ਨਕੋਦਰ (ਪੰਜ ਦਰਿਆ ਬਿਊਰੋ)
ਭਾਵੇਂ ਕਿ ਪ੍ਰਸ਼ਾਸਨ ਨੇ ਲਾਕਡਾਊਨ ਵਿਚ ਖੁੱਲ੍ਹ ਦਿੰਦੇ ਹੋਏ 8 ਜੂਨ ਤੋਂ ਧਾਰਮਿਕ ਸਥਾਨਾਂ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਕੁੱਝ ਸ਼ਰਤਾਂ ਅਧੀਨ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਇਸ ਮਹਾਮਾਰੀ ਤੋਂ ਇਤਿਆਤ ਵਰਤਦੇ ਹੋਏ ਕਈ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਨੇ ਅਗਲੇ ਫੈਸਲਿਆਂ ਤਕ ਸੰਗਤਾਂ ਲਈ ਕੇਵਲ ਲਾਈਵ ਦਰਸ਼ਨ ਹੀ ਕਰਵਾਉਣ ਦਾ ਫੈਸਲਾ ਕੀਤਾ ਹੈ। ਦਰਬਾਰ ਬਾਬਾ ਮੁਰਾਦ ਸ਼ਾਹ ਜੀ ਦੇ ਮੁੱਖ ਸੇਵਾਦਾਰ ਕਮਲ ਰਿਹਾਨ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ -19 ਦੀ ਮਹਾਮਾਰੀ ਅਤੇ ਸੰਗਤ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਡੇਰਾ ਬਾਬਾ ਮੁਰਾਦ ਸ਼ਾਹ ਜੀ ਟਰੱਸਟ ਨਕੋਦਰ ਵਲੋਂ ਫਿਲਹਾਲ ਦਰਬਾਰ ਦੇ ਕਪਾਟ ਬੰਦ ਰੱਖਣ ਦਾ ਫੈਂਸਲਾ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਦਾ ਪ੍ਰਕੋਪ ਸਾਰੇ ਪਾਸੇ ਫੈਲਿਆ ਹੋਇਆ ਹੈ। ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ’ਚ ਬੈਠ ਕੇ ਹੀ ਸਾਈਂ ਜੀ ਦੇ ਅੱਗੇ ਅਰਦਾਸ ਬੇਨਤੀ ਕਰਨ। ਲਾਈਵ ਦਰਸ਼ਨ ਬਾਰੇ ਜਾਣਕਾਰੀ ਦਿੰਦੇ ਹੋਏ ਕਮਲ ਰਿਹਾਨ ਨੇ ਦੱਸਿਆ ਕਿ ਰੋਜ਼ਾਨਾ ਸਵੇਰੇ 7 ਤੋਂ 9 ਅਤੇ ਸ਼ਾਮ ਨੂੰ 5.30 ਤੋਂ 7.30 ਸੋਸ਼ਲ ਮੀਡੀਆ ਰਾਹੀਂ ਸਿੱਧੇ ਦਰਸ਼ਨ ਕੀਤੇ ਜਾ ਸਕਦੇ ਹਨ।