ਚੰਡੀਗੜ੍ਹ (ਰਜਿੰਦਰ ਭਦੌੜੀਆ, ਪੰਜ ਦਰਿਆ ਬਿਊਰੋ)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਹਰੋਂ ਆਉਣ ਵਾਲੇ ਲੋਕਾਂ ਤੋਂ ਸੂਬੇ ਵਿੱਚ ਕੋਵਿਡ ਦੇ ਫੈਲਾਅ ’ਤੇ ਗੰਭੀਰ ਚਿੰਤਾਵਾਂ ਜ਼ਾਹਰ ਕਰਦਿਆਂ ਬਾਹਰੀ ਸੂਬਿਆਂ ਖਾਸ ਕਰਕੇ ਦਿੱਲੀ ਤੋਂ ਸੂਬੇ ਵਿੱਚ ਦਾਖਲ ਹੋਣ ਵਾਲਿਆਂ ਦੀ ਸਖਤ ਜਾਂਚ ਕਰਨ ਲਈ ਆਖਿਆ ਕਿਉਂ ਜੋ ਦਿੱਲੀ ਵਿੱਚ ਸਥਿਤੀ ਕਾਬੂ ਤੋਂ ਬਾਹਰ ਹੈ।
ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਦਿੱਲੀ ਦੇ ਹਸਪਤਾਲ ਦੀ ਸਿਫਾਰਸ਼ ’ਤੇ ਇੱਥੇ ਬੈੱਡ ਰਾਖਵਾਂ ਕਰਵਾਉਣ ਉਪਰੰਤ ਪੰਜਾਬੀਆਂ ਦਾ ਕੋਵਿਡ ਦੇ ਇਲਾਜ ਲਈ ਦਿੱਲੀ ਤੋਂ ਪੰਜਾਬ ਆਉਣ ’ਤੇ ਸਵਾਗਤ ਹੈ। ਮੁੱਖ ਮੰਤਰੀ ਅੱਜ ‘ਕੈਪਟਨ ਨੂੰ ਸਵਾਲ’ ਦੀ ਅਗਲੀ ਲੜੀ ਤਹਿਤ ਫੇਸਬੁੱਕ ’ਤੇ ਲਾਈਵ ਹੁੰਦਿਆਂ ਇਕ ਸਵਾਲ ਦਾ ਜਵਾਬ ਦੇ ਰਹੇ ਸਨ।
ਦੂਜੇ ਸੂਬਿਆਂ ਨਾਲ ਲਗਦੀਆਂ ਪੰਜਾਬ ਦੀਆਂ ਸਰਹੱਦਾਂ ਨੂੰ ਸੀਲ ਕਰਨ ਦੇ ਮੁੱਦੇ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਨੇ ਪੰਜਾਬ ਨਾਲ ਲਗਦੇ ਆਪਣੇ ਬਾਰਡਰ ਸੀਲ ਕਰ ਦਿੱਤੇ ਹਨ ਪਰ ਹਰਿਆਣਾ ਅਤੇ ਦਿੱਲੀ ਤੋਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਆ ਰਹੇ ਹਨ। ਇਕੱਲੇ ਸ਼ੁੱਕਰਵਾਰ ਹੀ ਦਿੱਲੀ ਤੇ ਹਰਿਆਣਾ ਤੋਂ 6500 ਵਾਹਨ ਪੰਜਾਬ ਵਿੱਚ ਦਾਖਲ ਹੋਏ ਹਨ ਜਿਸ ਨਾਲ ਇਕ ਦਿਨ ਵਿੱਚ 20,000 ਨਵੇਂ ਲੋਕ ਪੰਜਾਬ ਆ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਪਾਜ਼ੇਟਿਵ ਕੇਸਾਂ ਦੀ ਵਧ ਰਹੀ ਗਿਣਤੀ ਨੂੰ ਦੇਖਦਿਆਂ ਉਨਾਂ ਦੀ ਸਰਕਾਰ ਸੂਬੇ ਵਿੱਚ ਦਾਖਲ ਹੋਣ ਦੇ ਨੇਮਾਂ ਨੂੰ ਹੋਰ ਸਖਤ ਕਰਨ ’ਤੇ ਵਿਚਾਰ ਕਰ ਰਹੀ ਹੈ। ਉਨਾਂ ਦੱਸਿਆ ਕਿ ਪੰਜਾਬ ਵਿੱਚ ਕੁੱਲ 2986 ਕੇਸਾਂ ਵਿੱਚੋਂ 1471 ਕੇਸਾਂ ਵਿੱਚ ਬਾਹਰੀ ਲੋਕਾਂ ਅਤੇ ਉਨਾਂ ਦੇ ਸੰਪਰਕ ਨੂੰ ਲੱਭਿਆ ਜਾ ਸਕਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਸੂਬਾ ਮੁਲਕ ਦੇ ਦੂਜੇ ਸੂਬਿਆਂ ਦੇ ਤੁਲਨਾਤਮਕ ਚੰਗਾ ਕਰ ਰਿਹਾ ਹੈ ਪਰ ਪੰਜਾਬ ਵਿੱਚ ਬਦਲ ਰਹੀਆਂ ਪ੍ਰਸਥਿਤੀਆਂ ਦੇ ਮੱਦੇਨਜ਼ਰ ਸਖਤ ਕਦਮ ਚੁੱਕਣ ਦੀ ਲੋੜ ਹੈ। ਉਨਾਂ ਕਿਹਾ ਕਿ ਕੋਈ ਵੀ ਬੰਦਿਸ਼ਾਂ ਪਸੰਦ ਨਹੀਂ ਕਰਦਾ ਪਰ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਖਾਤਰ ਉਨਾਂ ਨੂੰ ਹਫ਼ਤੇ ਦੇ ਅੰਤਲੇ ਦਿਨ ਅਤੇ ਛੁੱਟੀ ਵਾਲੇ ਦਿਨ ਮਜਬੂਰਨ ਰੋਕਾਂ ਲਾਉਣੀਆਂ ਪਈਆਂ। ਉਨਾਂ ਦੱਸਿਆ ਕਿ ਇਨਾਂ ਦਿਨਾਂ ਵਿੱਚ ਅੰਤਰ-ਰਾਜੀ ਆਵਾਜਾਈ ’ਤੇ ਬੰਦਿਸ਼ਾਂ ਵੀ ਬੇਲੋੜੇ ਸਮਾਜਿਕ ਮੇਲ-ਜੋਲ ਨੂੰ ਰੋਕਣ ਲਈ ਲਾਈਆਂ ਗਈਆਂ ਹਨ।
ਸੂਬੇ ਵਿੱਚ ਇਕ ਦਿਨ ’ਚ 117 ਕੇਸ ਵਧਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਸੂਬੇ ਵਿੱਚ ਲੋਕਾਂ ਦੀ ਆਮਦ ’ਚ ਵੱਡਾ ਵਾਧਾ ਹੋਣ ਦਾ ਕਾਰਨ ਦੱਸਿਆ। ਉਨਾਂ ਕਿਹਾ ਕਿ ਮਹਿਜ਼ ਇਕ ਮਹੀਨੇ ਵਿੱਚ ਲਗਪਗ 43000 ਲੋਕ ਸੂਬੇ ਵਿੱਚ ਆਏ ਹਨ। ਉਨਾਂ ਦੱਸਿਆ ਕਿ ਦੁਬਈ ਅਤੇ ਹੋਰਨਾਂ ਥਾਵਾਂ ਤੋਂ ਲੋਕਾਂ ਦੇ ਅੰਮਿ੍ਰਤਸਰ ਪਹੁੰਚਣ ਤੋਂ ਇਲਾਵਾ ਰੇਲ ਗੱਡੀਆਂ ਦਾ ਸਫਰ ਵੀ ਇਸ ਇਤਿਹਾਸਕ ਸ਼ਹਿਰ ਵਿੱਚ ਆ ਕੇ ਖਤਮ ਨਾਲ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ। ਉਨਾਂ ਕਿਹਾ ਕਿ ਤਿੰਨ ਸ਼ਹਿਰਾਂ ਅੰਮਿ੍ਤਸਰ, ਜਲੰਧਰ ਅਤੇ ਲੁਧਿਆਣਾ ਵਿੱਚ ਵੱਧ ਕੇਸ ਦੇਖੇ ਗਏ ਹਨ। ਉਨਾਂ ਕਿਹਾ ਕਿ ਪਠਾਨਕੋਟ, ਪਟਿਆਲਾ ਅਤੇ ਗੁਰਦਾਸਪੁਰ ਵਰਗੇ ਬਾਕੀ ਜ਼ਿਲਿਆਂ ਵਿੱਚ ਵੀ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਬੰਦਿਸ਼ਾਂ ਲਾਉਣੀਆਂ ਜ਼ਰੂਰੀ ਹਨ।
ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਟੈਸਟਿੰਗ ਵਧਣ ਕਰਕੇ ਹੋਰ ਕੇਸ ਰਿਕਾਰਡ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਸੂਬਾ ਸਰਕਾਰ ਟੈਸਟਾਂ ਦੀ ਗਿਣਤੀ ਵਧਾ ਕੇ ਇਕ ਦਿਨ ਵਿੱਚ 20,000 ਕਰਨ ਲਈ ਆਧੁਨਿਕ ਮਸ਼ੀਨਾਂ ਦੀ ਖਰੀਦ ਕਰਨ ਦੀ ਪ੍ਰਿਆ ਅਧੀਨ ਹੈ। ਉਨਾਂ ਦੱਸਿਆ ਕਿ ਹੁਣ ਤੱਕ 165000 ਟੈਸਟ ਕੀਤੇ ਜਾ ਚੁੱਕੇ ਹਨ। ਉਨਾਂ ਨੇ ਸਿਹਤ ਮਾਹਿਰਾਂ ਦੀ ਸਲਾਹ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਸ ਵੇਲੇ ਕੋਵਿਡ ਵਿਰੁੱਧ ਟੈਸਟਿੰਗ ਕਰਨਾ ਹੀ ਇਕੋ-ਇਕ ਦਵਾਈ ਹੈ। ਉਨਾਂ ਖੁਲਾਸਾ ਕੀਤਾ ਕਿ 2986 ਪਾਜ਼ੇਟਿਵ ਕੇਸਾਂ ਵਿੱਚੋਂ 2282 ਮਰੀਜ਼ ਠੀਕ ਹੋ ਗਏ ਹਨ ਜਦੋਂ ਕਿ 532 ਨੂੰ ਏਕਾਂਤਵਾਸ ਸਹੂਲਤ ਵਿੱਚ ਰੱਖਿਆ ਗਿਆ ਅਤੇ ਸਿਰਫ 9 ਉਚ ਨਿਰਭਰਤਾ ਯੂਨਿਟਾਂ ਤੇ 2 ਮਰੀਜ਼ ਵੈਟੀਲੈਂਟਰ ’ਤੇ ਹਨ।