ਨਵੀਂ ਦਿੱਲੀ (ਪੰਜ ਦਰਿਆ ਬਿਊਰੋ)

ਸੜਕ ਆਵਾਜਾਈ ਤੇ ਹਾਈਵੇ ਮੰਤਰਾਲੇ ਨੇ ਮੋਟਰ ਵਾਹਨ ਦਸਤਾਵੇਜ਼ਾਂ ਦੀ ਵੈਲਿਡਿਟੀ 30 ਸਤੰਬਰ 2020 ਤਕ ਵਧਾਉਣ ਦਾ ਐਲਾਨ ਕੀਤਾ ਹੈ। ਇਸ ਦਾ ਮਤਲਬ ਹੈ ਕਿ ਫਿਟਨੈੱਸ ਸਰਟੀਫਿਕੇਟ, ਪਰਮਿਟ (ਹਰ ਤਰ੍ਹਾਂ ਦੇ), ਡਰਾਈਵਿੰਗ ਲਾਇਸੈਂਸ, ਰਜਿਸਟ੍ਰੇਸ਼ਨ ਸਮੇਤ ਹੋਰ ਦਸਤਾਵੇਜ਼ ਜਿਨ੍ਹਾਂ ਦੀ ਵੈਲੀਡਿਟੀ 1 ਫਰਵਰੀ, 2020 ਤੋਂ ਬਾਅਦ ਜਾਂ ਕਿਸੇ ਵੀ ਸਮੇਂ ਖ਼ਤਮ ਹੋ ਗਈ ਹੈ, ਉਹ 30 ਸਤੰਬਰ ਤਕ ਵੈਲਿਡ ਰਹਿਣਗੇ। ਇਹ ਉਨ੍ਹਾਂ ਲੋਕਾਂ ਲਈ ਸਹੂਲਤ ਹੈ ਜਿਹੜੇ ਕੋਰੋਨਾ ਵਾਇਰਸ ਦਾ ਪਸਾਰਾ ਰੋਕਣ ਲਈ ਲਾਕਡਾਊਨ ਕਾਰਨ ਆਪਣੇ ਦਸਤਾਵੇਜ਼ਾਂ ਨੂੰ ਰੀਨਿਊ ਕਰਵਾਉਣ “ਚ ਸਮਰੱਥ ਨਹੀਂ ਹਨ। ਪਹਿਲਾਂ ਇਹ ਸਮਾਂ ਹੱਦ 31 ਜੁਲਾਈ 2020 ਤਕ ਸੀ।
ਇਸ ਤੋਂ ਪਹਿਲਾਂ ਮੰਤਰਾਲੇ ਨੇ 30 ਮਾਰਚ ਨੂੰ ਇਕ ਐਡਵਾਇਜ਼ਰੀ ਜਾਰੀ ਕੀਤੀ ਜਿਸ ਵਿਚ 31 ਮਈ ਤਕ ਦਸਤਾਵੇਜ਼ ਨਵੀਨੀਕਰਨ ਦਾ ਵਿਸਤਾਰ ਕਰਨ ਦਾ ਐਲਾਨ ਕੀਤਾ ਗਿਆ ਸੀ। ਬਾਅਦ ‘ਚ ਇਸ ਨੂੰ 30 ਜੂਨ ਤਕ ਵਧਾਇਆ ਗਿਆ ਤੇ ਮਈ ਦੇ ਅਖੀਰ ਤਕ ਮੰਤਰਾਲੇ ਨੇ ਮੁੜ ਲਾਕਡਾਊਨ ਦੇ ਵਿਸਤਾਰ ਤੋਂ ਬਾਅਦ ਮਿਆਦ 31 ਜੁਲਾਈ ਤਕ ਵਧਾਈ ਸੀ।