
ਪੰਜ ਦਰਿਆ ਬਿਊਰੋ
“ਸੁਪਨਾ ਗੀਤ, ਹਰ ਉਸ ਪ੍ਰਦੇਸੀ ਦੇ ਦਿਲ ਦੀ ਗੱਲ ਹੈ, ਦਿਲ ਦਾ ਦਰਦ ਹੈ ਜਿਸਨੇ ਬਿਹਤਰ ਭਵਿੱਖ ਦੀ ਆਸ ਵਿੱਚ ਵਿਦੇਸ਼ਾਂ ਵੱਲ ਆਉਣ ਦਾ ਸੁਪਨਾ ਦੇਖਿਆ ਹੋਵੇਗਾ। ਇਹ ਅਜਿਹਾ ਗੀਤ ਹੋਵੇਗਾ, ਜਿਸ ਨੂੰ ਤੁਸੀਂ ਸਾਰੇ ਪਰਿਵਾਰ ਦੇ ਵਿਚਕਾਰ ਬੈਠਕੇ ਸੁਣ ਦੇਖ ਸਕੋਗੇ। ਗੀਤ ਦੇ ਬੋਲ ਤੇ ਵੀਡੀਓ ਦੇਖ ਕੇ ਆਪਣੇ ਪਰਿਵਾਰ ਅੱਗੇ ਨੀਵੀਂ ਨਹੀਂ ਪਾਉਣੀ ਪਵੇਗੀ।” ਉਕਤ ਵਿਚਾਰਾਂ ਦਾ ਪ੍ਰਗਟਾਵਾ ਮਰਹੂਮ ਗਾਇਕ ਰਾਜ ਬਰਾੜ ਦੇ ਚੇਲੇ ਵਜੋਂ ਸੰਗੀ ਰਹੇ ਗਾਇਕ ਗਿੱਲ ਸ਼ਾਂਤੀ ਨੇ “ਪੰਜ ਦਰਿਆ” ਨਾਲ ਵਿਸ਼ੇਸ਼ ਵਾਰਤਾ ਦੌਰਾਨ ਕੀਤਾ। ਜਿਕਰਯੋਗ ਹੈ ਕਿ ਗਿੱਲ ਸ਼ਾਂਤੀ ਪੰਜਾਬ ਦੇ ਪ੍ਰਸਿੱਧ ਪਿੰਡ ਢੁੱਡੀਕੇ ਦਾ ਜੰਮਪਲ ਹੈ। 1998 ਤੋਂ 2005 ਤੱਕ ਮਰਹੂਮ ਗਾਇਕ ਰਾਜ ਬਰਾੜ ਨਾਲ ਸਟੇਜਾਂ ‘ਤੇ ਵਿਚਰਣ ਤੋਂ ਬਾਅਦ 2006 ‘ਚ ਉਹ ਆਪਣੇ ਸੰਜੋਏ ਹੋਏ ਸੁਪਨੇ ਸੱਚ ਕਰਨ ਲਈ ਆਸਟਰੇਲੀਆ ਆ ਗਿਆ। ਵਿਦੇਸ਼ ਦੀ ਧਰਤੀ ‘ਤੇ 13 ਸਾਲ ਦਾ ਸੰਘਰਸ਼ ਤਨ ਮਨ ‘ਤੇ ਹੰਢਾਉਣ ਉਪਰੰਤ, ਗਾਇਕ ਰਾਜ ਬਰਾੜ ਦੀਆਂ ਹੱਲਾਸ਼ੇਰੀਆਂ ਤੇ ਥਾਪੜੇ ਨੂੰ ਦਿਲ ‘ਚ ਵਸਾ ਕੇ ਰੱਖਦਿਆਂ ਮੁੜ “ਸੁਪਨਾ” ਗੀਤ ਰਾਹੀਂ ਰੂਬਰੂ ਹੋਣ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ਾਂਤੀ ਗਿੱਲ ਆਪਣੇ ਵੱਡੇ ਭਰਾ ਕੁਲਵਿੰਦਰ ਗਿੱਲ ਦੀ ਦੇਖਰੇਖ ਹੇਠ ਸੰਗੀਤਕ ਖੇਤਰ ਦੀ 20 ਸਾਲ ਪੁਰਾਣੀ “ਮਾਇਆ ਰਿਕਾਰਡਜ਼” ਰਾਹੀਂ “ਸੁਪਨਾ” ਦੀ ਸਾਂਝ ਪਾਵੇਗਾ। ਕੁਲਵਿੰਦਰ ਗਿੱਲ ਆਪਣੇ ਆਪ ਵਿੱਚ ਇੱਕ ਸਥਾਪਿਤ ਨਾਂ ਹੈ, ਪੰਜਾਬੀ ਦੀ ਪ੍ਰਸਿੱਧ ਫਿਲਮ “ਬਾਗੀ” ਬਣਾਉਣ ਤੋਂ ਲੈ ਕੇ ਅਮਰ ਅਰਸ਼ੀ, ਸੁਰਜੀਤ ਭੁੱਲਰ ਵਰਗੇ ਗਾਇਕਾਂ ਨਾਲ ਵੀ ਜੁੜਿਆ ਰਿਹਾ ਹੈ। ਸ਼ਾਂਤੀ ਗਿੱਲ ਨੇ ਕਿਹਾ ਕਿ ਵੱਡੇ ਭਰਾ ਦੀਆਂ ਘੂਰਾਂ, ਸਲਾਹਾਂ, ਮੱਤਾਂ ਨੂੰ ਝੋਲੀ ਪੁਆ ਕੇ ਤਿਆਰ ਹੋਇਆ “ਸੁਪਨਾ” ਹਰ ਕਿਸੇ ਦੀ ਪਹਿਲੀ ਪਸੰਦ ਬਣੇਗਾ।ਇਸ ਗੀਤ ਨੂੰ ਲਿਖਿਆ ਹੈ ਜਸਵੀਰ ਨੇ ਅਤੇ ਸੰਗੀਤਕ ਧੁਨਾਂ ‘ਚ ਡੇਂਜਰ ਬੀਟਸ ਨੇ ਪ੍ਰੋਇਆ ਹੈ।