ਅਸ਼ੋਕ ਵਰਮਾ
ਬਠਿੰਡਾ, 13 ਜੂਨ
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸਮੂਹ ਜੇ.ਈਜ਼, ਸਹਾਇਕ ਇੰਜੀਨੀਅਰ ਅਤੇ ਪਦ ਉਨਤ ਉਪ ਮੰਡਲ ਇੰਜੀਨੀਅਰਾਂ ਨੇ ਸੂਬਾ ਪੱਧਰੀ ਮੀਟਿੰਗ ਕਰਕੇ ਦਿਨ ਬਦਿਨ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਪਾਏ ਜਾ ਰਹੇ ਕਥਿਤ ਦਬਾਅ, ਮੁਕਤਸਰ ਸਰਕਲ ਅੰਦਰ ਪ੍ਰਾਈਵੇਟ ਏਜੰਸੀ ਤੋਂ ਬੇਲੋੜੀ ਪੜਤਾਲ ਕਰਵਾ ਕੇ ਖੱਜਲ ਖੁਆਰ ਕਰਨ ਖਿਲਾਫ ਅਤੇ ਹੋਰ ਸਮੱਸਿਆਵਾਂ ਲਈ ਸੰਘਰਸ਼ ਕਰਨ ਦਾ ਫੈਸਲਾ ਕੀਤਾ ਹੈ। ਸੁਬਾ ਪ੍ਰਧਾਨ ਸੁਖਮਿੰਦਰ ਸਿੰਘ ਲਵਲੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੀ ਕਾਰਵਾਈ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਸੁਬਾਈ ਜਨਰਲ ਸਕੱਤਰ ਕਰਮਜੀਤ ਸਿੰਘ ਬੀਹਲਾ ਅਤੇ ਵਿੱਤ ਸਕੱਤਰ ਕਮਰਜੀਤ ਸਿੰਘ ਨੇ ਦੱਸਿਆ ਕਿ ਇੰਜੀਨੀਅਰਾਂ ਤੇ ਗੈਰ ਤਕਨੀਕੀ ਕੰਮਾਂ ਦਾ ਬੋਝ ਇੰਨਾ ਵਧਾ ਦਿੱਤਾ ਗਿਆ ਹੈ ਕਿ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਗਏ ਹਨ। ਉਨਾਂ ਕਿਹਾ ਕਿ ਪਿੰਡਾਂ ’ਚ ਪਖਾਨੇ ਬਣਾਉਣੇ ਘਰੋਂ ਘਰੀ ਜਾ ਕੇ ਸੂਚੀਆਂ ਤਿਆਰ ਕਰਨੀਆਂ, ਜਲ ਸਪਲਾਈ ਜਾਰੀ ਰੱਖਣੀ, ਜਲ ਸ਼ਕਤੀ ਮਿਸ਼ਨ ਦੇ ਡਾਟੇ ਇਕੱਠੇ ਕਰਨੇ ਅਤੇ ਚੱਲ ਰਹੀਆਂ ਸਪਲਾਈਆਂ ਨੂੰ ਬਹਾਲ ਰੱਖਣ ਸਮੇਤ ਬਹੁਤ ਸਾਰੇ ਕੰਮ ਤੁਰੰਤ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ ਜਦੋਂਕਿ ਉੱਚ ਅਧਿਕਾਰੀਆਂ ਕੋਲ ਗੱਲਬਾਤ ਲਈ ਕੋਈ ਸਮਾਂ ਹੀ ਨਹੀਂ ਹੈ।
ਆਗੂਆਂ ਨੇ ਦੱਸਿਆ ਕਿ ਰਿਟਾਇਰ ਇੰਜੀਨੀਅਰਾਂ ਦੇ ਪੈਨਸ਼ਨ ਕੇਸ, ਏ.ਸੀ.ਪੀ. ਦੇ ਕੇਸ ਤੇ ਹੋਰ ਸਮਾਂਬੱਧ ਮਾਮਲੇ ਮੁੱਖ ਦਫਤਰ ਵਿਖੇ ਲੰਬੇ ਸਮੇਂ ਤੋਂ ਪੈਂਡਿੰਗ ਹਨ ਅਤੇ ਵਾਰ ਵਾਰ ਮਿਲਣ ਤੇ ਵੀ ਕੋਈ ਨਿਪਟਾਰਾ ਨਹੀ ਹੋ ਰਿਹਾ। ਉਨਾਂ ਦੱਸਿਆ ਕਿ ਪੰਜਾਬ ਦੇ ਇੰਜੀਨੀਅਰਾਂ ਨੇ ਸਰਵ ਸੰਮਤੀ ਨਾਲ ਫੈਸਲਾ ਕੀਤਾ ਹੈ ਕਿ 15 ਜੂਨ ਨੂੰ ਜਦੋਂ ਮੁਕਤਸਰ ਜੋਨ ਦੇ ਸਮੂਹ ਇੰਜੀਨੀਅਰ ਸਰਕਲ ਦਫਤਰ ਅੱਗੇ ਕੰਮ ਬੰਦ ਕਰਕੇ ਧਰਨਾ ਦੇਣਗੇ ਤਾਂ ਪੰਜਾਬ ਦੇ ਇੰਜੀਨੀਅਰਾਂ ਵੱਲੋਂ ਵੀ ਆਪੋ ਆਪਣੇ ਸਰਕਲਾਂ ਅੱਗੇ ਇਕੱਠੇ ਹੋ ਕੇ ਮੰਗਾਂ ਦੇ ਨਿਪਟਾਰੇ ਲਈ ਮੈਮੋਰੰਡਮ ਨਿਗਰਾਨ ਇੰਜੀਨੀਅਰਾਂ ਰਾਹੀਂ ਸਰਕਾਰ ਨੂੰ ਭੇਜਣਗੇ। ਇਸ ਉਪਰੰਤ ਵੀ ਜੇਕਰ ਮਸਲੇ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ। ਮੀਟਿੰਗ ਵਿੱਚ ਸੁਬਾਈ ਆਗੂ ਜਗਜੀਤ ਸਿੰਘ ਜਵੰਧਾ (ਲੁਧਿਆਣਾ), ਕੁਲਜੀਤ ਸਿੰਘ ਪਟਿਆਲਾ, ਇੰਜੀ: ਅਸ਼ਵਨੀ ਕੁਮਾਰ ਅੰਮਿ੍ਰਤਸਰ, ਕਰਮਜੀਤ ਖੋਖਰ (ਮਾਨਸਾ), ਜਲੌਰ ਸਿੰਘ ਸ੍ਰੀ ਮੁਕਤਸਰ ਸਾਹਿਬ, ਅਮਰਜੀਤ ਸਿੰਘ ਫਰੀਦਕੋਟ, ਜਗਦੀਪ ਸਿੰਘ ਤੇ ਹਰਿੰਦਰ ਸਿੰਘ ਬਠਿੰਡਾ, ਗੁਰਦੀਪ ਸਿੰਘ ਬਰਨਾਲਾ, ਮਨਿੰਦਰਪਾਲ ਸਿੰਘ ਸੰਗਰੂਰ, ਵਿਕਾਸ ਸੈਣੀ ਹੁਸ਼ਿਆਰਪੁਰ, ਗੁਰਮੁੱਖ ਸਿੰਘ, ਸਤਵਿੰਦਰਪਾਲ ਸਿੰਘ ਮਲੋਟ, ਅਜੇ ਪਾਲ ਤੇ ਗੁਰਜੀਤ ਸਿੰਘ ਪਟਿਆਲਾ ਆਦਿ ਆਗੂ ਮੌਜੂਦ ਸਨ।