰ ਨੱਥ ਪਾਉਣ ਲਈ ਕੈਪਟਨ ਸਰਕਾਰ ਨਾਕਾਮ ਸਾਬਤ ਹੋਈ ਹੈ। ਇਥੇ ਧਰਮਕੋਟ ਖੇਤਰ ਕਾਨੂੰਨ ਨੂੰ ਛਿੱਕੇ ਟੰਗ ਕੇ ਰੇਤਾ ਦਾ ਕਾਲਾ ਕਾਰੋਬਾਰ ਜਾਰੀ ਹੈ। ਥਾਣਾ ਫ਼ਤਿਹਗੜ੍ਹ ਪੰਜਤੂਰ ਵਿਖੇ ਵਾਇਰਲ ਵੀਡੀਓ ਅਧਾਰ ਉੱਤੇ ਉਪ ਮੰਡਲ ਅਫ਼ਸਰ-ਕਮ-ਸਹਾਇਕ ਜ਼ਿਲ੍ਹਾ ਮਾਈਨਿੰਗ ਅਫ਼ਸਰ ਦੀ ਸ਼ਿਕਾਇਤ ਉੱਤੇ ਅਣਪਛਾਤੇ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਥਾਣਾ ਮੁਖੀ ਗੁਲਜਿੰਦਰਪਾਲ ਸਿੰਘ ਸੇਖੋਂ, ਸਹਾਇਕ ਜਿਲ੍ਹਾ ਮਾਈਨਿੰਗ ਅਫ਼ਸਰ ਬਲਵੀਰ ਸਿੰਘ, ਰਾਜਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ (ਦੋਵੇਂ ਮਾਈਨਿੰਗ ਇੰਸਪੈਕਟਰ) ਨੇ ਵੀਡੀਓ ’ਚ ਦਿਖਾਈ ਨਾਜਾਇਜ਼ ਮਾਈਨਿੰਗ ਸਥਾਨ ਦਾ ਮੌਕਾ ਵੀ ਦੇਖਿਆ। ਇਸ ਹਲਕੇ ਦੇ ਅਕਾਲੀ ਆਗੂਆਂ ਤੇ ਹੋਰ ਲੋਕਾਂ ਨੇ ਮੀਟਿੰਗ ਕਰਕੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਸੀ ਕਿ ਪਿੰਡ ਮੰਦਰ ਤੇ ਹੋਰ ਥਾਵਾਂ ਤੋਂ ਨਾਜਾਇਜ਼ ਮਾਈਨਿੰਗ ਬੰਦ ਕਰਵਾਈ ਜਾਵੇ, ਜਿਸ ਕਾਰਨ ਬੀਤੇ ਸਾਲ ਸਤਲੁਜ ਦਰਿਆ ਨੇ ਭਾਰੀ ਤਬਾਹੀ ਮਚਾਈ ਸੀ। ਪਿੰਡ ਮੰਦਰ ਤੇ ਹੋਰ ਥਾਵਾਂ ਤੋਂ ਨਾਜਾਇਜ਼ ਮਾਈਨਿੰਗ ਦੀ ਵਾਇਰਲ ਵੀਡੀਓ ਮਗਰੋਂ ਮਾਈਨਿੰਗ ਅਧਿਕਾਰੀਆਂ ਨੂੰ ਇਹ ਕੇਸ ਦਰਜ ਕਰਵਾਉਣਾ ਪਿਆ ਹੈ। ਪਿਛਲੀ ਸਰਕਾਰ ਤੋਂ ਲੈ ਕੇ ਹੁਣ ਤੱਕ ਦੀ ਸਰਕਾਰ ਮਾਈਨਿੰਗ ਦੇ ਦੋਸ਼ ਇੱਕ ਦੂਜੇ ’ਤੇ ਲਗਾ ਰਹੇ ਹਨ। ਸੂਤਰਾਂ ਅਨੁਸਾਰ ਸਿਆਸੀ ਆਗੂਆਂ ਦੇ ਬੇਨਾਮੀ ਹਿੱਸੇ ਰੱਖੇ ਹੋਏ ਹਨ। ਆਗੂਆਂ ਦੀ ਕਰੋੜਾਂ ਦੀ ਉਗਰਾਹੀ ਨੇ ਰੇਤਾ ਦੇ ਭਾਅ ਅਸਮਾਨ ਨੂੰ ਚਾੜ ਦਿੱਤੇ ਅਤੇ ਲੋਕਾਂ ਦੀ ਅੰਨ੍ਹੀ ਲੁੱਟ ਹੋਈ। ਜ਼ਿਲ੍ਹੇ ’ਚ ਸਤਲੁੱਜ ਦਰਿਆ ਨੇੜਲੇ ਪਿੰਡਾਂ ਵਿੱਚ ਕੁੱਲ ਅੱਠ ਖੱਡਾਂ ਹਨ, ਜਿਨ੍ਹਾਂ ਵਿੱਚੋਂ ਪਿੰਡ ਸੰਘੇੜਾ ਦੀ ਖੱਡ ਮਨਜੂਰ ਹੈ। ਮਾਫ਼ੀਆ ਨਿਯਮਾਂ ਨੂੰ ਛਿੱਕੇ ਟੰਗ ਕੇ ਖੱਡਾਂ ’ਚੋਂ ਆਧੁਨਿਕ ਤਕਨੀਕ ਪੋਕਲੇਨ ਮਸ਼ੀਨਾਂ ਨਾਲ 40 ਫੁੱਟ ਤੱਕ ਪੁਟਾਈ ਕਰ ਰਿਹਾ ਹੈ, ਜਦੋਂ ਕਿ ਨਿਯਮਾਂ ਅਨੁਸਾਰ ਸਿਰਫ 10 ਫੁੱਟ ਤੱਕ ਰੇਤਾ ਦੀ ਪੁਟਾਈ ਹੋ ਸਕਦੀ ਹੈ। ਜੇਸੀਬੀ ਮਸ਼ੀਨਾਂ ਨਾਲ ਹਰ ਰੋਜ਼ ਦਿਨ-ਰਾਤ ਸੈਂਕੜੇ ਵੱਡੇ ਟਿੱਪਰਾਂ ਤੋਂ ਇਲਾਵਾ ਟਰਾਲੀਆਂ’ਚ ਵੱਧ ਰੇਤਾ ਲੋਡ ਕਰਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਰਗੜਾ ਲਾਇਆ ਜਾ ਰਿਹਾ ਹੈ।