ਮਨਦੀਪ ਕੌਰ ਭੰਮਰਾ

ਬਹਿਸ਼ਤਾਂ ਵਿੱਚ ਕਿਤੇ ਲੱਭਦੀ ਨਹੀਂ ਛਾਂ
ਪਰਬਤਾਂ ਉੱਤੇ ਕਿਤੇ ਲੱਝਦੀ ਨਹੀਂ ਥਾਂ
ਉੱਡ ਕੇ ਮੈਂ ਕਿਹੜੇ ਅਸਮਾਨ ਤੇ ਜਾਵਾਂ
ਅਤੇ ਲੱਭ ਕੇ ਲਿਆਵਾਂ ਫਿਰ ਕਹਿਕਸ਼ਾਂ
ਚੁਫ਼ੇਰ ਵਿੱਚੋਂ ਭਾਲ਼ਦਾ ਹਾਂ ਮੈਂ ਅਮਨ ਨੂੰ
ਧਰਤ ਦੇ ਹਰ ਪਾਸੇ ਟੋਲ਼ਦਾ ਚਮਨ ਨੂੰ
ਸੁਰਤ ਵਿੱਚ ਉੱਗਿਆ ਮੇਰੇ ਘਾਹ ਫ਼ੂਸ
ਉਡੀਕਾਂ ਅੱਜ ਫੇਰ ਤੋਂ ਦੁਸ਼ਟ ਦਮਨ ਨੂੰ
ਸਮਝ ਆ ਜਾਂਦੀ ਜੇ ਕਿਸੇ ਨੂੰ ਜੀਣ ਦੀ
ਰਮਜ਼ ਹੋਰ ਕੋਈ ਹੁੰਦੀ ਜੀਣ ਥੀਣ ਦੀ
ਅਜਬ ਹੁੰਦਾ ਨਜ਼ਾਰਾ ਜੀਵਨ ਦਾ ਫੇਰ
ਕਦਰ ਹੁੰਦੀ ਦੂਸਰੇ ਦੇ ਜ਼ਖਮ ਸੀਣ ਦੀ
ਅਮਰ ਵੇਲ ਦਾ ਫ਼ੈਲਾਅ ਸੋਚਾਂ ਦੇ ਡੇਰੇ
ਚੰਦਨ ਦੇ ਬਿਰਖ ਨੂੰ ਨੇ ਸੱਪਾਂ ਦਾ ਘੇਰੇ
ਮਾਚਸ ਲੁਕੋ ਲਵੋ ਅੱਗ ਤੋਂ ਬਚਣ ਲਈ
ਵਿਚਾਰ ਕਿਸਦੇ ਹਨ ਨਾ ਮੇਰੇ ਨਾ ਤੇਰੇ
ਮੱਸਿਆ ਦੀ ਰਾਤ ਦੀ ਇਹ ਸਿਆਹੀ
ਵਕਤ ਅਸਾਡੇ ਦੇ ਹੈ ਹਿੱਸੇ ਅੱਜ ਆਈ
ਸੂਰਜ ਨਿਕਲ਼ੇਗਾ ਕੋਈ ਜੱਗੋਂ ਨਿਰਾਲਾ
ਲਿਸ਼ਕੇਗਾ ਚੁਫ਼ੇਰੇ ਕੋਈ ਨੂਰ ਇਲਾਹੀ
ਸੁਪਨਾ ਹੀ ਨਹੀਂ ਤੁਸੀਂ ਯਕੀਨ ਰੱਖਣਾ
ਪੁੱਤ ਨੂੰ ਕਹੇਗੀ ਹਮੇਸ਼ਾ ਹੀ ਮਾਂ ਮੱਖਣਾ
ਸੂਝ ਬੂਝ ਦੀ ਸਦਾ ਹੁੰਦੀ ਰਹੀ ਪਰਖ
ਔਖਾ ਹੀ ਹੁੰਦੈ ਸੱਚ ਦਾ ਸੁਆਦ ਚੱਖਣਾ
ਕਤਰਾ ਠੰਡਕ ਦਾ ਵੀ ਮਿਲ਼ੇਗਾ ਜ਼ਰੂਰ
ਕਰਾਂਗੇ ਬਾਤਾਂ ਬਹਿਕੇ ਗੁਰਾਂ ਦੇ ਹਜ਼ੂਰ
ਬਹਿਸ਼ਤ ਬਣੇਗੀ ਸਾਡੀ ਇਹ ਧਰਤੀ
ਮਾਣਾਂਗੇ ਅਸੀਂ ਸਾਰੇ ਚੈਨ ਅਤੇ ਸਰੂਰ!
-ਮਨਦੀਪ ਕੌਰ ਭੰਮਰਾ