
ਰਜਨੀ ਵਾਲੀਆ, ਕਪੂਰਥਲਾ
ਇੱਕ ਦਿਨ ਮੈਂ ਆਪਣੇਂ’
ਮਨ ਨੂੰ ਪੁੱਛਿਆ।
ਵੇ ਤੂੰ ਉਦਾਸ ਕਿਉਂ ਰਹਿੰਦਾ ਏਂ,
ਅੱਜ ਕੱਲ ਬੋਲਦਾ ਈ ਨੀ।
ਓ ਚੁੱਪ,
ਇੱਕ ਖਲਾਅ ਸੀ ਉਸਦੇ ਅੰਦਰ ,
ਬਹੁਤ ਕੁਝ ਖਿਲਰਿਆ ਫਿਰਦਾ ਸੀ।
ਉਸਦੇ ਅਚੇਤ ਮਨ ਦੀ ਬਾਰੀ,
ਖੁੱਲ੍ਹੀ ਰਹਿੰਦੀ ਸੀ ਅੱਜ ਕੱਲ,
ਕਿਉਂਕਿ ਉਸਦੇ ਦਿਲ ਦੀ,
ਜ਼ਮੀਨ ਉੱਤੇ ਖਿੱਲਰ ਚੁੱਕੇ ਸਨ।
ਉਸਦੇ,
ਜ਼ਜ਼ਬਾਤ,
ਅਹਿਸਾਸ,
ਅਰਮਾਨ,
ਉਮੀਦ,
ਤੇ,
ਆਸ ਦੇ ਸਭ ਦਾਣੇਂ।
ਕਿਉਂਕਿ ਜਦੋਂ ਅਸੀਂ ਆਪਣੀਂ,
ਰੂਹ ਦੇ ਨਾਲ ਜੇਨਿਊ,
ਵਾਂਗੂ ਕਿਸੇ ਨੂੰ ਧਾਰਨ ਕਰ ਲੈਂਦੇ ਹਾਂ।
ਤਾਂ ਅੱਖ ਮੀਟ ਕੇ ਵਿਸ਼ਵਾਸ ਹੋ ਜਾਂਦੈ।
ਉਸ ਪਾਕਮ ਪਾਕ ਫਰਿਸ਼ਤੇ ਤੇ,
ਅਚਾਨਕ ਦਿਲ ਦੀ ਧਰਤੀ,
ਭੁਚਾਲ ਨਾਲ ਕੰਬ ਜਾਂਦੀ ਏ,
ਰਾਤ ਸੁੱਤਿਆਂ ਪਿਆਂ ਐਸੀ,
ਬੇਵਿਸ਼ਵਾਸੀ ਦੀ ਹਨੇਰੀ ਝੁੱਲਦੀ ਏ,
ਕਿ ਸੀਤਾ ਮਾਤਾ ਵਾਂਗੂ,
ਅਗਨ ਵਾਸ ਕਰ ਲਿਆ ਜਾਵੇ।
ਜੀ ਕਰਦੈ ਧਰਤੀਏ,
ਵਿਹਲ ਤਾਂ ਦੇ ਤੇਰੇ ਵਿੱਚ ਸਮਾ ਜਾਵਾਂ।
ਅੱਗ ਡੀਕ ਲਾ ਕੇ ਪੀਣ ਨੂੰ,
ਕਿਉਂਕਿ,
ਉਸ ਵਿਸ਼ਵਾਸ ਪਾਤਰ ਨੇਂ,
ਭੇਜ ਦਿੱਤਾ ਹੁੰਦੈ,
ਗਮਾਂ ਦੇ ਡਾਕੀਏ ਹੱਥ,
ਵਿਛੋੜੇ ਦਾ ਨਾਵਲ,
ਤੇ ਜਿਸ ਨੂੰ,
ਪੜੀ ਜਾਣੈਂ।
ਤੇ,
ਸੜੀ ਜਾਣੈਂ ।
ਓਦੇ ਸਫੇ ਵੀ ਸਾਹਵਾਂ ਜਿੰਨੇ,
ਨਾ ਨਾਵਲ ਮੁੱਕੇ,
ਤੇ ਨਾ ਜਾਨ।