4.2 C
United Kingdom
Saturday, March 7, 2026

More

    ਕਮਿਊਨਿਸਟਾਂ ਦਾ ਕਦੀ ਕੋਈ ‘ਹਿਡਨ ਏਜੰਡਾ’ (ਗੁਪਤ ਏਜੰਡਾ) ਨਹੀਂ ਹੁੰਦਾ!

    ਮੰਗਤ ਰਾਮ ਪਾਸਲਾ 


    ਕਰੋਨਾ ਮਹਾਮਾਰੀ ਦੇ ਦੌਰ ’ਚ ਲਾਕਡਾਊਨ ਦੌਰਾਨ ਅੰਤਰਰਾਜੀ ਮਜ਼ਦੂਰਾਂ ਦੀ ਹੋ ਰਹੀ ਦੁਰਦਸ਼ਾ ਬਾਰੇ ਮਗਰਮੱਛ ਦੇ ਹੰਝੂ ਵਹਾਉਂਦਿਆਂ ਸੰਘ ਪਰਿਵਾਰ ਦੇ ਕਰੀਬੀ ਮੈਂਬਰ ਤੇ ਭਾਜਪਾ ਆਗੂ ਮਾਸਟਰ ਮੋਹਨ ਲਾਲ ਜੀ ਨੇ ਅੰਤਰਰਾਜੀ ਕਾਮਿਆਂ ਦੀ ਕੀਤੀ ‘ਕਥਿਤ ਅਣਦੇਖੀ’ ਬਾਰੇ ਦੱਸ ਕੇ ਸਾਰੀਆਂ ਹੀ ਕਮਿਊਨਿਸਟ ਧਿਰਾਂ ਨੂੰ ਕਟਿਹਿਰੇ ’ਚ ਖੜ੍ਹਾ ਕਰਨ ਵਾਲਾ ਇਕ ਲੇਖ ‘‘ਜਿਨ੍ਹੇ ਨਾਜ਼ ਥਾ ‘ਹਿੰਦ’ ਪਰ ਵੋ ਕਹਾਂ ਹੈ’’ ਦੇ ਸਿਰਲੇਖ ਹੇਠਾਂ ਲਿਖਿਆ ਹੈ। ਇਸ ਲੇਖ ਦੀ ਇਸ ਪੱਖੋਂ ਮੈਂ ਸ਼ਲਾਘਾ ਕਰਦਾ ਹਾਂ ਕਿ ਉਨ੍ਹਾਂ ਨੇ ਸਮਾਜ ਦੇ ਸਭ ਤੋਂ ਪੀੜਤ ਵਰਗ ਉਪਰ, ਲਾਕਡਾਊਨ ਦੌਰਾਨ ਜੋ ਦੁੱਖਾਂ ਦਾ ਪਹਾੜ ਡਿਗਿਆ ਹੈ, ਉਸ ਵੱਲ ਪੂਰਾ ਧਿਆਨ ਨਾ ਦਿੱਤੇ ਜਾਣ ਦਾ ਉਲਾਂਭਾ ਕਮਿਊਨਿਸਟਾਂ ਨੂੰ ਦਿੱਤਾ ਹੈ, ਜੋ ਕਿਰਤੀ ਵਰਗ ਦੇ ਨਿਰਵਿਵਾਦ ਸਭ ਤੋਂ ਨੇੜੇ ਦੇੇ ਸਹਿਯੋਗੀ ਤੇ ਮਦਦਗਾਰ ਮੰਨੇ ਜਾਂਦੇ ਹਨ। ਵਿਚਾਰਧਾਰਕ ਵਿਰੋਧੀ ਵਲੋਂ ਕੀਤੀ ਗਈ ਉਹ ਨੁਕਤਾਚੀਨੀ ਵੀ ਕਮਿਊਨਿਸਟਾਂ ਨੂੰ ਬੁਰੀ ਨਹੀਂ ਲੱਗਦੀ, ਜੋ ਤੱਥਾਂ ਦੇ ਅਧਾਰ ’ਤੇ ਉਨ੍ਹਾਂ ਦੀ ਕਿਸੇ ਕਮਜ਼ੋਰੀ ਉਪਰ ਉਂਗਲ ਧਰੇ। ਭਾਵੇਂ ਦੇਸ਼ ਪੱਧਰ ’ਤੇ  ਅਤੇ ਪੰਜਾਬ ਅੰਦਰ ਖਾਸਕਰ ਕਮਿਊਨਿਸਟਾਂ ਪਾਰਟੀਆਂ ਤੇ ਜਨਤਕ ਜਥੇਬੰਦੀਆਂ ਨੇ ਵੱਡੀ ਪੱਧਰ ’ਤੇ ਕਰੋਨਾ ਮਹਾਂਮਾਰੀ ਦੇ ਲਾਕਡਾਊਨ ਦੌਰਾਨ ਪੀੜਤ ਲੋਕਾਂ ਦੀ ਸਹਾਇਤਾ ਵੀ ਕੀਤੀ ਹੈ ਤੇ ਹੋ ਰਹੀਆਂ ਧੱਕੇਸ਼ਾਹੀਆਂ ਵਿਰੁੱਧ ਆਵਾਜ਼ ਵੀ ਉਠਾਈ ਹੈ, ਪ੍ਰੰਤੂ ਇਹ ਸਭ ਕੁੱਝ ਨਾ ਕਾਫੀ ਹੈ ਤੇ ਅੱਗੋਂ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। ਅਫਸੋਸ (ਹੈਰਾਨੀ ਨਹੀਂ) ਇਸ ਗੱਲ ਦਾ ਹੈ ਕਿ ਮੋਦੀ ਸਰਕਾਰ ਦਾ ਇਕ ਪ੍ਰਬਲ ਪ੍ਰਸ਼ੰਸਕ ਇਸ ਮੁਢਲੀ ਗੱਲ ਨੂੰ ਹੀ ਭੁਲ ਗਿਆ ਜਾਪਦਾ ਹੈ ਕਿ ਦੇਸ਼ ਵਿਆਪੀ ਲਾਕਡਾਊਨ ਦੌਰਾਨ ਜੋ ਸੰਤਾਪ ਦੇਸ਼ ਭਰ ’ਚ ਅੰਤਰਰਾਜੀ ਕਾਮੇ ਤੇ ਹੋਰ ਲੋਕ ਝੱਲ ਰਹੇ ਹਨ, ਉਸ ਲਈ ਮੁੱਖ ਰੂਪ ’ਚ ਕੇਂਦਰ ਦੀ ਮੋਦੀ ਸਰਕਾਰ ਜ਼ਿੰਮੇਵਾਰ ਹੈ। ਲਾਕਡਾਊਨ ਲਾਗੂ ਕਰਨ ਤੋਂ ਪਹਿਲਾਂ ਇਹ ਕੰਮ ਕਰਨਾ ਕਿੰਨਾ ਕੁ ਮੁਸ਼ਕਿਲ ਸੀ, ਜੋ ਮੋਦੀ ਸਰਕਾਰ ਨਹੀਂ ਕਰ ਸਕੀ ਕਿ ਕਰੋੜਾਂ ਦੀ ਗਿਣਤੀ ਮਜ਼ਦੂਰਾਂ ਨੂੰ, ਜੋ ਸਾਰੇ ਹੀ ਪ੍ਰਾਂਤਾਂ ਨਾਲ ਸੰਬੰਧਤ ਹਨ ਤੇ ਪੂਰੇ ਦੇਸ਼ ’ਚ ਹੀ ਕੰਮ ਦੀ ਤਲਾਸ਼ ’ਚ ਫੈਲੇ ਹੋਏ ਹਨ, ਕੁਝ ਕੁ ਦਿਨਾਂ ਅੰਦਰ ਰੇਲਗੱਡੀਆਂ, ਬੱਸਾਂ, ਹਵਾਈ ਜਹਾਜ਼ਾਂ, ਟੈਕਸੀਆਂ ਇਤਿਆਦਿ ਸਾਧਨਾਂ ਰਾਹੀਂ ਘਰੋਂ-ਘਰੀ ਪਹੁੰਚਾਇਆ ਜਾਂਦਾ। ਜੇਕਰ ਮੋਦੀ ਸਰਕਾਰ ਅਜਿਹਾ ਕਰਨ ਦੇ ਅਸਮਰਥ ਸੀ ਤਾਂ ਵੀ ਘੱਟੋ ਘੱਟ ਜਿਥੇ-ਜਿਥੇ ਵੀ ਕਿਤੇ ਇਸ ਦੇਸ਼ ਦੇ ਅਸਲ ਮਾਲਕ ਪ੍ਰਵਾਸ ਕਰੀ ਬੈਠੇ ਸਨ, ਸਰਕਾਰ ਉਨ੍ਹਾਂ ਨੂੰ ਪੇਟ ਭਰਵੀਂ ਰੋਟੀ (ਤੇ ਭੋਜਨ ਨਾਲ ਸਬੰਧਤ ਦੂਸਰੀਆਂ ਵਸਤਾਂ) ਘਰ-ਘਰ ਪਹੁੰਚਾਉਣ ਦਾ ਇੰਤਜ਼ਾਮ ਕਰਦੀ ਤੇ ਬਾਕੀ ਖਰਚਿਆਂ ਲਈ ਪ੍ਰਤੀ ਪਰਿਵਾਰ ਘੱਟੋ-ਘੱਟ ਦਸ ਹਜ਼ਾਰ ਰੁਪਏ ਨਕਦ ਰਕਮ ਤਾਂ ਦਿੰਦੀ, ਜੋ ਬਿਲਕੁਲ ਹੀ ਸੰਭਵ ਸੀ। ਪ੍ਰੰਤੂ ਇਹ ਸਾਰਾ ਕੁੱਝ ਨਹੀਂ ਕੀਤਾ ਗਿਆ। ਇਸੇ ਕਰਕੇ ਲੱਖਾਂ ਕਾਮੇ ਆਪਣੇ ਸਿਰਾਂ ਉਪਰ ਸਾਰੇ ਘਰ ਨੂੰ ਚੁੱਕ ਕੇ ਤੇ ਪੇਟੋਂ ਭੁੱਖੇ ਰਹਿਕੇ ਹਜ਼ਾਰਾਂ ਮੀਲਾਂ ਦਾ ਅਣਜਾਣਿਆ ਸਫਰ ਤੈਅ ਕਰਨ ਲਈ ਔਝੜ ਰਾਹਾਂ ’ਤੇ ਨਿਕਲ ਤੁਰੇ। ਜੇਕਰ ਸੜਕ ਦੇ ਕੰਢੇ ਤੇ ਤੁਰਦੇ ਹਨ ਤਾਂ ਪੁਲਸ ਦੀਆਂ ਡਾਂਗਾਂ, ਤੇ ਉਥੋਂ ਜੇਕਰ ਭੱਜ ਕੇ ਰੇਲਵੇਂ ਲਾਈਨ ਦਾ ਸਹਾਰਾ ਲੈ ਕੇ ਘਰ ਦਾ ਪੈਂਡਾ ਤੈਅ ਕਰਨ ਦਾ ਉਪਰਾਲਾ ਕਰਦੇ ਹਨ ਤਾਂ ਉਥੇ ਵੀ ਉਹੀ ਸਮ੍ਹਾਂ ਵਾਲੀਆਂ ਡਾਂਗਾਂ ਸਿਰਾਂ ’ਚ ਵੱਜਦੀਆਂ ਹਨ। ਪ੍ਰੰਤੂ ਮਾਸਟਰ ਮੋਹਨ ਲਾਲ ਜੀ, ਦੇਸ਼ ਦੀ ਮੋਦੀ ਸਰਕਾਰ ਤੇ ਉਸਦੇ ਪੈਰੋਕਾਰ, ਜਿਸਨੇ ਇਹ ਸਾਰੇ ਕਦਮ ਪੁੱਟਣੇ ਸਨ, ਉਹ ਤਾਂ ਗਊ ਮੂਤਰ ਤੇ ਗਊ ਗੋਬਰ ਰਾਹੀਂ ਜਾਂ ਘੰਟੀਆਂ ਖੜਕਾ ਕੇ ਕਰੋਨਾ ਦੇ ਇਲਾਜ ਕਰਨ ਦਾ ਪ੍ਰਚਾਰ ਕਰਦੇ ਰਹੇ ਤੇ ਬਾਕੀ ਇਸ ਮਹਾਂਮਾਰੀ ਦੇ ਫੈਲਣ ਲਈ ਮੁਸਲਮਾਨਾਂ ਨੂੰ ਜ਼ਿੰਮੇਵਾਰ ਠਹਿਰਾਉਣ ’ਚ ਹੀ ਮਗਨ ਰਹੇ? ਇਸ ਤੋਂ ਵੀ ਅੱਗੇ ਜਾ ਕੇ ਮੋਦੀ ਸਰਕਾਰ ਤੇ ਸੰਘ ਸਮਰਥਕ ਇਲੈਕਟਰਾਨਿਕ ਮੀਡੀਆ ਦਾ ਸਾਰਾ ਜ਼ੋਰ ਵਿਰੋਧੀ ਧਿਰਾਂ ਨੂੰ ਨਿੰਦਣ, ਅਗਾਂਹ ਵਧੂ ਲੋਕਾਂ ਨੂੰ ਦੇਸ਼ ਧ੍ਰੋਹੀ ਦੱਸ ਕੇ ਜੇਲ੍ਹੀ ਡੱਕਣ ਤੇ ਗੁਆਂਢੀ ਦੇਸ਼ਾਂ, ਖਾਸਕਰ ਚੀਨ ਤੇ ਪਾਕਿਸਤਾਨ ਵਿਰੁੱਧ ਹਰ ਕਿਸਮ ਦੇ ਕੂੜ ਪ੍ਰਚਾਰ ਕਰਨ ’ਚ ਹੀ ਲੱਗਾ ਰਿਹਾ, ਜਿਸ ਨੂੰ ਦੇਖਕੇ ਹਰ ਸੰਵੇਦਨਸ਼ੀਲ ਤੇ ਵਿਗਿਆਨਕ ਸੋਚ ਦਾ ਧਾਰਨੀ ਵਿਅਕਤੀ ਸ਼ਰਮਸ਼ਾਰ ਹੋ ਜਾਂਦਾ ਹੈ। ਮੇਰੇ ਮਿੱਤਰ ਮਾਸਟਰ ਜੀ ਨੇ ਕਮਿਊਨਿਸਟਾਂ ਉਪਰ ਧਾਵਾ ਇਸ ਤਰ੍ਹਾਂ ਬੋਲ ਦਿੱਤਾ ਹੈ, ਜਿਵੇਂ ਦੇਸ਼ ਦੇ ਰਾਜ ਭਾਗ ’ਤੇ ਕਮਿਊਨਿਸਟ ਸਰਕਾਰ ਬਿਰਾਜਮਾਨ ਹੋਵੇ ਤੇ ਉਹ ਸੰਘ ਪਰਿਵਾਰ ਵਲੋਂ ਵਿਰੋਧੀ ਧਿਰ ’ਚ ਬੈਠ ਕੇ ਉਸਦੀਆਂ ਕਮਜ਼ੋਰੀਆਂ ਉਪਰ ਉਂਗਲ ਧਰ ਰਹੇ ਹੋਣ। ਕਮਿਊਨਿਸਟਾਂ ਵਿਰੁੱਧ ਅੰਨ੍ਹੀ ਨਫਰਤ ਦਾ ਸ਼ਿਕਾਰ ਮਾਸਟਰ ਜੀ ਇਹ ਵੀ ਭੁਲ ਗਏ ਕਿ ਜਿਨ੍ਹਾਂ ਕਮਿਊਨਿਸਟ ਆਗੂਆਂ ਤੋਂ ਉਹ ਸਵਾਲ ਪੁੱਛ ਰਹੇ ਹਨ (ਜਿਵੇਂ ਪਠਾਨਕੋਟ ਤੋਂ ਕਾਮਰੇਡ ਹਰਦੀਪ ਸਿੰਘ) ਉਹ ਤਾਂ ਕਾਫ਼ੀ ਚਿਰ ਪਹਿਲਾਂ ਸਵਰਗਵਾਸ ਹੋ ਚੁੱਕੇ ਹਨ। ਉਂਝ ਸ਼ਾਇਦ ਸੰਘ ਫਲਸਫੇ ਅਨੁਸਾਰ ਬੰਦੇ ਦੇ ਮਰਨ ਤੋਂ ਬਾਅਦ ਉਸਦੀ ਰੂਹ ਨਾਲ ਵੀ ਗੱਲਬਾਤ ਕੀਤੀ ਜਾ ਸਕਦੀ ਹੋਵੇ!  ਇਸ ਕਰੋਨਾ ਮਹਾਂਮਾਰੀ ਦੇ ਦੌਰ ’ਚ ਆਪਣੀ ਸਮਰੱਥਾ ਅਨੁਸਾਰ ਲੁਧਿਆਣਾ, ਅੰਮਿ੍ਰਤਸਰ, ਤਰਨਤਾਰਨ, ਮੋਹਾਲੀ, ਬਰਨਾਲਾ, ਹੁਸ਼ਿਆਰਪੁਰ, ਗੁਰਦਾਸਪੁਰ, ਬਠਿੰਡਾ, ਜਲੰਧਰ, ਪਠਾਨਕੋਟ ਆਦਿ ਜ਼ਿਲ੍ਹਿਆਂ ਅੰਦਰ ਆਰ.ਐਮ.ਪੀ.ਆਈ. ਤੇ ਦੂਸਰੇ ਕਮਿਊਨਿਸਟ ਦਲਾਂ ਨੇ ਆਮ ਲੋਕਾਂ ਦੀ ਸਹਾਇਤਾ ਨਾਲ ਭੁੱਖੇ ਮਰ ਰਹੇ ਮਜ਼ਦੂਰਾਂ, ਜਿਨ੍ਹਾਂ ’ਚ ਵੱਡੀ ਗਿਣਤੀ ਅੰਤਰਰਾਜੀ ਮਜ਼ਦੂਰਾਂ ਦੀ ਸੀ, ਲਈ ਲੰਗਰ ਲਗਾਏ ਤੇ ਨਕਦ ਪੈਸੇ ਦੇ ਕੇ ਇਸ ਦੁੱਖ ਦੀ ਘੜੀ ’ਚ ਉਨ੍ਹਾਂ ਸੰਗ ਖੜ੍ਹੇ ਹੋਣ ਦਾ ਆਪਣਾ ਫਰਜ਼ ਅਦਾ ਕੀਤਾ। ਇਸ ਤੋਂ ਵੀ ਜ਼ਿਆਦਾ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਕਾਂਗਰਸ ਸਰਕਾਰ (ਜੋ ਮਾਸਟਰ ਜੀ ਨੂੰ ਪੀੜਤ ਲੋਕਾਂ ਦੇ ਹੱਕ ’ਚ ਬਹੁਤ ਕੁਝ ਕਰਦੀਆਂ ਦਿਖਾਈ ਦਿੰਦੀਆਂ ਹਨ) ਵਲੋਂ ਲੋੜਵੰਦਾਂ ਦੀ ਸਹਾਇਤਾ ਕਰਨ ਵਿਚ ਕੀਤੀਆਂ ਜਾ ਰਹੀਆਂ ਵਿਤਕਰੇਬਾਜ਼ੀਆਂ, ਬੇਨਿਯਮੀਆਂ ਤੇ ਹੇਰਾਫੇਰੀਆਂ ਦਾ ਪਰਦਾਫਾਸ਼ ਕਰਕੇ ਪੀੜਤ ਲੋਕਾਂ ਦੀ ਸਹਾਇਤਾ ਕੀਤੀ। ਕਮਾਲ ਦੀ ਗੱਲ ਇਹ ਹੈ ਕਿ ਮਾਸਟਰ ਮੋਹਨ ਲਾਲ ਜੀ ਨੇ ਲੋਕਾਂ ਦੀਆਂ ਸਾਰੀਆਂ ਦੁਖ ਤਕਲੀਫ਼ਾਂ ਲਈ ਜ਼ਿੰਮੇਵਾਰ ਮੋਦੀ ਸਰਕਾਰ ਤੇ ਸੂਬਾਈ ਭਾਜਪਾ ਸਰਕਾਰਾਂ ਨੂੰ ਕੀਤੇ ਗੁਨਾਹਾਂ ਸਦਕਾ ਕਟਹਿਰੇ ’ਚ ਖੜ੍ਹਾ ਕਰਨ ਲਈ ਤਾਂ ਇਕ ਸ਼ਬਦ ਵੀ ਨਹੀਂ ਕਿਹਾ, ਪ੍ਰੰਤੂ ਜਿਹੜੇ ਲੋਕ (ਕਮਿਊਨਿਸਟ) ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਹੋਏ ਮਜ਼ਦੂਰ ਜਮਾਤ ਲਈ ਆਪਣੀ ਸਮਰੱਥਾ ਅਨੁਸਾਰ ਦਿਨ ਰਾਤ ਇਕ ਕਰ ਰਹੇ ਹਨ, ਉਨਾਂ ਨੂੰ ਨਿੰਦਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਇਕ ਹੋਰ ਸਲਾਹ ਹੈ ਮਾਸਟਰ ਜੀ ਨੂੰ! ਇਸ ਬਿਪਤਾ ਦੇ ਦੌਰ ’ਚ ਜਦੋਂ ਦੇਸ਼ ਦੇ ਸਾਰੇ ਰਾਜਨੀਤਕ ਦਲਾਂ ਤੇ ਆਮ ਲੋਕਾਂ ਨੂੰ ਇਕਮੁੱਠ ਹੋ ਕੇ ਇਕ-ਦੂਸਰੇ ਦੀ ਬਾਂਹ ਫੜ੍ਹਨੀ ਚਾਹੀਦੀ ਹੈ, ਉਸ ਸਮੇਂ ਮੋਦੀ ਸਰਕਾਰ ਦਾ ਛਿਛਕਾਰਿਆ ਇਲੈਕਟਰਾਨਿਕ ਮੀਡੀਆ, ਹਿੰਦੂਆਂ-ਮੁਸਲਮਾਨਾਂ ’ਚ ਪਾੜ ਪਾ ਕੇ ਸੰਘ ਦੇ ‘ਫਿਰਕੂ ਫਾਸ਼ੀਵਾਦੀ’ ਏਜੰਡੇ ਨੂੰ ਅੱਗੇ ਵਧਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ, ਉਸਨੂੰ ਰੋਕਣ ਲਈ ਮੋਦੀ ਸਰਕਾਰ ’ਤੇ ਦਬਾਅ ਜ਼ਰੂਰ ਪਾਉਣ। ਸੰਭਵ ਹੈ ਮਾਸਟਰ ਜੀ ਵਰਗੇ ਸੰਵੇਦਨਸ਼ੀਲ ਵਿਅਕਤੀ ਨੂੰ ਅੰਤਰਰਾਜੀ ਮਜ਼ਦੂਰਾਂ ਦੀ ਹਾਲਤ ਦੇਖ ਕੇ ਰਾਤ ਨੂੰ ਨੀਂਦ ਨਹੀਂ ਆਉਂਦੀ ਹੋਵੇਗੀ। ਇਸ ਸੰਵੇਦਨਾ ’ਚ ਉਹ ਸੰਘ ਮੁਖੀ ਮੋਹਨ ਭਾਗਵਤ ਜੀ ਨੂੰ ਇਹ ਤਾਂ ਦੱਸ ਹੀ ਸਕਦੇ ਹਨ ਕਿ ‘‘ਜਿਸ ‘ਹਿੰਦੂ ਰਾਸ਼ਟਰ’ ਦੇ ਕਾਇਮ ਕਰਨ ਦੀ ਯੋਜਨਾ ਉਹ ਬਣਾਈ ਬੈਠੇ ਹਨ, ਤੜਪਦੇ ਤੇ ਭੁੱਖੇ ਮਰ ਰਹੇ ਪ੍ਰਵਾਸੀ ਮਜ਼ਦੂਰਾਂ ’ਚ ਕਿਉਂਕਿ ਸਭ ਤੋਂ ਵੱਧ ਗਿਣਤੀ ਹਿੰਦੂ ਮਜ਼ਦੂਰ ਔਰਤਾਂ ਦੀ ਹੀ ਹੈ, ਕ੍ਰਿਪਾ ਕਰਕੇ ਉਨ੍ਹਾਂ ਲਈ ਹੀ ਕੁਝ ਕਰੋ!’’ ਨਹੀਂ, ਅਜਿਹਾ ਮਾਸਟਰ ਜੀ ਕਦੀ ਨਹੀਂ ਕਹਿਣਗੇ, ਕਿਉਂਕਿ ਉਹ ਭਲੀ ਭਾਂਤ ਜਾਣਦੇ ਹਨ ਕਿ ਸੰਘ ਤੇ ਭਾਜਪਾ ‘ਹਿੰਦੂ’ ਧਰਮ ਦੀ ਵਰਤੋਂ ਸਿਰਫ ਸੱਤਾ ਪ੍ਰਾਪਤ ਕਰਕੇ ਪੂੰਜੀਪਤੀ ਵਰਗ ਦੀ ਸੇਵਾ ਕਰਨ ਲਈ ਹੀ ਕਰਦੇ ਹਨ। ਅਸਲ ’ਚ ਸੰਘ ਦਾ ਏਜੰਡਾ ਦੇਸ਼ ਦੇ ਕਿਰਤੀ  ਹਿੰਦੂ ਲੋਕਾਂ ਦੇ ਭਲਾਈ ਵਾਲੇ ਰਾਜ ਦੀ ਸਥਾਪਨਾ ਨਹੀਂ, ਬਲਕਿ ਫਿਰਕੂ ਵਿਚਾਰਧਾਰਾ ਦੀ ਚਾਸ਼ਨੀ ਚਾੜ੍ਹ ਕੇ ਇਕ ਧਰਮ ਅਧਾਰਤ ਰਾਜ ਕਾਇਮ ਕਰਨ ਤੱਕ ਹੀ ਸੀਮਤ ਹੈ, ਜਿਥੇ ਹਰ ਧਰਮ ਨਾਲ ਸੰਬੰਧਤ ਕਾਰਪੋਰੇਟ ਘਰਾਣੇ ਤੇ ਧਨਵਾਨ ਲੋਕ ਸਾਰੇ ਹੀ ਧਰਮਾਂ ਦੇ ਕਿਰਤੀ ਲੋਕਾਂ ਦਾ ਖੂਨ ਪੀ ਕੇ ਪੂੰਜੀ ਇਕੱਤਰ ਕਰ ਸਕਣ ਤੇ ਵਿਸ਼ਾਲ ਗਿਣਤੀ ’ਚ ਮਿਹਨਤਕਸ਼ ਲੋਕ, ਜਿਨ੍ਹਾਂ ਵਿਚ ਸਾਰੇ ਹੀ ਧਰਮਾਂ, ਜਾਤਾਂ, ਇਲਾਕਿਆਂ, ਕੌਮੀਅਤਾਂ ਤੇ ਰੰਗਾਂ ਦੇ ਲੋਕ ਸ਼ਾਮਲ ਹਨ, ਗੁਲਾਮਾਂ ਵਰਗੀ ਜ਼ਿੰਦਗੀ ਬਸਰ ਕਰਨ ਲਈ ਮਜ਼ਬੂਰ ਹੋਣ। ਮੋਦੀ ਸਰਕਾਰ ਦੀਆਂ ਸਮੁੱਚੀਆਂ ਅਸਫਲਤਾਵਾਂ ਤੇ ਪਰਵਾਸੀ ਮਜ਼ਦੂਰਾਂ ਦੀ ਤ੍ਰਾਸਦੀ ਲਈ ਜ਼ਿੰਮੇਵਾਰੀ ਦਾ ਅਹਿਸਾਸ ਕਰਕੇ ਮਾਸਟਰ ਜੀ ਜੇਕਰ ਸੰਘ ਪਰਿਵਾਰ ਦੀਆਂ ਸਾਰੀਆਂ ਸੰਸਥਾਵਾਂ ਤੋਂ ਅਸਤੀਫ਼ਾ ਦੇ ਕੇ ਪੀੜਤ ਲੋਕਾਂ ਦੀਆਂ ਸਫ਼ਾਂ ’ਚ ਸ਼ਾਮਲ ਹੋ ਜਾਂਦੇ, ਜਿੱਥੇ ਉਨ੍ਹਾਂ ਨੂੰ ਵੱਡੀ ਗਿਣਤੀ ’ਚ ਕਮਿਊਨਿਸਟ ਆਗੂ ਭੁੱਖ ਨਾਲ ਜੂਝ ਰਹੇ ਲੋਕਾਂ ਦੀ ਬਾਂਹ ਫੜੀ ਨਜ਼ਰੀ ਪੈਂਦੇ, ਤਦ ਸਾਨੂੰ ਸਮਝ ਆਉਂਦੀ ਕਿ ਮਾਸਟਰ ਮੋਹਨ ਲਾਲ ਜੀ ਨੂੰ ਕਿਸੇ ਪਾਰਟੀ ਅਹੁਦੇ ਜਾਂ ਵਜ਼ੀਰੀ ਪ੍ਰਾਪਤ ਕਰਨ ਦੀ ਖਾਹਿਸ਼ ਨਾਲੋਂ ਲੋਕ ਹਿਤ ਜ਼ਿਆਦਾ ਪਿਆਰੇ ਹਨ। ਮੈਂ ਮਾਸਟਰ ਮੋਹਨ ਲਾਲ ਜੀ ਦਾ ਰਿਣੀ ਹਾਂ ਕਿ ਉਨ੍ਹਾਂ ਨੇ ਕਮਿਊਨਿਸਟਾਂ ਨੂੰ ਮਜ਼ਦੂਰ ਜਮਾਤ ਦੇ ਸਭ ਤੋਂ ਵਫ਼ਾਦਾਰ ਸਾਥੀ ਹੋਣ ਦੇ ਨਾਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਹੋਰ ਜ਼ਿਆਦਾ ਅਸਰਦਾਇਕ ਢੰਗ ਨਾਲ ਨਾ ਨਿਭਾਉਣ ਲਈ ਕੋਸਿਆ ਹੈ। ਅਸੀਂ ਇਨ੍ਹਾਂ ਘਾਟਾਂ ਉਪਰ ਧਿਆਨ ਦੇ ਕੇ ਉਨ੍ਹਾਂ ਨੂੰ ਦੂਰ ਕਰਨ ਦਾ ਯਤਨ ਕਰਨਗੇ। ਪ੍ਰੰਤੂ ਕਮਿਊਨਿਸਟ ਭਵਿੱਖ ਬਾਰੇ ਕਾਲੀ ਤਸਵੀਰ ਪੇਸ਼ ਕਰਨ ਦੇ ਫਾਰਮੂਲੇ ਨਾਲ ਅਸੀਂ ਅਸਹਿਮਤੀ ਦਾ ਪ੍ਰਗਟਾਵਾ ਕਰਦੇ ਹਾਂ। ਕਰੋਨਾ ਮਹਾਂਮਾਰੀ ਦੇ ਭਿਆਨਕ ਦੌਰ ਤੋਂ ਬਾਅਦ ਭਾਰਤ ਸਮੇਤ ਸਮੁੱਚਾ ਸੰਸਾਰ ਵੱਡੀ ਆਰਥਿਕ ਮੰਦੀ ਦਾ ਸ਼ਿਕਾਰ ਹੋਣ ਵਾਲਾ ਹੈ ਤੇ ਉਸ ਸਥਿਤੀ ’ਚ ਕਿਸੇ ਵੀ ਪੂੰਜੀਵਾਦੀ ਸਰਕਾਰ,  ਸਮੇਤ ਮੋਦੀ ਸਰਕਾਰ ਨੇ ਕੰਮ ਤੇ ਰੋਟੀ ਲਈ ਤਰਸਦੇ ਮਜ਼ਦੂਰਾਂ ਦੀ ਝੋਲੀ ਕੁਝ ਨਹੀਂ ਪਾਉਣਾ। ਉਲਟਾ ਉਨ੍ਹਾਂ ਉਪਰ ਹੋਰ ਆਰਥਿਕ ਤੇ ਮਾਨਸਿਕ  ਬੋਝ ਪਾ ਕੇ ਧਨਵਾਨ ਲੋਕਾਂ ਦੇ ਮੁਨਾਫ਼ਿਆਂ ’ਚ ਵਾਧੇ ਕਰਨ ਦੀ ਨੀਤੀ ’ਤੇ ਹੀ ਚੱਲਣਾ ਹੈ, ਜਿਨ੍ਹਾਂ ਦੇ ਧਨ ਤੇ ਪ੍ਰਚਾਰ ਦੇ ਜ਼ੋਰ ਨਾਲ ਨਰਿੰਦਰ ਮੋਦੀ ਜੀ ਸੱਤਾ ’ਤੇ ਬਿਰਾਜਮਾਨ ਹੋਏ ਹਨ। ਇਸ ਮੁਸ਼ਕਿਲ ਸਮੇਂ ਕਮਿਊਨਿਸਟਾਂ ਨੇ ਆਪਣੀ ਜ਼ਿੰਦਗੀ ਦੀ ਬਾਜ਼ੀ ਲਾ ਕੇ ਕਿਰਤੀ ਲੋਕਾਂ ਦੇ ਹੱਕਾਂ ਦੀ ਰਾਖੀ ਹੀ ਨਹੀਂ ਕਰਨੀ, ਬਲਕਿ ਪੂੰਜੀਵਾਦ ਦਾ ਖਾਤਮਾ ਕਰਕੇ ਸਾਂਝੀਵਾਲਤਾ ਅਧਾਰਤ ਰਾਜਸੀ ਤੇ ਆਰਥਿਕ ਢਾਂਚਾ ਕਾਇਮ ਕਰਨ ਲਈ ਜੂਝਣਾ ਹੈ। ਫਿਰ ਦੇਖਾਂਗੇ ਕਿ ਮੋਹਨ ਲਾਲ ਜੀ ਕਿਸ ਧਿਰ ਨਾਲ ਖੜ੍ਹਦੇ ਹਨ, ਮੋਦੀ ਸਰਕਾਰ ਨਾਲ ਜਾਂ ਅੰਤਰਰਾਜੀ ਮਜ਼ਦੂਰਾਂ ਸਮੇਤ ਸਮੁੱਚੀ ਮਜ਼ਦੂਰ ਜਮਾਤ ਨਾਲ ?  ਉਂਝ ਜੇ ਮਾਸਟਰ ਜੀ ਦੇ ਦਿਲ ’ਚ ਮਜ਼ਦੂਰਾਂ ਲਈ ਵਾਕਈ ਸੱਚੀ ਹਮਦਰਦੀ ਹੁੰਦੀ ਤਾਂ ਉਹ ਸਭ ਤੋਂ ਪਹਿਲਾਂ ਆਪਣੇ ‘‘ਸ਼ਾਖ਼ਾਈ ਸਖਾ’’ ਬਲਵੀਰ ਪੁੰਜ ਨੂੰ ਜ਼ਰੂਰ ਫਿਰਕਾਰਾਂ ਪਾਉਂਦੇ ਜਿਸ ਨੇ ਇਹ ਬਿਆਨ ਦਿੱਤਾ ਸੀ ਕਿ ਅੰਤਰਰਾਜ਼ੀ ਮਜ਼ਦੂਰ ਭੁੱਖ ਦੇ ਸਤਾਏ ਨਹੀਂ ਬਲਕਿ ਮੌਜ ਮੇਲਾ ਕਰਨ ਲਈ ਘਰਾਂ ਨੂੰ ਜਾ ਰਹੇ ਹਨ।  ਇਕ ਹੋਰ ਸਨਸਨੀਖੇਜ਼ ਸਿੱਟਾ ਕੱਢਿਆ ਹੈ ਮਿੱਤਰ ਮੋਹਨ ਲਾਲ ਜੀ ਨੇ। ਉਨ੍ਹਾਂ ਅਨੁਸਾਰ ਕਿਤੇ ਕਮਿਊਨਿਸਟ ਧਿਰਾਂ ਦਾ ਅੰਤਰਰਾਜੀ ਮਜ਼ਦੂਰਾਂ ਲਈ ‘ਹਾਅ ਦਾ ਨਾਅਰਾ’ ਨਾ ਮਾਰਨ ਤੇ ਉਨ੍ਹਾਂ ਨੂੰ ਇਕਜੁਟ ਕਰਕੇ ਸੰਘਰਸ਼ ਨਾ ਕਰਨ ਪਿੱਛੇ ‘ਸਾਮੰਤੀ ਸਰਕਾਰ’ ਬਨਾਮ ਮੋਦੀ ਸਰਕਾਰ (ਜਗੀਰੂ ਪਿਛਾਖੜੀ ਸਰਕਾਰ) ਨੂੰ ਬਦਨਾਮ ਕਰਨ ਦਾ ਛੁਪਿਆ ਹੋਇਆ ਏਜੰਡਾ ਤਾਂ ਨਹੀਂ ਹੈ? ਸਪੱਸ਼ਟ ਹੋ ਜਾਵੇ ਇਹ ਏਜੰਡਾ ਛੁਪਿਆ ਹੋਇਆ ਨਹੀਂ, ਸਗੋਂ ਜਗਜਾਹਰ ਹੈ ਜੋ ਦੇਸ਼ ਦੇ ਹਰ ਵਿਅਕਤੀ ਕੋਲ ਪੁੱਜਣਾ ਚਾਹੀਦਾ ਹੈ ਕਿ ‘‘ਮੋਦੀ ਸਰਕਾਰ ਪੂਰੀ ਤਰ੍ਹਾਂ ਮਜ਼ਦੂਰ ਵਿਰੋਧੀ ਹੈ ਤੇ ਪ੍ਰਵਾਸੀ ਕਾਮਿਆਂ ਨੂੰ ਦਰਪੇਸ਼ ਮੁਸ਼ਕਲਾਂ ਲਈ ਦੋਸ਼ੀ ਹੈ ਤੇ ਇਸੇ ਤਰ੍ਹਾਂ ਉਹ ਫਿਰਕੂ ਲੀਹਾਂ ’ਤੇ ਕੰਮ ਕਰ ਰਹੀ ਹੈ।’’ ਤਾਂ ਕਿ ਉਹ ਮੋਦੀ ਸਰਕਾਰ ਵਲੋਂ ਫਾਸ਼ੀਵਾਦੀ ਨਿਜ਼ਾਮ ਸਥਾਪਤ ਕਰਨ ਦੀਆਂ ਚਾਲਾਂ ਨੂੰ ਸਮਝ ਸਕਣ।  ਖਾਲਿਸਤਾਨੀ ਦਹਿਸ਼ਤਗਰਦੀ ਦਾ ਵਿਰੋਧ ਕਰਨ ਬਦਲੇ ਜਾਨਾਂ ਕੁਰਬਾਨ ਕਰਨ ਪਿੱਛੇ ਵੀ ਕਮਿਊਨਿਸਟਾਂ ਦਾ ‘ਹਿਡਨ ਏਜੰਡਾ’ ਕਿਹਾ ਜਾ ਸਕਦਾ ਹੈ ਜੋ ਸਭ ਫਿਰਕੂ ਪਾਰਟੀਆਂ ਸਮੇਤ ਭਾਜਪਾ ਤੇ ਸੰਘ ਦੇ, ਧਰਮ ਤੇ ਰਾਜਨੀਤੀ ਨੂੰ ਰੱਲਗੱਡ ਕਰਨ ਦੀ ਖਤਰਨਾਕ ਖੇਡ ਨੂੰ ਫੇਲ੍ਹ ਕਰਨ ਵੱਲ ਸੇਧਤ ਸੀ। ਅੰਤ ਵਿਚ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਕਮਿਊਨਿਸਟਾਂ ਦਾ ਕਦੀ ਕੋਈ ‘ਹਿਡਨ ਏਜੰਡਾ’ ਨਹੀਂ ਹੁੰਦਾ। ਅਸੀਂ ਡੰਕੇ ਦੀ ਚੋਟ ’ਤੇ ਐਲਾਨ ਕਰਦੇ ਹਾਂ ਕਿ ਸਾਡਾ ਮੰਤਵ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਨਾ ਹੈ, ਤੇ ਸਭ ਲੋਕਾਂ ਨੂੰ ਬਰਾਬਰਤਾ ਤੇ ਆਜ਼ਾਦੀ ਨਾਲ ਜਿਊਣ ਦਾ ਅਧਿਕਾਰ ਦੇਣਾ ਹੈ। ‘‘ਹਰ ਵਿਅਕਤੀ ਨੂੰ ਆਪਣੀ ਮਰਜ਼ੀ ਨਾਲ ਕਿਸੇ ਵੀ ਧਰਮ ਨੂੰ ਮੰਨਣ ਦੀ ਪੂਰਨ ਆਜ਼ਾਦੀ ਦੇ ਅਲੰਬਰਦਾਰ ਹੋਣ ਦੇ ਨਾਲ-ਨਾਲ ਧਰਮ ਤੇ ਰਾਜਨੀਤੀ ਨੂੰ ਰਲਗੱਡ ਕਰਨ ਤੇ ਦੂਸਰੇ ਧਰਮਾਂ ਵਿਰੁੱਧ ਨਫਰਤ ਪੈਦਾ ਕਰਨ ਦੇ ਕਮਿਊਨਿਸਟ ਸਖਤ ਵਿਰੋਧੀ ਹਨ।’’ ਤੇ ਪੂੰਜੀਵਾਦ ਦਾ ਖਾਤਮਾ ਤੇ ਸਾਂਝੀਵਾਲਤਾ ਵਾਲਾ ਰਾਜ ਸਥਾਪਤ ਕਰਨਾ ਸਾਡੀ ਮੰਜ਼ਿਲ ਹੈ, ਜਿਸ ’ਤੇ ਜੇਕਰ ਅਸੀਂ ਜਿਊਂਦੇ ਰਹਿੰਦੇ ਨਾ ਵੀ ਪੁੱਜ ਸਕੇ ਤਾਂ ਵੀ ਕੋਈ ਮਲਾਲ ਨਹੀਂ! ਜਦੋਂ ਮਰੇ ਤਾਂ ਇਸ ਆਸ ਨਾਲ ਮਰਾਂਗੇ ਕਿ 

    ‘‘ਸੱਚ ਦੇ ਸੰਗਰਾਮ ਨੇ ਕਦੀ ਹਰਨਾ ਨਹੀਂ,

    ਝੂਠ ਦਾ ਬੇੜਾ ਕਦੀ ਤਰਨਾ ਨਹੀਂ।’’

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!